''''ਤਾਂ ਪੂਰਾ ਦੇਸ਼ ਹੋ ਜਾਏਗਾ ਤਬਾਹ..!'''', ਟਰੰਪ-ਜ਼ੇਲੈਂਸਕੀ ਦੀ ਮੁਲਾਕਾਤ ਦੌਰਾਨ ਭਖ਼ ਗਿਆ ਮਾਹੌਲ
Monday, Oct 20, 2025 - 09:37 AM (IST)

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵਿਚਾਲੇ ਹਾਲ ਹੀ ਵਿੱਚ ਵ੍ਹਾਈਟ ਹਾਊਸ ਵਿੱਚ ਹੋਈ ਮੁਲਾਕਾਤ ਦੌਰਾਨ ਮਾਹੌਲ ਬਹੁਤ ਜ਼ਿਆਦਾ ਤਣਾਅਪੂਰਨ ਰਿਹਾ। ਚਰਚਾ ਦੌਰਾਨ ਟਰੰਪ ਨੇ ਜ਼ੇਲੇਂਸਕੀ 'ਤੇ ਰੂਸ ਦੀਆਂ ਮੰਗਾਂ ਮੰਨਣ ਲਈ ਦਬਾਅ ਪਾਇਆ, ਜਿਸ ਕਾਰਨ ਦੋਵਾਂ ਵਿਚਾਲੇ ਤਿੱਖੀ ਬਹਿਸ ਹੋ ਗਈ। ਟਰੰਪ ਦਾ ਗੁੱਸਾ ਇੰਨਾ ਭੜਕ ਗਿਆ ਕਿ ਉਨ੍ਹਾਂ ਨੇ ਗੱਲਬਾਤ ਦੌਰਾਨ ਯੂਕ੍ਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਅੱਗੇ ਕਾਗਜ਼ ਤੱਕ ਸੁੱਟ ਦਿੱਤੇ।
ਟਰੰਪ ਦੀ ਸਲਾਹ ਅਤੇ ਜ਼ੇਲੇਂਸਕੀ ਦਾ ਇਨਕਾਰ
ਜਾਣਕਾਰੀ ਮੁਤਾਬਕ ਟਰੰਪ ਨੇ ਜ਼ੇਲੇਂਸਕੀ ਨੂੰ ਰੂਸ ਦੀਆਂ ਸ਼ਰਤਾਂ ਕਬੂਲ ਕਰਨ ਦੀ ਸਲਾਹ ਦਿੱਤੀ ਅਤੇ ਇਹ ਚਿਤਾਵਨੀ ਦਿੱਤੀ ਕਿ ਜੇ ਯੂਕ੍ਰੇਨ ਨੇ ਇਹ ਸ਼ਰਤਾਂ ਨਾ ਮੰਨੀਆਂ ਤਾਂ ਪੁਤਿਨ ਉਨ੍ਹਾਂ ਦੇ ਦੇਸ਼ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਗੇ। ਟਰੰਪ ਦਾ ਮੰਨਣਾ ਸੀ ਕਿ ਯੂਕ੍ਰੇਨ ਜੰਗ ਵਿੱਚ ਪਛੜ ਰਿਹਾ ਹੈ ਅਤੇ ਜੇ ਇਹ ਰਸਤਾ ਨਾ ਅਪਣਾਇਆ ਗਿਆ ਤਾਂ ਬਚਿਆ ਹੋਇਆ ਯੂਕ੍ਰੇਨ ਵੀ ਖ਼ਤਮ ਹੋ ਜਾਵੇਗਾ।
ਇਹ ਵੀ ਪੜ੍ਹੋ- ਅਮਰੀਕੀ ਫ਼ੌਜ ਦੀ ਸਮੁੰਦਰ ਵਿਚਾਲੇ ਵੱਡੀ ਕਾਰਵਾਈ ! ਟਰੰਪ ਦੇ ਇਸ਼ਾਰੇ 'ਤੇ ਉਡਾ'ਤੀ ਪਣਡੁੱਬੀ
