ਵਿਰੋਧੀ ਧਿਰ ਦੇ ਨੇਤਾ ਦਾ ਦੋਸ਼; ਟਰੂਡੋ ਧਿਆਨ ਭਟਕਾਉਣ ਲਈ ਨਿੱਝਰ ਦੇ ਕਤਲ ਦੀ ਕਰ ਰਹੇ ਹਨ ਵਰਤੋਂ

Friday, Oct 18, 2024 - 06:09 PM (IST)

ਓਟਾਵਾ (ਏਜੰਸੀ)- ਕੈਨੇਡਾ ਦੇ ਇਕ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਹੋਰ ਵਿਵਾਦਾਂ ਤੋਂ ਧਿਆਨ ਭਟਕਾਉਣ ਲਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਵਰਤੇਂ ਕਰਨ ਦਾ ਦੋਸ਼ ਲਗਾਇਆ ਹੈ ਅਤੇ ਸਰਕਾਰ ਨੂੰ ਪਿਛਲੀ ਪ੍ਰਸ਼ਾਸਨਿਕ ਗਲਤੀ ਨੂੰ ਸੁਧਾਰਨ ਲਈ ਖਾਲਿਸਤਾਨੀ ਅੱਤਵਾਦੀ ਦੀ ਨਾਗਰਿਕਤਾ ਮਰਨ ਉਪਰੰਤ ਖੋਹ ਲੈਣ ਨੂੰ ਕਿਹਾ ਹੈ। ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀਅਰ ਨੇ ਵੀ ਕਿਹਾ ਕਿ ਖਾਲਿਸਤਾਨੀ ਅੱਤਵਾਦੀ, ਜੋ ਸਮੁੱਚੇ ਵਿਵਾਦ ਦੇ ਕੇਂਦਰ ਵਿੱਚ ਹੈ, ਉਹ ਇੱਕ ਵਿਦੇਸ਼ੀ ਅੱਤਵਾਦੀ ਸੀ ਜਿਸ ਨੂੰ ਕਿਸੇ ਤਰ੍ਹਾਂ 2007 ਵਿੱਚ ਨਾਗਰਿਕਤਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ: ਸ਼ਾਹਬਾਜ਼ ਸ਼ਰੀਫ਼ ਨੇ ਬਾਈਡੇਨ ਨੂੰ ਲਿਖੀ ਚਿੱਠੀ, ਜੇਲ੍ਹ 'ਚ ਬੰਦ ਪਾਕਿ ਔਰਤ ਨੂੰ ਰਿਹਾਅ ਕਰਨ ਦੀ ਕੀਤੀ ਅਪੀਲ

ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (ਆਰ.ਸੀ.ਐੱਮ.ਪੀ.) ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਜੂਨ 2023 ਵਿੱਚ ਹੋਏ ਨਿੱਝਰ ਦੇ ਕਤਲ ਵਿੱਚ ਸੰਭਾਵਿਤ ਸ਼ੱਕੀ ਵਜੋਂ ਕਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਤੇ 5 ਹੋਰ ਡਿਪਲੋਮੈਟਾਂ ਦੀ ਪਛਾਣ ਕੀਤੀ ਸੀ। ਆਰ.ਸੀ.ਐੱਮ.ਪੀ. ਨੇ ਇਹ ਵੀ ਕਿਹਾ ਕਿ ਉਸ ਨੂੰ ਭਾਰਤ ਸਰਕਾਰ ਦੇ ਏਜੰਟਾਂ ਵੱਲੋਂ ਕੈਨੇਡੀਅਨ ਲੋਕਾਂ ਵਿਰੁੱਧ ਤੇਜ਼ ਮੁਹਿੰਮ ਚਲਾਏ ਜਾਣ ਦੇ ਸਬੂਤ ਮਿਲੇ ਹਨ। ਬਰਨੀਅਰ ਨੇ ਕਿਹਾ ਕਿ ਜੇਕਰ ਇਹ ਸੱਚ ਹੈ, ਤਾਂ ਆਰ.ਸੀ.ਐੱਮ.ਪੀ. ਅਤੇ ਕੈਨੇਡਾ ਸਰਕਾਰ ਵੱਲੋਂ ਲਗਾਏ ਗਏ ਇਹ ਦੋਸ਼ ਕਿ ਭਾਰਤੀ ਡਿਪਲੋਮੈਟਾਂ ਦੀ ਸਾਡਾ ਦੇਸ਼ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਰਹੀ ਹੈ, ਬਹੁਤ ਗੰਭੀਰ ਹਨ ਅਤੇ ਉਨ੍ਹਾਂ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: 'ਪੂਰੀ ਦੁਨੀਆ ਲਈ ਚੰਗਾ ਦਿਨ' - ਹਮਾਸ ਨੇਤਾ ਸਿਨਵਰ ਦੀ ਹੱਤਿਆ 'ਤੇ ਬੋਲੇ ਜੋਅ ਬਾਈਡੇਨ

