ਟਰੰਪ ਨੂੰ 14 ਸੂਬਿਆਂ ਦੇ ਏ. ਜੀ. ਨੇ ਕਿਹਾ- ਚੀਨ ਨੂੰ ਜਵਾਬਦੇਹ ਠਹਿਰਾਇਆ ਜਾਵੇ
Thursday, May 14, 2020 - 11:19 AM (IST)
ਟੈਲਾਹੈਸੀ- ਅਮਰੀਕਾ ਵਿਚ 14 ਸੂਬਿਆਂ ਦੇ ਰੀਪਬਲਿਕਨ ਅਟਾਰਨੀ ਜਨਰਲਾਂ ਨੇ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬੁੱਧਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਫੈਲਣ ਕਾਰਨ ਹੋਏ ਨੁਕਸਾਨ ਲਈ ਸੂਬਿਆਂ ਅਤੇ ਸੰਘ ਦੀ ਸਾਂਝੇਦਾਰੀ ਦੀ ਮਦਦ ਨਾਲ ਚੀਨ ਦੀ ਜਵਾਬਦੇਹੀ ਤੈਅ ਕਰਨ।
ਰਾਸ਼ਟਰਪਤੀ ਨੂੰ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ, ਚੀਨ ਦੀ ਸਾਮਵਾਦੀ ਸਰਕਾਰ ਸੂਚਨਾ ਮੁਹੱਈਆ ਕਰਾਉਣ ਵਿਚ ਅਸਫਲ ਰਹੀ ਹੈ ਫਿਰ ਉਸ ਨੇ ਗਲਤ ਸੂਚਨਾ ਦਿੱਤੀ, ਜਿਸ ਦੇ ਕਾਰਨ ਇਹ ਵਾਇਰਸ ਫੈਲਿਆ। ਪੱਤਰ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਫੈਲਣ ਨਾਲ ਸਾਡੇ ਸੂਬਿਆਂ ਨੂੰ ਬਹੁਤ ਨੁਕਸਾਨ ਹੋਇਆ ਹੈ। ਇਸ ਵਾਇਰਸ ਕਾਰਨ ਸਾਡੇ ਕਈ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਉਹ ਇਸ ਦੇ ਕਾਰਨ ਪ੍ਰਭਾਵਿਤ ਹੋਏ ਹਨ। ਸਾਡੀ ਅਰਥ ਵਿਵਸਥਾ ਬੰਦ ਹੋ ਗਈ ਹੈ। ਵੱਡੇ ਅਤੇ ਛੋਟੇ ਕਾਰੋਬਾਰ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਕਿ ਇਨ੍ਹਾਂ ਵਿਚੋਂ ਕਈ ਮੁੜ ਖੁੱਲ੍ਹ ਵੀ ਨਹੀਂ ਸਕਣਗੇ।
ਫਲੋਰੀਡਾ ਦੀ ਅਟਾਰਨੀ ਜਨਰਲ ਏਸ਼ਲੇ ਮੂਡੀ ਅਤੇ ਦੱਖਣੀ ਕੈਰੋਲਾਈਨਾ ਦੇ ਅਟਾਰਨੀ ਜਨਰਲ ਐਲਨ ਵਿਲਸਨ ਦੀ ਅਗਵਾਈ ਵਿਚ ਅਲਾਸਕਾ, ਅਰਕਾਂਸਸ, ਜਾਰਜੀਆ, ਇੰਡੀਆਨਾ, ਕੰਸਾਸ, ਕੇਂਟੁਕੀ, ਲੁਈਸਿਆਨਾ, ਮੋਂਟਾਨਾ, ਨੇਬ੍ਰਾਸਕਾ, ਓਕਲਾਹਾਮਾ, ਟੈਨੇਸੀ ਅਤੇ ਪੱਛਮੀ ਵਰਜੀਨੀਆ ਨੇ ਇਸ ਪੱਤਰ 'ਤੇ ਦਸਤਖਤ ਕੀਤੇ। ਮੂਡੀ ਨੇ ਫੋਨ 'ਤੇ ਦੱਸਿਆ ਕਿ ਉਹ ਡੈਮੋਕ੍ਰੇਟਿਕ ਪਾਰਟੀ ਸਣੇ ਹੋਰ ਅਟਾਰਨੀ ਜਨਰਲਾਂ ਨੂੰ ਵੀ ਇਸ ਸਮੂਹ ਵਿਚ ਸ਼ਾਮਲ ਕਰਨਾ ਚਾਹੁੰਦੀ ਹੈ ਤਾਂ ਕਿ ਚੀਨ ਨੂੰ ਇਸ ਮਹਾਮਾਰੀ ਲਈ ਜਵਾਬਦੇਹ ਠਹਿਰਾਇਆ ਜਾ ਸਕੇ। ਚੀਨ ਦੇ ਵੁਹਾਨ ਸ਼ਹਿਰ ਤੋਂ ਦੁਨੀਆ ਭਰ ਵਿਚ ਫੈਲੇ ਇਸ ਵਾਇਰਸ ਨਾਲਅਮਰੀਕਾ ਵਿਚ 83,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਸਬੰਧੀ ਮਾਮਲਿਆਂ ਨੂੰ ਲੈ ਕੇ ਚੀਨ ਤੋਂ ਨਾਖੁਸ਼ ਟਰੰਪ ਨੇ ਬੁੱਧਵਾਰ ਨੂੰ ਟਵੀਟ ਕੀਤਾ ਸੀ ਕਿ ਵਾਇਰਸ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰ ਸਮਝੌਤੇ ਹੋਣ ਦੇ ਤੁਰੰਤ ਬਾਅਦ ਫੈਲਣਾ ਸ਼ੁਰੂ ਹੋਇਆ। ਉਨ੍ਹਾਂ ਨੇ ਅਟਾਰਨੀ ਜਨਰਲਜ਼ ਦੇ ਪੱਤਰ 'ਤੇ ਕੋਈ ਪ੍ਰਤੀਕਿਰਿਆ ਜਾਹਰ ਨਹੀਂ ਕੀਤੀ ਪਰ ਟਵੀਟ ਕੀਤਾ, ਅਜੇ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਦੁਨੀਆ 'ਤੇ ਚੀਨ ਤੋਂ ਫੈਲੀ ਮਹਾਮਾਰੀ ਦੀ ਮਾਰ ਪੈ ਗਈ। 100 ਵਪਾਰ ਸਮਝੌਤਿਆਂ ਨਾਲ ਵੀ ਭਰਪਾਈ ਨਹੀਂ ਹੋਵੇਗੀ....ਨਿਰਦੋਸ਼ ਲੋਕਾਂ ਦੀ ਜਾਨ ਗਈ।"