ਸਾਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ''ਤੇ ਹਮਲੇ ''ਚ 3 ਯਾਤਰੀ ਜ਼ਖ਼ਮੀ
Saturday, Jun 18, 2022 - 03:38 PM (IST)
ਸਾਨ ਫਰਾਂਸਿਸਕੋ (ਏਜੰਸੀ)- ਅਮਰੀਕਾ ਦੇ ਸਾਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈਅੱਡੇ 'ਤੇ ਸ਼ੁੱਕਰਵਾਰ ਨੂੰ ਇਕ ਵਿਅਕਤੀ ਨੇ ਯਾਤਰੀਆਂ 'ਤੇ 'ਤੇਜ਼ਧਾਰ ਹਥਿਆਰ' ਨਾਲ ਹਮਲਾ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਮਲੇ ਵਿਚ 3 ਯਾਤਰੀ ਜ਼ਖ਼ਮੀ ਹੋ ਗਏ। ਹਾਲਾਂਕਿ ਬਾਅਦ ਵਿਚ ਅਧਿਕਾਰੀਆਂ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਸ ਨੇ ਕਿਹਾ, 'ਦੋਸ਼ੀ ਨੇ ਸ਼ਾਮ 6 ਵਜੇ ਦੇ ਕਰੀਬ ਹਵਾਈਅੱਡੇ ਦੇ ਅੰਤਰਰਾਸ਼ਟਰੀ ਟਰਮੀਨਲ ਵਿਚ ਪ੍ਰਵੇਸ਼ ਕੀਤਾ ਅਤੇ ਡਿਪਾਰਚਰ ਟਰਮੀਨਲ ਵਿਚ ਚਾਰੇ ਪਾਸੇ ਘੁੰਮਦੇ ਹੋਏ ਅਚਾਨਕ ਇਕ ਤੇਜ਼ਧਾਰ ਹਥਿਆਰ ਨਾਲ 3 ਲੋਕਾਂ 'ਤੇ ਹਮਲਾ ਕਰ ਦਿੱਤਾ।' ਹਵਾਈਅੱਡੇ 'ਤੇ ਤਾਇਨਾਤ ਪ੍ਰਬੰਧਕ ਰਸੇਲ ਮੈਕੇ ਨੇ ਸਾਨ ਫਰਾਂਸਿਸਕੋ ਪੁਲਸ ਨੂੰ ਦੱਸਿਆ ਕਿ ਜਿਸ ਸਮੇਂ ਯਾਤਰੀਆਂ 'ਤੇ ਹਮਲਾ ਹੋਇਆ, ਉਸ ਸਮੇਂ ਉਹ ਸੁਰੱਖਿਆ ਜਾਂਚ ਤੋਂ ਪਹਿਲਾਂ ਦੇ ਖੇਤਰ ਵਿਚ ਸਨ। ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀਆਂ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਉਸ ਦੇ ਨਾਮ ਦਾ ਖ਼ੁਲਾਸਾ ਅਜੇ ਤੱਕ ਨਹੀਂ ਕੀਤਾ ਗਿਆ ਹੈ।
ਅਧਿਕਾਰੀਆਂ ਮੁਤਾਬਕ ਪੀੜਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਯਾਤਰਾ ਤੋਂ ਪਹਿਲਾਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਘਟਨਾ ਦੇ ਚੱਲਦੇ ਹਵਾਈਅੱਡੇ ਤੋਂ ਕਿਸੇ ਹੋਰ ਉਡਾਣ ਦਾ ਸੰਚਾਲਨ ਪ੍ਰਭਾਵਿਤ ਨਹੀਂ ਹੋਇਆ। ਰਸੇਲ ਮੈਕੇ ਨੇ ਕਿਹਾ ਕਿ ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਸ਼ੱਕੀ ਕਿਹੜੀ ਉਡਾਣ ਦਾ ਯਾਤਰੀ ਸੀ ਜਾਂ ਨਹੀਂ ਅਤੇ ਉਸ ਨੇ ਕਿਸ ਮਕਸਦ ਨਾਲ ਹਮਲਾ ਕੀਤਾ। ਹਵਾਈਅੱਡੇ 'ਤੇ ਮੌਜੂਦ ਕੇਟੀਵੀਯੂ-ਟੀਵੀ ਦੇ ਇਕ ਪੱਤਰਕਾਰ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਤੇਜ਼ਧਾਰ ਹਥਿਆਰ ਹਟਾ ਦਿੱਤਾ ਗਿਆ ਹੈ। ਹਾਲਾਂਕਿ ਹਮਲੇ ਨਾਲ ਜੁੜੀ ਹੋਰ ਜਾਣਕਾਰੀ ਤੁਰੰਤ ਉਪਲੱਬਧ ਨਹੀਂ ਸੀ।