ਕੋਰੋਨਾ ਦੀ ਨਕਲੀ ਰਿਪੋਰਟ ਦਿਖਾਉਣ ਵਾਲਾ ਟੋਰਾਂਟੋ ਹਵਾਈ ਅੱਡੇ ਤੋਂ ਕਾਬੂ
Thursday, Feb 11, 2021 - 03:56 PM (IST)
ਟੋਰਾਂਟੋ- ਕੈਨੇਡਾ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ ਪੁਲਸ ਨੇ ਇਕ ਯਾਤਰੀ ਨੂੰ ਝੂਠੀ ਕੋਰੋਨਾ ਰਿਪੋਰਟ ਨਾਲ ਫੜਿਆ ਹੈ। ਪੁਲਸ ਨੇ ਦੱਸਿਆ ਕਿ 8 ਫਰਵਰੀ ਨੂੰ ਸ਼ਾਮ 7 ਵਜੇ ਇਕ ਵਿਅਕਤੀ ਝੂਠੀ ਰਿਪੋਰਟ ਦਿਖਾ ਕੇ ਲੰਘਣ ਦੀ ਕੋਸ਼ਿਸ਼ ਵਿਚ ਸੀ।
ਕੈਨੇਡਾ ਬਾਰਡਰ ਸਰਵਿਸ ਏਜੰਸੀ ਮੁਤਾਬਕ ਜਾਂਚ ਅਧਿਕਾਰੀ ਨੇ ਦੇਖਿਆ ਕਿ ਵਿਅਕਤੀ ਵਲੋਂ ਦਿੱਤੀ ਗਈ ਨੈਗੇਟਿਵ ਕੋਰੋਨਾ ਰਿਪੋਰਟ ਨਕਲੀ ਹੈ। ਝੂਠ ਬੋਲਣ ਦੇ ਦੋਸ਼ ਵਿਚ ਓਂਟਾਰੀਓ ਦੇ ਰਹਿਣ ਵਾਲੇ 29 ਸਾਲਾ ਵਿਅਕਤੀ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਅਪ੍ਰੈਲ ਮਹੀਨੇ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਫਿਲਹਾਲ ਇਸ ਵਿਅਕਤੀ ਨੂੰ 14 ਦਿਨਾਂ ਲਈ ਹੋਟਲ ਵਿਚ ਇਕਾਂਤਵਾਸ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਕਾਰਨ ਕੈਨੇਡਾ ਨੇ ਯਾਤਰਾ ਕਰਨ ਲਈ ਨੈਗੇਟਿਵ ਕੋਰੋਨਾ ਰਿਪੋਰਟ ਦਿਖਾਉਣ ਦੀ ਸ਼ਰਤ ਰੱਖੀ ਹੈ। ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਸਰਕਾਰ ਸਖ਼ਤ ਕਦਮ ਚੁੱਕ ਰਹੀ ਹੈ ਪਰ ਲੋਕ ਸਰਕਾਰ ਦਾ ਸਾਥ ਨਹੀਂ ਦੇ ਰਹੇ ਤੇ ਇਸ ਤਰ੍ਹਾਂ ਝੂਠੀਆਂ ਰਿਪੋਰਟਾਂ ਦਿਖਾ ਕੇ ਹੋਰਾਂ ਲਈ ਵੀ ਪਰੇਸ਼ਾਨੀ ਖੜ੍ਹੀ ਕਰ ਰਹੇ ਹਨ।