ਟਰੰਪ ਨੇ ਕਿਹਾ— ਅਮਰੀਕੀ ਸ਼ਹਿਰਾਂ ਨੂੰ ਦੇਸ਼ ਵਾਸੀਆਂ ਲਈ ਸੁਰੱਖਿਅਤ ਬਣਾਇਆ ਜਾਣਾ ਚਾਹੀਦੈ

12/10/2017 4:39:26 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਦੇ ਸ਼ਹਿਰ ਅਮਰੀਕੀ ਨਾਗਰਿਕਾਂ ਲਈ ਸੁਰੱਖਿਅਤ ਥਾਂ ਹੋਣੀ ਚਾਹੀਦੀ ਹੈ ਨਾ ਕਿ ਦੂਜੇ ਦੇਸ਼ ਦੇ ਅਪਰਾਧੀਆਂ ਲਈ। ਟਰੰਪ ਦਾ ਇਹ ਬਿਆਨ ਅਮਰੀਕਾ ਦੀ ਇਕ ਅਦਾਲਤ ਵਲੋਂ ਇਕ ਅਮਰੀਕੀ ਔਰਤ 'ਤੇ ਗੋਲੀਬਾਰੀ ਕਰਨ ਦੇ ਦੋਸ਼ੀ ਮੈਕਸੀਕੋ ਦੇ ਪ੍ਰਵਾਸੀ ਨੂੰ ਦੋਸ਼ ਮੁਕਤ ਕੀਤੇ ਜਾਣ ਦੇ ਕੁਝ ਦਿਨ ਬਾਅਦ ਆਇਆ ਹੈ। 
ਦੱਸਣਯੋਗ ਹੈ ਕਿ ਸੈਨ ਫਰਾਂਸਿਸਕੋ 'ਚ 1 ਜੁਲਾਈ 2015 ਨੂੰ 32 ਸਾਲਾ ਕੈਥਰੀਨ ਸਟੇਨਲੇ ਆਪਣੇ ਪਿਤਾ ਅਤੇ ਇਕ ਦੋਸਤ ਨਾਲ ਸੈਰ ਕਰ ਰਹੀ ਸੀ, ਉਸ ਸਮੇਂ ਮੈਕਸੀਕੋ 'ਚ ਰਹਿਣ ਵਾਲੇ ਜੋਸ਼ ਇਨੇਜ ਗਾਰਸੀਆ ਜੈਰੇਟ ਨਾਂ ਦੇ ਵਿਅਕਤੀ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਵਿਚ ਔਰਤ ਸਟੇਨਲੇ ਦੀ ਹਸਪਤਾਲ 'ਚ ਮੌਤ ਹੋ ਗਈ ਸੀ। ਇਸ ਘਟਨਾ ਨਾਲ ਸੈਨ ਫਰਾਂਸਿਸਕੋ ਨੂੰ ਸੁਰੱਖਿਅਤ ਸ਼ਹਿਰ ਦੇ ਦਰਜੇ ਨੂੰ ਲੈ ਕੇ ਵਿਵਾਦ ਅਤੇ ਸਵਾਲ ਉਠਣ ਲੱਗੇ, ਕਿਉਂਕਿ ਜੈਰੇਟ ਮੈਕਸੀਕੋ ਦਾ ਨਾਗਰਿਕ ਸੀ ਅਤੇ ਗੈਰ-ਕਾਨੂੰਨੀ ਰੂਪ ਨਾਲ ਅਮਰੀਕਾ ਵਿਚ ਰਹਿ ਰਿਹਾ ਸੀ। 
ਟਰੰਪ ਨੇ ਇਸ ਮਾਮਲੇ ਨੂੰ ਸੁਰੱਖਿਅਤ ਸ਼ਹਿਰ ਦੀ ਅਸਫਲਤਾ ਦੇ ਉਦਾਹਰਣ ਦੇ ਤੌਰ 'ਤੇ ਪੇਸ਼ ਕੀਤਾ, ਜਿੱਥੇ ਸਥਾਨਕ ਅਧਿਕਾਰੀ ਇਮੀਗ੍ਰੇਸ਼ਨ ਕਾਨੂੰਨ ਨੂੰ ਲਾਗੂ ਨਹੀਂ ਕਰ ਸਕੇ। ਟਰੰਪ ਨੇ ਕਿਹਾ ਕਿ ਦੇਸ਼ ਵਿਚ ਗੈਰ-ਕਾਨੂੰਨੀ ਢੰਗਾਂ ਨਾਲ ਰਹਿ ਰਹੇ ਲੋਕਾਂ ਕਾਰਨ ਕਿਸੇ ਵੀ ਅਮਰੀਕੀ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ।


Related News