ਖਾਮਨੇਈ ਨੇ ਟਰੰਪ ਨੂੰ ਦੱਸਿਆ ਜੌਕਰ, ਕਿਹਾ- 'ਪਿੱਠ 'ਚ ਮਾਰੇਗਾ ਜ਼ਹਿਰੀਲਾ ਛੁਰਾ'

01/17/2020 6:45:26 PM

ਤਹਿਰਾਨ- ਈਰਾਨ ਦੇ ਚੋਟੀ ਦੇ ਨੇਤਾ ਅਯਾਤੁੱਲਾ ਅਲੀ ਖਾਮਨੇਈ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ 'ਜੌਕਰ' ਕਰਾਰ ਦਿੱਤਾ ਹੈ ਤੇ ਕਿਹਾ ਕਿ ਉਹ ਈਰਾਨ ਦੇ ਲੋਕਾਂ ਦਾ ਸਮਰਥਨ ਕਰਨ ਦਾ ਸਿਰਫ ਦਿਖਾਵਾ ਕਰਦਾ ਹੈ। ਖਾਮਨੇਈ ਨੇ 2012 ਤੋਂ ਬਾਅਦ ਪਹਿਲੀ ਵਾਰ ਸ਼ੁੱਕਰਵਾਰ ਦੀ ਨਮਾਜ਼ ਨੂੰ ਸੰਬੋਧਿਤ ਕੀਤਾ। ਉਹਨਾਂ ਨੇ ਕਿਹਾ ਕਿ ਅਮਰੀਕਾ ਈਰਾਨ ਦੀ ਪਿੱਠ 'ਤੇ 'ਜ਼ਹਿਰੀਲਾ ਛੁਰਾ' ਮਾਰੇਗਾ।

ਖਾਮਨੇਈ ਨੇ ਕਿਹਾ ਕਿ ਈਰਾਨ ਦੇ ਚੋਟੀ ਦੇ ਜਨਰਲ ਦੇ ਜਨਾਜ਼ੇ ਨੇ ਇਹ ਦਿਖਾ ਦਿੱਤਾ ਹੈ ਕਿ ਈਰਾਨ ਦੇ ਲੋਕ ਇਸਲਾਮਿਕ ਰਿਪਬਲਿਕ ਦਾ ਸਮਰਥਨ ਕਰਦੇ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿਚ ਜਨਰਲ ਕਾਸਿਮ ਸੁਲੇਮਾਨੀ ਦੀ ਅਮਰੀਕਾ ਦੇ ਹਵਾਈ ਹਮਲੇ ਵਿਚ ਮੌਤ ਹੋ ਗਈ ਸੀ। ਖਾਮਨੇਈ ਨੇ ਕਿਹਾ ਕਿ ਅਮਰੀਕਾ ਨੇ ਇਸਲਾਮਿਕ ਸਟੇਟ ਸਮੂਹ ਦੇ ਖਿਲਾਫ ਲੜਨ ਵਾਲੇ ਸਭ ਤੋਂ ਪ੍ਰਭਾਵੀ ਕਮਾਂਡਰ ਦੀ 'ਕਾਇਰਾਨਾ ਤਰੀਕੇ' ਨਾਲ ਹੱਤਿਆ ਕੀਤੀ। ਖਾਮਨੇਈ ਨੇ ਯੂਕਰੇਨ ਦੇ ਜਹਾਜ਼ ਨੂੰ ਗਲਤੀ ਨਾਲ ਡੇਗੇ ਜਾਣ ਦੀ ਘਟਨਾ ਨੂੰ ਭਿਆਨਕ ਹਾਦਸਾ ਕਰਾਰ ਦਿੱਤਾ। ਉਹਨਾਂ ਨੇ ਕਿਹਾ ਕਿ ਇਸ ਹਾਦਸੇ ਨੇ ਈਰਾਨ ਦੇ ਲੋਕਾਂ ਨੂੰ ਜਿੰਨਾ ਦੁੱਖ ਪਹੁੰਚਾਇਆ ਹੈ ਉਨੀਂ ਹੀ ਦੁਸ਼ਮਣਾਂ ਨੂੰ ਖੁਸ਼ੀ ਹੋਈ ਹੈ। ਉਹਨਾਂ ਨੇ ਕਿਹਾ ਕਿ ਪੱਛਮੀ ਦੇਸ਼ਾਂ ਵਿਚ ਇੰਨਾਂ ਦਮ ਨਹੀਂ ਹੈ ਕਿ ਉਹ ਈਰਾਨ ਦੇ ਲੋਕਾਂ ਨੂੰ ਗੋਢਿਆਂ ਭਾਰ ਲਿਆ ਸਕਣ। ਉਹਨਾਂ ਨੇ ਕਿਹਾ ਕਿ ਈਰਾਨ ਗੱਲਬਾਤ ਦੇ ਲਈ ਤਿਆਰ ਹੈ ਪਰ ਅਮਰੀਕਾ ਦੇ ਨਾਲ ਨਹੀਂ।

ਖਾਮਨੇਈ 1989 ਤੋਂ ਹੀ ਦੇਸ਼ ਦੇ ਚੋਟੀ ਦੇ ਨੇਤਾ ਹਨ ਤੇ ਸਾਰੇ ਵੱਡੇ ਫੈਸਲਿਆਂ ਵਿਚ ਆਖਰੀ ਫੈਸਲਾ ਉਹਨਾਂ ਦਾ ਹੀ ਹੁੰਦਾ ਹੈ। 80 ਸਾਲਾ ਖਾਮਨੇਈ ਸੁਲੇਮਾਨੀ ਦੇ ਅੰਤਿਮ ਸੰਸਕਾਰ ਵਿਚ ਜਨਤਕ ਤੌਰ 'ਤੇ ਰੋਏ ਸਨ ਤੇ ਅਮਰੀਕਾ ਦੇ ਖਿਲਾਫ ਸਖਤ ਵਿਰੋਧ ਦੀ ਕਸਮ ਚੁੱਕੀ ਸੀ।


Related News