ਟਰੰਪ ਨੂੰ ਕੋਰੋਨਾ ਵਾਇਰਸ ਲੱਗਦੈ ਇਟਲੀ ਦਾ ਕੋਈ ਖੂਬਸੂਰਤ ਸ਼ਹਿਰ

Wednesday, Sep 23, 2020 - 09:01 PM (IST)

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਨਾ ਰੋਕ ਸਕਣ 'ਤੇ ਇਕ ਵਾਰ ਫਿਰ ਚੀਨ 'ਤੇ ਹਮਲਾ ਬੋਲਿਆ ਹੈ ਤੇ ਇਸ ਨੂੰ 'ਚੀਨੀ ਵਾਇਰਸ' ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਹ ਇਸ ਨੂੰ ਕੋਰੋਨਾ ਵਾਇਰਸ ਨਾ ਬੋਲਣ ਕਿਉਂਕਿ ਸੁਣਨ ਵਿਚ ਤਾਂ ਇਹ ਨਾਂ 'ਇਟਲੀ ਵਿਚ ਕੋਈ ਖੂਬਸੂਰਤ ਥਾਂ' ਵਰਗਾ ਲੱਗਦਾ ਹੈ। 


ਪੈਨਸਿਲਵੇਨੀਆ ਵਿਚ ਇਕ ਚੋਣ ਰੈਲੀ ਨੂੰ ਸੰਬੋਧਤ ਕਰਦਿਆਂ ਟਰੰਪ ਨੇ ਆਪਣੇ ਸਮਰਥਕਾਂ ਤੋਂ ਮੰਗਲਵਾਰ ਨੂੰ ਕਿਹਾ ਕਿ ਜੇਕਰ ਉਹ ਮੁੜ ਚੁਣੇ ਜਾਂਦੇ ਹਨ ਤਾਂ ਅਗਲੇ 4 ਸਾਲ ਵਿਚ ਉਨ੍ਹਾਂ ਦਾ ਪ੍ਰਸ਼ਾਸਨ ਅਮਰੀਕਾ ਨੂੰ ਉਤਪਾਦਨ ਦੇ ਖੇਤਰ ਵਿਚ ਦੁਨੀਆ ਦੀ ਮਹਾਸ਼ਕਤੀ ਬਣਾ ਦੇਵੇਗਾ ਅਤੇ ਅਮਰੀਕਾ ਦੀ ਚੀਨ 'ਤੇ ਨਿਰਭਰਤਾ ਨੂੰ ਹਮੇਸ਼ਾ ਲਈ ਖਤਮ ਕਰ ਦੇਵੇਗਾ। ਉਨ੍ਹਾਂ ਨੇ ਤਿੰਨ ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਨੂੰ 'ਆਰਥਿਕ ਹੋਂਦ ਦਾ ਮੁੱਦਾ' ਕਰਾਰ ਦਿੰਦੇ ਹੋਏ ਕਿਹਾ ਕਿ ਮਹਾਮਾਰੀ ਤੋਂ ਪਹਿਲਾਂ ਅਮਰੀਕਾ ਆਰਥਿਕ ਪੱਧਰ 'ਤੇ ਵਧੀਆ ਚੱਲ ਰਿਹਾ ਸੀ। 


ਉਨ੍ਹਾਂ ਕਿਹਾ, ''ਤੁਹਾਡਾ ਪਿਛਲਾ ਸਾਲ ਕਾਫੀ ਚੰਗਾ ਰਿਹਾ ਸੀ ਤੇ ਤੁਸੀਂ ਆਪਣੇ ਰਸਤੇ 'ਤੇ ਸਹੀ ਜਾ ਰਹੇ ਸੀ ਪਰ ਚੀਨ ਨੇ ਜੋ ਕੀਤੇ ਉਸ ਦਾ ਮੈਨੂੰ ਬਹੁਤ ਦੁੱਖ ਹੈ। ਚੀਨ ਨੇ ਮਹਾਮਾਰੀ ਨੂੰ ਫੈਲਣ ਦਿੱਤਾ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਕੋਰੋਨਾ ਸੁਣਨ ਵਿਚ ਇਟਲੀ ਦਾ ਕੋਈ ਸੋਹਣਾ ਜਿਹਾ ਸਥਾਨ ਲੱਗਦਾ ਹੈ, ਕੋਰੋਨਾ ਨਹੀਂ? ਇਹ ਚੀਨੀ ਵਾਇਰਸ ਹੈ।'' ਜ਼ਿਕਰਯੋਗ ਹੈ ਕਿ ਟਰੰਪ ਪਹਿਲਾਂ ਵੀ ਕੋਰੋਨਾ ਨੂੰ 'ਚੀਨੀ ਵਾਇਰਸ' ਦਾ ਨਾਂ ਦੇ ਚੁੱਕੇ ਹਨ।


Sanjeev

Content Editor

Related News