ਜੰਗਬੰਦੀ ਦੇ 7ਵੇਂ ਦਿਨ ਇਜ਼ਰਾਈਲ ’ਚ ਫਿਲਸਤੀਨੀ ਅੱਤਵਾਦੀਆਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, 3 ਦੀ ਮੌਤ

Friday, Dec 01, 2023 - 10:05 AM (IST)

ਜੰਗਬੰਦੀ ਦੇ 7ਵੇਂ ਦਿਨ ਇਜ਼ਰਾਈਲ ’ਚ ਫਿਲਸਤੀਨੀ ਅੱਤਵਾਦੀਆਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, 3 ਦੀ ਮੌਤ

ਯੇਰੂਸ਼ਲਮ (ਬਿਊਰੋ) – ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਦੇ 7ਵੇਂ ਦਿਨ ਯੇਰੂਸ਼ਲਮ ਦੇ ਇਕ ਬੱਸ ਸਟਾਪ ’ਤੇ ਫਿਲਸਤੀਨੀ ਬੰਦੂਕਧਾਰੀਆਂ ਵੱਲੋਂ ਕੀਤੀ ਗਈ ਫਾਇਰਿੰਗ ’ਚ ਘੱਟੋ-ਘੱਟ 3 ਇਜ਼ਰਾਈਲੀ ਮਾਰੇ ਗਏ ਅਤੇ 6 ਹੋਰ ਜ਼ਖਮੀ ਹੋ ਗਏ।ਇਸ ਨਾਲ ਇਲਾਕੇ ’ਚ ਹਿੰਸਾ ਫੈਲਣ ਕਾਰਨ ਸ਼ਾਂਤੀ ਭੰਗ ਹੋ ਗਈ। ਇਜ਼ਰਾਈਲੀ ਪੁਲਸ ਫੋਰਸ ਨੇ ਕਿਹਾ, 'ਸਵੇਰੇ 7 : 40 ਵਜੇ ਦੇ ਕਰੀਬ 2 ਫਿਲਸਤੀਨੀ ਬੰਦੂਕਧਾਰੀ ਰਾਜਧਾਨੀ ਦੇ ਮੁੱਖ ਐਂਟਰੀ ਗੇਟ ਦੀ ਵੀਜਮੈਨ ਸਟ੍ਰੀਟ ’ਚ ਇਕ ਵਾਹਨ ’ਚੋਂ ਬਾਹਰ ਨਿਕਲੇ ਅਤੇ ਇਕ ਬੱਸ ਸਟਾਪ ’ਤੇ ਖੜੇ ਲੋਕਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਲਾਕੇ ’ਚ ਤਾਇਨਾਤ 2 ਆਫ ਡਿਊਟੀ ਸਿਪਾਹੀਆਂ ਅਤੇ ਇਕ ਹਥਿਆਰਬੰਦ ਆਮ ਨਾਗਰਿਕ ਨੇ 2 ਹਮਲਾਵਰਾਂ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ।'

ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਚੱਲ ਰਹੇ ਵੀਡੀਓਜ਼ ਵਿੱਚ 2 ਬੰਦੂਕਧਾਰੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਨ ਤੋਂ ਬਾਅਦ ਲੋਕ ਵੱਖ-ਵੱਖ ਦਿਸ਼ਾਵਾਂ ਵਿੱਚ ਦੌੜਦੇ ਹੋਏ ਨਜ਼ਰ ਆ ਰਹੇ ਹਨ। ਇਜ਼ਰਾਈਲ ਦੀ ਅੰਦਰੂਨੀ ਸੁਰੱਖਿਆ ਏਜੰਸੀ ‘ਸ਼ਿਨ ਬੇਟ’ ਨੇ ਹਮਲਾਵਰਾਂ ਦੀ ਪਛਾਣ ਪੂਰਬੀ ਯੇਰੂਸ਼ਲਮ ਦੇ ਮੁਰਾਦ ਨਾਮਰ (38) ਅਤੇ ਉਸ ਦੇ ਭਰਾ ਇਬਰਾਹਿਮ ਨਾਮਰ (30) ਵਜੋਂ ਕੀਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਤਨਜ਼ਾਨੀਆ 'ਚ ਬੱਸ-ਰੇਲ ਗੱਡੀ ਦੀ ਜ਼ਬਰਦਸਤ ਟੱਕਰ, 13 ਯਾਤਰੀਆਂ ਦੀ ਦਰਦਨਾਕ ਮੌਤ 