ਉਨ੍ਹਾਂ ਕਿਹਾ, “ਹਾਲਾਂਕਿ, ਅਜੇ ਤੱਕ ਸਾਨੂੰ ਕੋਈ ਸਬੂਤ ਨਹੀਂ ਦਿੱਤਾ ਗਿਆ ਹੈ ਅਤੇ ਟਰੂਡੋ ਸਪੱਸ਼ਟ ਤੌਰ 'ਤੇ ਇਸ ਸੰਕਟ ਦੀ ਵਰਤੋਂ ਹੋਰ ਵਿਵਾਦਾਂ ਤੋਂ ਧਿਆਨ ਭਟਕਾਉਣ ਲਈ ਕਰ ਰਹੇ ਹਨ।'' ਬਰਨੀਅਰ ਨੇ ਕਿਹਾ ਕਿ ਨਿੱਝਰ ਇੱਕ ਵਿਦੇਸ਼ੀ ਅੱਤਵਾਦੀ ਸੀ ਜਿਸ ਨੇ ਕੈਨੇਡਾ ਵਿੱਚ ਸ਼ਰਣ ਲੈਣ ਲਈ ਵਾਰ-ਵਾਰ ਝੂਠੇ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਸੀ। ਉਨ੍ਹਾਂ ਕਿਹਾ, “ਹਾਲਾਂਕਿ, ਇਸ ਭੁਲੇਖੇ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਕਿ ਇਸ ਵਿਵਾਦ ਦਾ ਕੇਂਦਰ ਬਿੰਦੂ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ, ਜਿਸ ਦੀ ਪਿਛਲੇ ਸਾਲ ਹੱਤਿਆ ਕੀਤੀ ਗਈ ਸੀ, ਇੱਕ ਕੈਨੇਡੀਅਨ ਸੀ। ਉਹ ਅਸਲ ਵਿੱਚ ਇੱਕ ਵਿਦੇਸ਼ੀ ਅੱਤਵਾਦੀ ਸੀ ਜਿਸ ਨੇ 1997 ਤੋਂ ਕਈ ਵਾਰ ਕੈਨੇਡਾ ਵਿੱਚ ਸ਼ਰਣ ਲੈਣ ਲਈ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਸੀ। ਉਸ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ,  ਪਰ ਫਿਰ ਵੀ ਉਸ ਨੂੰ ਇਸ ਦੇਸ਼ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਅਤੇ ਕਿਸੇ ਤਰ੍ਹਾਂ 2007 ਵਿਚ ਨਾਗਰਿਕਤਾ ਦਿੱਤੀ ਗਈ।'

ਇਹ ਵੀ ਪੜ੍ਹੋ: ਇੰਗਲਿਸ਼ ਚੈਨਲ 'ਚ ਡੁੱਬੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ, ਡੌਂਕੀ ਲਗਾ ਬ੍ਰਿਟੇਨ ਜਾਣ ਦੀ ਕਰ ਰਹੇ ਸਨ ਕੋਸ਼ਿਸ਼

