ਟਰੰਪ ਨੇ ਮੈਨੂੰ ਈਰਾਨ ਬਾਰੇ ਵਿਚੋਲਗੀ ਕਰਨ ਲਈ ਕਿਹੈ : ਇਮਰਾਨ

09/25/2019 7:30:31 PM

ਸੰਯੁਕਤ ਰਾਸ਼ਟਰ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਖਿਚਾਅ ਘੱਟ ਕਰਨ ਲਈ ਮੈਨੂੰ ਵਿਚੋਲਗੀ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਟਰੰਪ ਨੇ ਖਾਨ ਦੇ ਬਿਆਨ ਤੋਂ ਉਲਟ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਵਿਚੋਲਗੀ ਲਈ ਖੁਦ ਮੇਰੇ ਨਾਲ ਸੰਪਰਕ ਕੀਤਾ ਸੀ।

ਇਮਰਾਨ ਨੇ ਨਿਊਯਾਰਕ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟਰੰਪ ਨੇ ਮੈਨੂੰ ਪੁੱਛਿਆ ਸੀ ਕਿ ਅਸੀਂ ਖਿਚਾਅ ਘੱਟ ਕਰਨ ਲਈ ਕੀ ਕਰ ਸਕਦੇ ਹਾਂ। ਮੈਂ ਕਿਹਾ ਸੀ ਕਿ ਅਸੀਂ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਟਰੰਪ ਨਾਲ ਬੈਠਕ ਪਿੱਛੋਂ ਈਰਾਨ ਦੇ ਰਾਸ਼ਟਰਪਤੀ ਰੁਹਾਨੀ ਨਾਲ ਗੱਲਬਾਤ ਕੀਤੀ। ਅਜੇ ਇਸ ਸਬੰਧੀ ਵਧੇਰੇ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਅਸੀਂ ਵਿਚੋਲਗੀ ਦੀ ਕੋਸ਼ਿਸ਼ ਕਰ ਰਹੇ ਹਾਂ।

ਟਰੰਪ ਨੇ ਮੀਡੀਆ ਨੂੰ ਕਿਹਾ ਕਿ ਮੈਂ ਵਿਚੋਲਗੀ ਕਰਨੀ ਚਾਹੁੰਦਾ ਹਾਂ ਪਰ ਅਜੇ ਤੱਕ ਇਸ ਬਾਰੇ ਕੋਈ ਸਹਿਮਤੀ ਨਹੀਂ ਬਣੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਨ ਵੀ ਇਸ ਬਾਰੇ ਗੱਲਬਾਤ ਕਰ ਰਹੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੀ ਸਾਡੇ ਨਾਲ ਗੱਲਬਾਤ ਕਰ ਰਹੇ ਹਨ। ਇਮਰਾਨ ਨੇ ਮੈਨੂੰ ਵਿਚੋਲਗੀ ਬਾਰੇ ਪੁੱਛਿਆ ਸੀ ਪਰ ਇਸ ਸਬੰਧੀ ਵਿਸਥਾਰ ਨਾਲ ਅਜੇ ਕੁਝ ਨਹੀਂ ਕਿਹਾ ਜਾ ਸਕਦਾ।


Baljit Singh

Content Editor

Related News