''ਇਲੈਕਟੋਰਲ ਕਾਲਜ'' ਦੇ ਬਾਈੇਡੇਨ ਨੂੰ ਜੇਤੂ ਐਲਾਨ ਕਰਨ ਤੋਂ ਬਾਅਦ ਹੀ ''ਵ੍ਹਾਈਟ ਹਾਊਸ ਛੱਡਾਂਗਾ'' : ਟਰੰਪ
Friday, Nov 27, 2020 - 09:13 PM (IST)
ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ 'ਇਲੈਕਟੋਰਲ ਕਾਲਜ' ਦੇ 3 ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਜੋ ਬਾਈਡੇਨ (ਡੈਮੋਕ੍ਰੇਟਿਕ ਉਮੀਦਵਾਰ) ਨੂੰ ਜੇਤੂ ਐਲਾਨ ਕਰਨ 'ਤੇ ਹੀ ਵ੍ਹਾਈਟ ਹਾਊਸ ਛੱਡਣਗੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵਾਰ ਫਿਰ ਚੋਣਾਂ ਵਿਚ ਧੋਖਾਦੇਹੀ ਦੇ ਆਪਣੇ ਬੇਬੁਨਿਆਦ ਦਾਅਵੇ ਦੁਹਰਾਏ।
ਟਰੰਪ ਨੇ 'ਥੈਂਕਸਗੀਵਿੰਗ ਡੇ' 'ਤੇ ਆਪਣੇ ਭਾਸ਼ਣ ਵਿਚ ਇਹ ਵੀ ਕਿਹਾ ਕਿ ਜੇਕਰ ਬਾਈਡੇਨ ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ ਇਹ 'ਇਲੈਕਟੋਰਲ ਕਾਲਜ' ਦੀ ਇਕ ਵੱਡੀ ਗਲਤੀ ਹੋਵੇਗੀ। ਟਰੰਪ ਤੋਂ ਵ੍ਹਾਈਟ ਹਾਊਸ ਦੇ ਪੱਤਰਕਾਰਾਂ ਨੇ ਪੁੱਛਿਆ ਸੀ ਕਿ 'ਇਲੈਕਟੋਰਲ ਕਾਲਜ' ਦੇ ਬਾਈਡੇਨ ਨੂੰ ਜੇਤੂ ਐਲਾਨ ਕਰਨ 'ਤੇ ਉਹ ਕੀ ਕਰਨਗੇ, ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ, ''ਇਸ ਨੂੰ ਸਵੀਕਾਰ ਕਰਨਾ ਬੇਹੱਦ ਮੁਸ਼ਕਿਲ ਹੋਵੇਗਾ।''
''ਵ੍ਹਾਈਟ ਹਾਊਸ ਛੱਡਣ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ, 'ਨਿਸ਼ਚਤ ਤੌਰ 'ਤੇ, ਮੈਂ ਛੱਡਾਂਗਾ ਅਤੇ ਇਹ ਤੁਹਾਨੂੰ ਵੀ ਪਤਾ ਹੈ।'' ਵ੍ਹਾਈਟ ਹਾਊਸ ਵਿਚ ਆਪਣੇ ਆਖਰੀ 'ਥੈਂਕਸਗੀਵਿੰਗ' ਦੀਆਂ ਯੋਜਨਾਵਾਂ ਦੇ ਬਾਰੇ ਵਿਚ ਪੁੱਛਣ 'ਤੇ ਉਨ੍ਹਾਂ ਕਿਹਾ, ''ਤੁਸੀਂ ਨਹੀਂ ਦੱਸ ਸਕਦੇ ਕਿ ਕਿਹੜਾ ਪਹਿਲਾ ਹੈ, ਕਿਹੜਾ ਆਖਰੀ। ਇਹ ਦੂਜੇ ਕਾਰਜਕਾਲ ਦਾ ਪਹਿਲਾ (ਥੈਂਕਸਗੀਵਿੰਗ) ਵੀ ਹੋ ਸਕਦਾ ਹੈ।''
ਨਾਲ ਹੀ ਟਰੰਪ ਨੇ ਜਾਰਜੀਆ ਵਿਚ 2 ਸੈਨੇਟ ਸੀਟ ਲਈ ਹੋਣ ਵਾਲੀਆਂ ਉਪ-ਚੋਣਾਂ ਲਈ ਰੈਲੀ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਉਹ ਜਾਰਜੀਆ ਵਿਚ ਰਿਪਬਲਿਕਨ ਉਮੀਦਵਾਰ ਸੈਨੇਟਰ ਡੇਵਿਡ ਪੇਡ੍ਰਿਯੁ ਅਤੇ ਸੈਨੇਟਰ ਕੇਲੀ ਲੋਫਲ ਲਈ ਆਪਣੇ ਹਜ਼ਾਰਾਂ ਸਮਰਥਕਾਂ ਦੇ ਨਾਲ ਸ਼ਨੀਵਾਰ ਨੂੰ ਰੈਲੀ ਕਰਨਗੇ। ਇਥੇ 5 ਜਨਵਰੀ ਨੂੰ ਹੋਣ ਵਾਲੀਆਂ ਉਪ-ਚੋਣਾਂ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਜਾਰਜੀਆ ਕਿਸ ਪਾਰਟੀ ਦੇ ਹਿੱਸੇ ਵਿਚ ਜਾਂਦਾ ਹੈ।