ਟਰੰਪ ਨੇ ਸਰਹੱਦ ਸੁਰੱਖਿਅਤ ਕਰਨ ਲਈ ਚੁੱਕੀ ਸਹੁੰ, ਕਿਹਾ ਹੁਨਰਮੰਦ ਲੋਕ ਹੀ ਅਮਰੀਕਾ ਆਉਣ

Saturday, Jun 23, 2018 - 10:09 AM (IST)

ਟਰੰਪ ਨੇ ਸਰਹੱਦ ਸੁਰੱਖਿਅਤ ਕਰਨ ਲਈ ਚੁੱਕੀ ਸਹੁੰ, ਕਿਹਾ ਹੁਨਰਮੰਦ ਲੋਕ ਹੀ ਅਮਰੀਕਾ ਆਉਣ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੀ ਕੌਮਾਂਤਰੀ ਸਰਹੱਦ ਨੂੰ ਸੁਰੱਖਿਅਤ ਰੱਖਣ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਦੇ ਪ੍ਰਵੇਸ਼ ਨੂੰ ਰੋਕਣ ਦੀ ਸਹੁੰ ਚੁੱਕਦੇ ਹੋਏ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਿਰਫ ਹੁਨਰਮੰਦ ਲੋਕ ਹੀ ਦੇਸ਼ ਵਿਚ ਆਉਣ। ਟਰੰਪ ਨੇ ਸਖਤ ਆਲੋਚਨਾਵਾਂ ਦੌਰਾਨ ਇਸ ਹਫਤੇ ਦੀ ਸ਼ੁਰੂਆਤ ਵਿਚ ਪ੍ਰਵਾਸੀ ਪਰਿਵਾਰਾਂ ਨੂੰ ਬੱਚਿਆਂ ਤੋਂ ਵੱਖ ਕਰਨ ਦੀ ਵਿਵਾਦਮਈ ਨੀਤੀ ਨੂੰ ਵਾਪਸ ਲੈ ਲਿਆ। ਟਰੰਪ ਨੇ ਦੇਸ਼ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਵਾਲਿਆਂ ਵੱਲੋਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਵ੍ਹਾਈਟ ਹਾਊਸ ਵਿਚ ਕੱਲ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਪਹਿਲਾ ਫਰਜ਼ ਅਤੇ ਵੱਡੀ ਵਫਾਦਾਰੀ ਅਮਰੀਕਾ ਦੇ ਲੋਕਾਂ ਪ੍ਰਤੀ ਹੈ। ਇੱਥੋਂ ਦੇ ਨਾਗਰਿਕਾਂ ਦੀ ਦੇਸ਼ ਵਿਚ ਅਤੇ ਸਰਹੱਦ 'ਤੇ ਸੁਰੱਖਿਆ ਯਕੀਨੀ ਕਰਨ ਵਿਚ ਹੈ।
'ਏਂਜਲ ਫੈਮਿਲੀ' ਦੇ ਨਾਂ ਤੋਂ ਪਛਾਣੇ ਜਾਣ ਵਾਲੇ ਇਨ੍ਹਾਂ ਪਰਿਵਾਰਾਂ ਨੂੰ ਟਰੰਪ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਦੇਸ਼ ਵਿਚ ਹੁਨਰਮੰਦ ਲੋਕ ਆਉਣ ਨਾ ਕਿ ਅਜਿਹੇ ਲੋਕ ਜਿਨ੍ਹਾਂ ਨੂੰ ਹੋਰ ਦੇਸ਼ ਕੂੜੇ ਦੇ ਡੱਬੇ ਵਿਚ ਪਾ ਦਿੰਦੇ ਹਨ ਅਤੇ ਇੱਥੇ ਭੇਜਦੇ ਰਹਿੰਦੇ ਹਨ। ਉਨ੍ਹਾਂ ਕਿਹਾ, 'ਤੁਸੀਂ ਸੋਚਦੇ ਹੋ ਕਿ ਉਹ ਆਪਣੇ ਇੱਥੇ ਚੰਗੇ ਲੋਕਾਂ ਨੂੰ ਰੱਖਣ ਜਾ ਰਹੇ ਹਨ? ਉਹ ਚੰਗੇ ਲੋਕਾਂ ਨੂੰ ਨਹੀਂ, ਸਗੋਂ ਖਰਾਬ ਲੋਕਾਂ ਨੂੰ ਰੱਖਣ ਜਾ ਰਹੇ ਹਨ ਅਤੇ ਜਦੋਂ ਉਹ ਅਪਰਾਧ ਕਰਦੇ ਹਨ ਤਾਂ ਅਸੀਂ ਹੈਰਾਨ ਹੁੰਦੇ ਹਾਂ। ਅਸੀਂ ਉਦੋਂ ਤੱਕ ਚੈਨ ਨਾਲ ਨਹੀਂ ਰਹਾਂਗੇ, ਜਦੋਂ ਤੱਕ ਸਾਡੀ ਸਰਹੱਦ ਸੁਰੱਖਿਅਤ ਨਹੀਂ ਹੋ ਜਾਂਦੀ। ਅਸੀਂ ਆਖਰੀ ਰੂਪ ਨਾਲ ਇਮੀਗ੍ਰੇਸ਼ਨ ਸੰਕਟ ਨੂੰ ਸਾਰਿਆਂ ਲਈ ਇਕ ਵਾਰ ਵਿਚ ਹੀ ਖਤਮ ਕਰਾਂਗੇ।' ਟਰੰਪ ਨੇ ਕਿਹਾ ਅਮਰੀਕਾ ਚਾਹੁੰਦਾ ਹੈ ਕਿ ਲੋਕ ਇਸ ਦੇਸ਼ ਵਿਚ ਅਉਣ ਪਰ ਕਾਨੂੰਨੀ ਤਰੀਕੇ ਨਾਲ।


Related News