ਟੋਰਾਂਟੋ ਸਕੂਲ ''ਚ ਕੋਰੋਨਾ ਕਾਰਨ ਪਹਿਲੀ ਮੌਤ, ਸਕੂਲ ਬੋਰਡ ਨੇ ਸਾਂਝਾ ਕੀਤਾ ਦੁੱਖ

Thursday, Nov 19, 2020 - 01:41 PM (IST)

ਟੋਰਾਂਟੋ ਸਕੂਲ ''ਚ ਕੋਰੋਨਾ ਕਾਰਨ ਪਹਿਲੀ ਮੌਤ, ਸਕੂਲ ਬੋਰਡ ਨੇ ਸਾਂਝਾ ਕੀਤਾ ਦੁੱਖ

ਟੋਰਾਂਟੋ- ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਸਕੂਲ ਸਟਾਫ਼ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਇਹ ਪਹਿਲਾ ਮਾਮਲਾ ਹੈ ਜਦ ਕਿਸੇ ਸਕੂਲ ਸਟਾਫ਼ ਮੈਂਬਰ ਦੀ ਕੋਰੋਨਾ ਕਾਰਨ ਮੌਤ ਹੋਈ ਹੋਵੇ। 
ਦੱਸ ਦਈਏ ਕਿ ਸਤੰਬਰ ਵਿਚ ਓਂਟਾਰੀਓ ਵਿਚ ਸਕੂਲ ਖੋਲ੍ਹੇ ਗਏ ਸਨ ਤੇ ਇਸ ਤੋਂ ਬਾਅਦ ਸਕੂਲਾਂ ਵਿਚ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਸਨ। ਟੋਰਾਂਟੋ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਮੁਤਾਬਕ  ਨਾਰਥ ਯਾਰਕ ਵਿਚ ਬੱਚੇ ਤੇ ਜਵਾਨਾਂ ਲਈ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਾਲ ਹੀ ਵਿਚ ਪਤਾ ਲੱਗਾ ਹੈ ਕਿ ਇਕ ਸਕੂਲ ਸਟਾਫ਼ ਮੈਂਬਰ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ ਹੈ। ਇਸ ਸਮੇਂ ਅਸੀਂ ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਾਂ। ਰਿਪੋਰਟਾਂ ਮੁਤਾਬਕ 67 ਸਾਲਾ ਸਕੂਲ ਸਟਾਫ਼ ਬੀਬੀ ਨੂੰ ਕੋਰੋਨਾ ਵਾਇਰਸ ਹੋ ਗਿਆ ਸੀ। ਪਿਛਲੇ ਹਫ਼ਤੇ ਹੀ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਤੇ ਬੁੱਧਵਾਰ ਸਵੇਰੇ ਉਸ ਨੇ ਦਮ ਤੋੜ ਦਿੱਤਾ। 

ਟੋਰਾਂਟੋ ਪਬਲਿਕ ਸਿਹਤ ਮੰਤਰਾਲਾ ਨੇ ਦੱਸਿਆ ਕਿ ਜਾਂਚ ਹੋ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਹ ਸਕੂਲ ਤੋਂ ਹੀ ਵਾਇਰਸ ਦੀ ਲਪੇਟ ਵਿਚ ਆਈ ਜਾਂ ਬਾਹਰੋਂ ਕਿਸੇ ਦੇ ਸੰਪਰਕ ਵਿਚ ਆਉਣ ਨਾਲ ਉਹ ਬੀਮਾਰ ਹੋਈ। ਦੱਸਿਆ ਜਾ ਰਿਹਾ ਹੈ ਕਿ 12 ਨਵੰਬਰ ਨੂੰ ਉਹ ਸਕੂਲ ਆਈ ਸੀ ਤੇ ਉਸ ਸਮੇਂ ਇਕ ਹੀ ਕਲਾਸ ਲੱਗੀ ਸੀ। ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇਮਪਲੋਈ ਨੇ ਕਿਹਾ ਕਿ ਅਸੀਂ ਆਪਣੀ ਭੈਣ ਨੂੰ ਗੁਆਉਣ ਕਾਰਨ ਬਹੁਤ ਦੁਖੀ ਹਾਂ ਤੇ ਅਸੀਂ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਉਨ੍ਹਾਂ ਦਾ ਦੁੱਖ ਸਾਂਝਾ ਕਰਦੇ ਹਾਂ। ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਦੁੱਖ ਸਾਂਝਾ ਕੀਤਾ ਤੇ ਦੱਸਿਆ ਕਿ ਉਹ ਬਹੁਤ ਚੰਗੀ ਸੀ ਤੇ ਵਿਦਿਆਰਥੀ ਉਨ੍ਹਾਂ ਨੂੰ ਹਮੇਸ਼ਾ ਯਾਦ ਕਰਨਗੇ। ਇਸ ਸਮੇਂ 19 ਵਿਦਿਆਰਥੀ ਇਕਾਂਤਵਾਸ ਵਿਚ ਹਨ, ਜੋ 12 ਨਵੰਬਰ ਨੂੰ ਸਕੂਲ ਪੁੱਜੇ ਸਨ। 
ਦੱਸ ਦਈਏ ਕਿ ਓਂਟਾਰੀਓ ਵਿਚ ਮੱਧ ਸਤੰਬਰ ਤੋਂ ਸਕੂਲ ਖੁੱਲ੍ਹੇ ਸਨ ਤੇ ਇਸ ਤੋਂ ਬਾਅਦ 3600 ਮਾਮਲੇ ਸਕੂਲਾਂ ਨਾਲ ਸਬੰਧਤ ਪਾਏ ਗਏ, ਜਿਨ੍ਹਾਂ ਵਿਚ 461 ਸਟਾਫ਼ ਮੈਂਬਰ ਵੀ ਹਨ। ਵੱਡੀ ਗਿਣਤੀ ਵਿਚ ਵਿਦਿਆਰਥੀ ਤੇ ਸਟਾਫ਼ ਮੈਂਬਰ ਇਕਾਂਤਵਾਸ ਵਿਚ ਹਨ। 


author

Lalita Mam

Content Editor

Related News