ਏਜੰਸੀ ਨੇ ਕਿਹਾ ਕਿ ਦੋਵੇਂ ਹਮਾਸ ਦੇ ਮੈਂਬਰ ਸਨ ਅਤੇ ਪਹਿਲਾਂ ਵੀ ਅੱਤਵਾਦੀ ਗਤੀਵਿਧੀਆਂ ਲਈ ਜੇਲ ਜਾ ਚੁੱਕੇ ਸਨ। ਏਜੰਸੀ ਨੇ ਕਿਹਾ ਕਿ ਮੁਰਾਦ ਨੂੰ 2010 ਅਤੇ 2020 ਦਰਮਿਆਨ ਗਾਜ਼ਾ ਪੱਟੀ ਵਿੱਚ ਅੱਤਵਾਦੀਆਂ ਦੇ ਨਿਰਦੇਸ਼ਾਂ ’ਤੇ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਲਈ ਜੇਲ ਵਿੱਚ ਬੰਦ ਕੀਤਾ ਗਿਆ ਸੀ ਅਤੇ ਇਬਰਾਹਿਮ ਨੂੰ 2014 ਵਿੱਚ ਅੱਤਵਾਦੀ ਗਤੀਵਿਧੀਆਂ ਲਈ ਜੇਲ ਭੇਜਿਆ ਗਿਆ ਸੀ। ਫੁਟੇਜ ਤੋਂ ਪਤਾ ਲੱਗਾ ਹੈ ਕਿ ਦੋਵੇਂ ਅੱਤਵਾਦੀ ਐੱਮ-16 ਅਸਾਲਟ ਰਾਈਫਲ ਅਤੇ ਹੈਂਡਗਨ ਨਾਲ ਲੈਸ ਸਨ।

ਪੁਲਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ ਹੋਇਆ। ਪੁਲਸ ਹੋਰ ਹਮਲਾਵਰਾਂ ਨੂੰ ਫੜਨ ਲਈ ਇਲਾਕੇ ’ਚ ਤਲਾਸ਼ੀ ਮਹਿੰਮ ਚਲਾ ਰਹੀ ਹੈ। ਹਮਲੇ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੇ ਡਾਕਟਰਾਂ ਨੇ ਇਕ 24 ਸਾਲਾ ਔਰਤ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ, ਜਦਕਿ ਹਸਪਤਾਲ ’ਚ ਲਿਆਂਦੇ ਗਏ 8 ਜ਼ਖਮੀਆਂ ’ਚੋਂ ਇਕ ਬਜ਼ੁਰਗ ਅਤੇ ਇਕ ਔਰਤ ਨੇ ਵੀ ਦਮ ਤੋੜ ਦਿੱਤਾ। ਜ਼ਖਮੀਆਂ ’ਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਤਕਰੀਬਨ ਇਕ ਸਾਲ ਪਹਿਲਾਂ ਇਸੇ ਬੱਸ ਅੱਡੇ ’ਤੇ ਇਕ ਜਾਨਲੇਵਾ ਬੰਬ ਹਮਲਾ ਹੋਇਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਰਿਪੋਰਟ 'ਚ ਖ਼ੁਲਾਸਾ, ਯੂ.ਕੇ 'ਚ ਵਿਦੇਸ਼ੀ ਕਾਮਿਆਂ ਦਾ ਵੱਡੇ ਪੱਧਰ 'ਤੇ ਹੋ ਰਿਹੈ ਸ਼ੋਸ਼ਣ

ਗਰਭਵਤੀ ਔਰਤ ਦੀ ਚਾਕੂ ਮਾਰ ਕੇ ਹੱਤਿਆ
ਤੇਲ ਅਵੀਵ : ਇਜ਼ਰਾਈਲ ਦੇ ਲੋਦ ਸ਼ਹਿਰ ਵਿੱਚ ਵੀਰਵਾਰ ਸਵੇਰੇ ਇਕ 20 ਸਾਲਾ ਗਰਭਵਤੀ ਇਜ਼ਰਾਈਲੀ-ਅਰਬ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਔਰਤ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਮਾਂ ਅਤੇ ਬੱਚੇ ਨੂੰ ਬਚਾਉਣ ਵਿੱਚ ਨਾਕਾਮ ਰਹੇ।

ਇਕ ਹੋਰ ਦਿਨ ਲਈ ਵਧਾਈ ਜੰਗਬੰਦੀ
ਇਸਰਾਈਲ ਅਤੇ ਹਮਾਸ ਵਿਚਾਲੇ ਵੀਰਵਾਰ ਸਵੇਰੇ 7 ਵਜੇ ਆਰਜ਼ੀ ਜੰਗਬੰਦੀ ਖਤਮ ਹੋਣ ਤੋਂ ਕੁਝ ਪਲ ਪਹਿਲਾਂ, ਇਜ਼ਰਾਈਲੀ ਫੌਜ ਨੇ ਅਧਿਕਾਰਤ ਤੌਰ ’ਤੇ ਜੰਗਬੰਦੀ ਨੂੰ ਇਕ ਦਿਨ ਹੋਰ ਵਧਾਉਣ ਦਾ ਐਲਾਨ ਕੀਤਾ। ਵਾਧੂ ਬੰਧਕਾਂ ਦੀ ਰਿਹਾਈ ਲਈ ਗੱਲਬਾਤ ਜਾਰੀ ਹੈ। ਹਮਾਸ ਅਤੇ ਕਤਰ ਦੋਵਾਂ ਨੇ ਜੰਗਬੰਦੀ ਨੂੰ ਵਧਾਉਣ ਦੀ ਪੁਸ਼ਟੀ ਕੀਤੀ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

sunita

Content Editor

Related News