ਟਰੰਪ ਦੀ ਮੁੱਖ ਮੰਗ ਸੀ ਕਿ ਯੂਕ੍ਰੇਨ ਨੂੰ ਡੋਨਬਾਸ ਖੇਤਰ ਰੂਸ ਨੂੰ ਸੌਂਪ ਦੇਣਾ ਚਾਹੀਦਾ ਹੈ। ਹਾਲਾਂਕਿ ਜ਼ੇਲੇਂਸਕੀ ਨੇ ਰੂਸ ਦੀਆਂ ਮੰਗਾਂ ਨੂੰ ਠੁਕਰਾ ਦਿੱਤਾ, ਖਾਸ ਤੌਰ 'ਤੇ ਯੂਕ੍ਰੇਨ ਦੇ ਨਕਸ਼ੇ ਬਾਰੇ ਜੋ ਰੂਸ ਨੇ ਆਪਣੀਆਂ ਸ਼ਰਤਾਂ ਅਨੁਸਾਰ ਤਿਆਰ ਕਰਵਾਇਆ ਸੀ। ਜ਼ੇਲੇਂਸਕੀ ਨੇ ਡੋਨਬਾਸ ਸੌਂਪਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਰੂਸ ਦੇ ਖਿਲਾਫ ਲੜਾਈ ਜਾਰੀ ਰੱਖਣਗੇ।
ਜ਼ੇਲੇਂਸਕੀ ਨੇ ਇਸ ਗੱਲ 'ਤੇ ਵੀ ਨਿਰਾਸ਼ਾ ਜ਼ਾਹਰ ਕੀਤੀ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਅਮਰੀਕਾ ਯੂਕ੍ਰੇਨ ਨੂੰ ਫੌਜੀ ਸਹਾਇਤਾ ਦੇਵੇਗਾ, ਪਰ ਟਰੰਪ ਰੂਸ ਦੇ ਪੱਖ ਵਿੱਚ ਸ਼ਰਤਾਂ ਮੰਨਣ ਦੀ ਗੱਲ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀਆਂ ਨੀਤੀਆਂ 'ਤੇ ਸਵਾਲ ਉੱਠਣ ਲੱਗੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਟਰੰਪ ਨੇ ਜਨਤਕ ਤੌਰ 'ਤੇ ਜ਼ੇਲੇਂਸਕੀ 'ਤੇ ਅਮਰੀਕਾ ਦੀ ਮਦਦ ਲਈ ਧੰਨਵਾਦ ਨਾ ਕਰਨ ਦਾ ਦੋਸ਼ ਲਗਾਇਆ ਸੀ।
ਆਲਮੀ ਪੱਧਰ 'ਤੇ ਪ੍ਰਤੀਕਿਰਿਆ
ਇਸ ਮੁਲਾਕਾਤ ਤੋਂ ਬਾਅਦ ਜ਼ੇਲੇਂਸਕੀ ਨੇ ਅਮਰੀਕਾ, ਯੂਰਪ ਅਤੇ ਜੀ-7 ਦੇਸ਼ਾਂ ਨੂੰ ਰੂਸ ਦੇ ਖਿਲਾਫ ਨਿਰਣਾਇਕ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਟਰੰਪ ਦੇ ਇਸ ਨੀਤੀਗਤ ਰੁਖ ਨਾਲ ਯੂਕ੍ਰੇਨ ਜੰਗ ਦੇ ਹੱਲ ਲਈ ਆਲਮੀ ਪੱਧਰ 'ਤੇ ਹੋਰ ਜਟਿਲਤਾ ਵਧਦੀ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ- ਇਕ ਮਹੀਨੇ 'ਚ ਡਿੱਗ ਜਾਏਗੀ ਪਾਕਿਸਤਾਨ ਦੀ ਸਰਕਾਰ ! ਮਿਲਿਆ 1 ਮਹੀਨੇ ਦਾ ਅਲਟੀਮੇਟਮ