ਉਨ੍ਹਾਂ ਕਿਹਾ, “ਨਿੱਜਰ ਕੈਨੇਡੀਅਨ ਨਹੀਂ ਸੀ। ਇਸ ਪ੍ਰਸ਼ਾਸਕੀ ਗਲਤੀ ਨੂੰ ਸੁਧਾਰਨ ਲਈ ਕੈਨੇਡਾ ਨੂੰ ਮਰਨ ਉਪਰੰਤ ਉਸ ਦੀ ਨਾਗਰਿਕਤਾ ਖੋਹ ਲੈਣੀ ਚਾਹੀਦੀ ਹੈ।” ਬਰਨੀਅਰ ਨੇ ਕਿਹਾ ਕਿ ਉਸ ਨੂੰ ਉਸ ਦੀ ਪਹਿਲੀ ਫਰਜ਼ੀ ਸ਼ਰਣ ਅਰਜ਼ੀ ਤੋਂ ਬਾਅਦ ਦੇਸ਼ ਨਿਕਾਲਾ ਦੇਣਾ ਚਾਹੀਦਾ ਸੀ, ਜਿਵੇਂ ਕਿ ਕੈਨੇਡਾ ਹੁਣ ਜਾਅਲੀ ਦਸਤਾਵੇਜ਼ਾਂ ਰਾਹੀਂ ਸ਼ਰਣ ਮੰਗਣ ਵਾਲੇ ਹਜ਼ਾਰਾਂ ਲੋਕਾਂ ਨਾਲ ਕੀਤਾ ਜਾ ਰਿਹਾ ਹੈ। ਇਹ ਸਭ ਕੁਝ ਇਸ ਲਈ ਹੋ ਰਿਹਾ ਹੈ, ਕਿਉਂਕਿ ਕੈਨੇਡਾ ਨੇ ਦਹਾਕਿਆਂ ਤੋਂ ਜਾਣਬੁੱਝ ਕੇ ਇਨ੍ਹਾਂ ਵਿਦੇਸ਼ੀਆਂ ਅਤੇ ਉਨ੍ਹਾਂ ਦੇ ਨਸਲੀ ਸੰਘਰਸ਼ਾਂ ਨੂੰ ਸਾਡੇ ਦੇਸ਼ ਵਿੱਚ ਸੱਦਾ ਦਿੱਤਾ ਹੈ। ਸਾਨੂੰ ਇਸ ਗੰਭੀਰ ਗਲਤੀ ਨੂੰ ਪਛਾਣਨਾ ਚਾਹੀਦਾ ਹੈ ਅਤੇ ਇਸ ਮੁੱਦੇ 'ਤੇ ਇੱਕ ਉਭਰਦੀ ਵਿਸ਼ਵ ਸ਼ਕਤੀ ਅਤੇ ਇੱਕ ਮਹੱਤਵਪੂਰਨ ਸਹਿਯੋਗੀ ਨਾਲ ਆਪਣੇ ਸਬੰਧਾਂ ਨੂੰ ਖਤਰੇ ਵਿੱਚ ਪਾਉਣ ਦੀ ਬਜਾਏ ਇੱਕ ਹੱਲ ਲੱਭਣ ਲਈ ਭਾਰਤ ਸਰਕਾਰ ਨਾਲ ਕੰਮ ਕਰਨਾ ਚਾਹੀਦਾ ਹੈ।'' ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ "ਸੰਭਵ" ਸ਼ਮੂਲੀਅਤ ਹੋਣ ਦੇ ਸਬੰਧ ਵਿਚ ਪਿਛਲੇ ਸਾਲ ਸਤੰਬਰ ਵਿੱਚ ਪ੍ਰਧਾਨ ਮੰਤਰੀ ਟਰੂਡੋ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਸਬੰਧਾਂ ਵਿਚ ਤਣਾਅ ਆ ਚੁੱਕਾ ਹੈ। ਨਿੱਝਰ ਦੀ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।  ਹਾਲਾਂਕਿ, ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ "ਬੇਹੂਦਾ" ਦੱਸਦਿਆਂ ਰੱਦ ਕਰ ਦਿੱਤਾ ਸੀ। ਭਾਰਤ ਨੇ ਸੋਮਵਾਰ ਨੂੰ 6 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ ਦਿੱਤਾ ਅਤੇ ਐਲਾਨ ਕੀਤਾ ਕਿ ਉਹ ਕੈਨੇਡਾ ਵਿੱਚ ਆਪਣੇ ਹਾਈ ਕਮਿਸ਼ਨਰ ਨੂੰ ਵਾਪਸ ਬੁਲਾ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਨਿੱਝਰ ਦੇ ਕਤਲ ਦੀ ਜਾਂਚ ਨਾਲ ਰਾਜਦੂਤ ਨੂੰ ਜੋੜਨ ਦੇ ਓਟਾਵਾ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ। 

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਦੀ ਜੰਗ 'ਚ ਕਿਮ ਜੋਂਗ ਦੀ ਐਂਟਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News