ਓਨਟਾਰੀਓ 'ਚ ਕਾਰ 'ਚੋਂ ਮਿਲੀ 22 ਸਾਲਾ ਮੁੰਡੇ ਦੀ ਲਾਸ਼, ਦੋਸ਼ੀ ਗ੍ਰਿਫਤਾਰ

05/23/2018 3:06:54 PM

ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ 'ਚ ਬੀਤੇ ਵੀਰਵਾਰ ਨੂੰ ਇਕ ਕਾਰ 'ਚੋਂ 22 ਸਾਲਾ ਟੋਰਾਂਟੋ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਪੁਲਸ ਨੇ ਇਸ ਘਟਨਾ ਦੇ ਸੰੰਬੰਧ 'ਚ ਦੂਜੇ ਸ਼ੱਕੀ ਦੋਸ਼ੀ 'ਤੇ ਫਸਟ ਡਿਗਰੀ ਮਰਡਰ ਦੇ ਦੋਸ਼ ਲਾਏ ਹਨ। ਜਾਂਚਕਰਤਾਵਾਂ ਨੇ ਦੱਸਿਆ ਕਿ 17 ਮਈ ਨੂੰ 22 ਸਾਲਾ ਮੈਥਿਊ ਅਸੇਰਾ  ਕਾਰ ਦੀ ਡਰਾਈਵਰ ਸੀਟ 'ਤੇ ਮ੍ਰਿਤਕ ਮਿਲਿਆ ਸੀ। ਟੋਰਾਂਟੋ ਪੁਲਸ ਨੇ ਕਿਹਾ ਕਿ ਮੈਥਿਊ ਦੇ ਘਰ 'ਤੇ ਹੋਏ ਹਮਲੇ ਨਾਲ ਜੋੜ ਕੇ ਇਸ ਘਟਨਾ ਦੀ ਜਾਂਚ ਕੀਤੀ ਗਈ।
ਜਾਂਚਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮੈਥਿਊ ਦਾ ਦੋ ਵਿਅਕਤੀਆਂ ਵਲੋਂ ਕਤਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੋ ਵਿਅਕਤੀਆਂ ਨੇ ਮੈਥਿਊ ਦਾ ਕਤਲ ਕਰਨ ਮਗਰੋਂ ਉਸ ਦੇ ਘਰ ਨੂੰ ਲੁੱਟਿਆ ਅਤੇ ਉਸ ਦੇ ਕੁੱਤੇ ਨੂੰ ਵੀ ਮਾਰ ਦਿੱਤਾ। ਇਸ ਘਟਨਾ ਦੇ ਸੰੰਬੰਧ 'ਚ ਪੁਲਸ ਨੇ ਓਨਟਾਰੀਓ ਦੀ ਨਿਊਮਾਰਕੀਟ ਨੇੜਿਓਂ ਪਹਿਲੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਜਾਂਚਕਰਤਾਵਾਂ ਨੇ ਦੱਸਿਆ ਕਿ ਦੂਜੇ 22 ਸਾਲਾ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਉਸ 'ਤੇ ਲੁੱਟ-ਖੋਹ ਕਰਨ ਅਤੇ ਹਥਿਆਰ ਵਰਤਣ ਦੇ ਵੀ ਦੋਸ਼ ਲਾਏ ਹਨ। ਪੁਲਸ ਨੇ ਕਿਹਾ ਕਿ ਦੋਵੇਂ ਪੁਲਸ ਕਸਟੱਡੀ ਵਿਚ ਹਨ ਅਤੇ 1 ਜੂਨ ਨੂੰ ਦੋਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


Related News