‘ਮੈਂ ਜੋ ਕਿਹਾ ਸੀ, ਉਹ ਬਹੁਤ ਪ੍ਰਭਾਵਸ਼ਾਲੀ ਸੀ, ਇਸੇ ਲਈ ਟਕਰਾਅ ਰੁਕਿਆ’; ਭਾਰਤ-ਪਾਕਿ ਟਕਰਾਅ ’ਤੇ ਫਿਰ ਬੋਲੇ ਟਰੰਪ
Wednesday, Oct 08, 2025 - 01:41 PM (IST)

ਨਿਊਯਾਰਕ/ਵਾਸ਼ਿੰਗਟਨ (ਭਾਸ਼ਾ)– ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਟੈਰਿਫ ਦੀ ਵਰਤੋਂ ਨੂੰ ਜੰਗ ਨੂੰ ਰੋਕਣ ਦਾ ਇਕ ਪ੍ਰਭਾਵਸ਼ਾਲੀ ਤਰੀਕਾ ਦੱਸਦਿਆਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿਚ ਹੋਏ ਟਕਰਾਅ ਦੌਰਾਨ ਦੋਵਾਂ ਦੇਸ਼ਾਂ ਨਾਲ ਉਨ੍ਹਾਂ ਦੀ ਗੱਲਬਾਤ ‘ਬਹੁਤ ਪ੍ਰਭਾਵਸ਼ਾਲੀ’ ਰਹੀ।
ਉਨ੍ਹਾਂ ਨੇ ਦੋ ਪ੍ਰਮਾਣੂ ਹਥਿਆਰਬੰਦ ਦੇਸ਼ਾਂ ਵਿਚਕਾਰ ਟਕਰਾਅ ਨੂੰ ਖਤਮ ਕਰਨ ਲਈ ਵਪਾਰ ਦੀ ਵਰਤੋਂ ਕਰਨ ਦੇ ਆਪਣੇ ਦਾਅਵੇ ਨੂੰ ਦੁਹਰਾਇਆ। ਟਰੰਪ ਨੇ ਓਵਲ ਆਫਿਸ (ਵ੍ਹਾਈਟ ਹਾਊਸ ਵਿਚ ਅਮਰੀਕੀ ਰਾਸ਼ਟਰਪਤੀ ਦਾ ਦਫਤਰ) ਵਿਚ ਕਿਹਾ ਕਿ ਟੈਰਿਫ ਅਮਰੀਕਾ ਲਈ ਬਹੁਤ ਮਹੱਤਵਪੂਰਨ ਹਨ। ‘ਅਸੀਂ ਉਨ੍ਹਾਂ ਤੋਂ ਨਾ ਸਿਰਫ਼ ਅਰਬਾਂ ਡਾਲਰ ਕਮਾਉਂਦੇ ਹਾਂ, ਸਗੋਂ ਟੈਰਿਫ ਨੇ ਸਾਨੂੰ ਸ਼ਾਂਤੀਦੂਤ ਵੀ ਬਣਾਇਆ ਹੈ। ਜੇਕਰ ਉਨ੍ਹਾਂ ਨੇ ‘ਟੈਰਿਫ ਦੀ ਸ਼ਕਤੀ’ ਦੀ ਵਰਤੋਂ ਨਾ ਕੀਤੀ ਹੁੰਦੀ ਤਾਂ 4 ਯੁੱਧ ਅਜੇ ਵੀ ਜਾਰੀ ਰਹਿੰਦੇ।’
ਟਰੰਪ ਨੇ ਕਿਹਾ, ‘ਮੈਂ ਯੁੱਧ ਨੂੰ ਰੋਕਣ ਲਈ ਟੈਰਿਫ ਦੀ ਵਰਤੋਂ ਕਰਦਾ ਹਾਂ। ਜੇਕਰ ਤੁਸੀਂ ਭਾਰਤ ਅਤੇ ਪਾਕਿਸਤਾਨ ਨੂੰ ਦੇਖਦੇ ਹੋ ਤਾਂ ਉਹ ਯੁੱਧ ਲਈ ਤਿਆਰ ਸਨ। 7 ਜਹਾਜ਼ਾਂ ਨੂੰ ਡੇਗ ਦਿੱਤਾ ਗਿਆ ਸੀ। ਉਹ ਪ੍ਰਮਾਣੂ ਸ਼ਕਤੀ ਸੰਪੰਨ ਦੇਸ਼ ਹਨ।’ ਮੈਂ ਇਹ ਨਹੀਂ ਦੱਸਣਾ ਚਾਹੁੰਦਾ ਕਿ ਮੈਂ ਕੀ ਕਿਹਾ ਪਰ ਜੋ ਕਿਹਾ ਉਹ ਬਹੁਤ ਪ੍ਰਭਾਵਸ਼ਾਲੀ ਸੀ। ਮੈਂ ਟਕਰਾਅ ਨੂੰ ਰੋਕ ਦਿੱਤਾ ਅਤੇ ਇਹ ਸਿਰਫ ਟੈਰਿਫ ਦੇ ਕਾਰਨ ਹੋਇਆ। ਇਸ ਦਾ ਆਧਾਰ ਵਪਾਰ ਸੀ। ਉੱਥੇ ਹੀ ਭਾਰਤ ਨੇ ਇਸ ਮਾਮਲੇ ਵਿਚ ਕਿਸੇ ਵੀ ਤੀਜੀ ਧਿਰ ਦੇ ਦਖਲ ਤੋਂ ਲਗਾਤਾਰ ਇਨਕਾਰ ਕੀਤਾ ਹੈ।