US ਹਾਊਸ ਨੇ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਪਾਈ ਵੋਟ
Thursday, Dec 19, 2019 - 09:13 AM (IST)

ਵਾਸ਼ਿੰਗਟਨ— 'ਅਮਰੀਕੀ ਹਾਊਸ ਆਫ ਰੀਪ੍ਰੈਂਜ਼ਟੇਟਿਵ' ਨੇ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਸੰਸਦ ਦੇ ਕੰਮ 'ਚ ਰੋਕ ਪਾਉਣ ਅਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ 'ਚ ਮਹਾਦੋਸ਼ ਪ੍ਰਸਤਾਵ ਪਾਸ ਕਰ ਦਿੱਤਾ। ਟਰੰਪ ਅਮਰੀਕਾ ਦੇ ਤੀਜੇ ਰਾਸ਼ਟਰਪਤੀ ਬਣ ਗਏ ਹਨ, ਜਿਨ੍ਹਾਂ ਖਿਲਾਫ ਮਹਾਦੋਸ਼ ਪ੍ਰਸਤਾਵ ਪਾਸ ਕੀਤਾ ਗਿਆ ਹੈ।
ਟਰੰਪ 'ਤੇ ਜੋਅ ਬਿਡੇਨ ਸਣੇ ਹੋਰ ਉਮੀਦਵਾਰਾਂ ਦਾ ਅਕਸ ਖਰਾਬ ਕਰਨ ਲਈ ਯੁਕਰੇਨ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਮਦਦ ਮੰਗਣ ਦਾ ਦੋਸ਼ ਹੈ। ਇਸ ਦੇ ਇਲਾਵਾ ਉਨ੍ਹਾਂ 'ਤੇ ਸੰਸਦ ਮੈਂਬਰਾਂ ਦੇ ਕੰਮ 'ਚ ਰੁਕਾਵਟ ਪਾਉਣ ਦਾ ਵੀ ਦੋਸ਼ ਹੈ। ਹੇਠਲੇ ਸਦਨ ਤੋਂ ਪ੍ਰਸਤਾਵ ਪਾਸ ਹੋ ਜਾਣ ਦੇ ਬਾਅਦ ਹੁਣ ਉੱਪਰਲੇ ਸਦਨ ਸੈਨੇਟ 'ਚ ਉਨ੍ਹਾਂ 'ਤੇ ਮੁਕੱਦਮਾ ਚੱਲੇਗਾ। ਸੈਨੇਟਰ ਇਸ ਗੱਲ 'ਤੇ ਫੈਸਲਾ ਲੈਣਗੇ ਕਿ ਟਰੰਪ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾਣਾ ਹੈ ਜਾਂ ਨਹੀਂ।
ਵਿਰੋਧੀ ਡੈਮੋਕ੍ਰੇਟਿਕਸ ਦੇ ਬਹੁਮਤ ਵਾਲੇ ਹਾਊਸ ਆਫ ਰੀਪ੍ਰੈਂਜ਼ਟੇਟਿਵ 'ਚ ਮਹਾਦੋਸ਼ ਦੇ ਪੱਖ 'ਚ 230 ਅਤੇ ਵਿਰੋਧ 'ਚ 197 ਵੋਟਾਂ ਪਈਆਂ। ਇਸ ਤਰ੍ਹਾਂ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਦੇ ਇਤਿਹਾਸ ਦੇ ਤੀਜੇ ਅਜਿਹੇ ਰਾਸ਼ਟਰਪਤੀ ਬਣ ਚੁੱਕੇ ਹਨ ਜਿਨ੍ਹਾਂ 'ਤੇ ਮਹਾਦੋਸ਼ ਹੋਵੇਗਾ।
ਹਾਉਸ ਆਫ ਰੀਪ੍ਰੈਂਜ਼ਟੇਟਿਵ ਵਿੱਚ ਮਹਾਦੋਸ਼ ਨੂੰ ਲੈ ਕੇ ਡੇਮੋਕ੍ਰੇਟਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਦੇ ਇਲਾਵਾ ਕੋਈ ਬਦਲ ਹੀ ਨਹੀਂ ਸੀ । ਉਨ੍ਹਾਂ ਦਾ ਕਹਿਣਾ ਹੈ ਕਿ ਇਹ ਟਰੰਪ ਦੇ ਰਿਕਾਰਡ ਉੱਤੇ ਇੱਕ ਕਦੇ ਨਾ ਮਿਟਣ ਵਾਲਾ ਧੱਬਾ ਹੈ । ਵੋਟਿੰਗ ਤੋਂ ਪਹਿਲਾਂ ਡੇਮੋਕ੍ਰੇਟ ਸੰਸਦ ਮੈਂਬਰ ਐਡਮ ਸਕਿਫ ਨੇ ਕਿਹਾ ਕਿ ਇੱਥੇ ਆਈਡਿਆ ਆਫ ਅਮਰੀਕਾ ਹੀ ਖਤਰੇ 'ਚ ਹੈ ।