ਟਰੰਪ ਵਲੋਂ ਪ੍ਰਵਾਸੀਆਂ ਲਈ ਲਏ ਫੈਸਲੇ 'ਤੇ ਓਬਾਮਾ ਨੇ ਤੋੜੀ ਚੁੱਪ, ਸੁਣਾਈਆਂ ਖਰੀਆਂ-ਖਰੀਆਂ

09/06/2017 2:11:42 PM

ਵਾਸ਼ਿੰਗਟਨ— ਬਚਪਨ 'ਚ ਗੈਰ-ਕਾਨੂੰਨੀ ਰੂਪ 'ਚ ਲਿਆਂਦੇ ਗਏ 8 ਲੱਖ ਲੋਕਾਂ ਨੂੰ ਦਿੱਤੀ ਗਈ ਐਮਨੇਸਟੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਰੱਦ ਕੀਤੇ ਜਾਣ ਨੂੰ ਸਾਬਕਾ ਰਾਸ਼ਰਪਤੀ ਬਰਾਕ ਓਬਾਮਾ ਨੇ ਗਲਤ ਠਹਿਰਾਇਆ। ਉਨ੍ਹਾਂ ਕਿਹਾ ਕਿ ਇਹ ਕਦਮ ਗਲਤ ਹੈ, ਆਤਮਘਾਤੀ ਹੈ ਅਤੇ ਬੇਰਹਿਮੀ ਵਾਲਾ ਹੈ। ਅਮਰੀਕੀ ਅਟਾਰਨੀ ਜਨਰਲ ਸੇਸ਼ੰਸ ਵਲੋਂ ਡੀ.ਏ.ਸੀ.ਏ. ਨੂੰ ਰੱਦ ਕਰਨ ਦੀ ਘੋਸ਼ਣਾ ਦੇ ਕੁੱਝ ਘੰਟਿਆਂ ਮਗਰੋਂ ਓਬਾਮਾ ਦਾ ਇਹ ਬਿਆਨ ਆਇਆ ਹੈ। ਉਨ੍ਹਾਂ ਇਸ ਨੂੰ ਆਤਮਘਾਤੀ ਇਸ ਲਈ ਕਿਹਾ ਕਿਉਂਕਿ ਪ੍ਰਵਾਸੀ ਨਵੇਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ, ਸਾਡੀਆਂ ਪ੍ਰਯੋਗਸ਼ਾਲਾਵਾਂ ਨੂੰ ਕਰਮਚਾਰੀ ਚਾਹੀਦੇ ਹਨ, ਸਾਡੀ ਫੌਜ 'ਚ ਸੇਵਾਵਾਂ ਦੇਣਾ ਚਾਹੁੰਦੇ ਹਨ ਅਤੇ ਦੇਸ਼ ਨੂੰ ਪਿਆਰ ਕਰਦੇ ਹਨ। 
ਓਬਾਮਾ ਨੇ ਸਵਾਲ ਚੁੱਕਿਆ,''ਕੀ ਹੋਵੇਗਾ, ਜਦ ਤੁਹਾਡੇ ਬੱਚਿਆਂ ਦੀ ਵਿਗਿਆਨ ਦੀ ਅਧਿਆਪਕਾ ਜਾਂ ਤੁਹਾਡਾ ਕੋਈ ਗੁਆਂਢੀ ਅਤੇ ਦੋਸਤ ਇਸੇ ਨੀਤੀ ਤਹਿਤ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇ? ਉਸ ਨੂੰ ਅਸੀਂ ਕਿੱਥੇ ਭੇਜਾਂਗੇ? ਕੀ ਉਸ ਦੇਸ਼ 'ਚ ਭੇਜ ਦੇਵਾਂਗੇ ਜਿਸ ਬਾਰੇ ਉਸ ਨੂੰ ਕੁੱਝ ਵੀ ਨਹੀਂ ਪਤਾ? ਜਿਸ ਦੀ ਭਾਸ਼ਾ ਤਕ ਨਹੀਂ ਪਤਾ? ਉਨ੍ਹਾਂ ਕਿਹਾ ਕਿ ਇਹ ਕਦਮ ਕਾਨੂੰਨੀ ਤੌਰ 'ਤੇ ਜ਼ਰੂਰੀ ਨਹੀਂ ਸੀ। ਉਨ੍ਹਾਂ ਇਸ ਨੂੰ ਰਾਜਨੀਤਕ ਫੈਸਲਾ ਕਰਾਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਟਰੰਪ ਦੇ ਇਸ ਫੈਸਲੇ ਕਾਰਨ 8 ਲੱਖ ਪ੍ਰਵਾਸੀਆਂ ਨੂੰ ਝਟਕਾ ਲੱਗਾ ਹੈ ਅਤੇ ਇਨ੍ਹਾਂ 'ਚੋਂ 7 ਹਜ਼ਾਰ ਤਾਂ ਭਾਰਤੀ ਹੀ ਹਨ।


Related News