ਮਿਨੇਸੋਟਾ ’ਚ ਹਜ਼ਾਰਾਂ ਲੋਕ ਇਮੀਗ੍ਰੇਸ਼ਨ ਇਨਫੋਰਸਮੈਂਟ ਖਿਲਾਫ ਸੜਕਾਂ ’ਤੇ ਉਤਰੇ, ਲਗਭਗ 100 ਪਾਦਰੀ ਗ੍ਰਿਫਤਾਰ

Sunday, Jan 25, 2026 - 10:08 AM (IST)

ਮਿਨੇਸੋਟਾ ’ਚ ਹਜ਼ਾਰਾਂ ਲੋਕ ਇਮੀਗ੍ਰੇਸ਼ਨ ਇਨਫੋਰਸਮੈਂਟ ਖਿਲਾਫ ਸੜਕਾਂ ’ਤੇ ਉਤਰੇ, ਲਗਭਗ 100 ਪਾਦਰੀ ਗ੍ਰਿਫਤਾਰ

ਮਿਨੀਆਪੋਲਿਸ (ਭਾਸ਼ਾ)– ਅਮਰੀਕਾ ’ਚ ਮਿਨੇਸੋਟਾ ਸੂਬੇ ਦੇ ਸਭ ਤੋਂ ਵੱਡੇ ਹਵਾਈ ਅੱਡੇ ’ਤੇ ਸ਼ੁੱਕਰਵਾਰ ਨੂੰ ਇਮੀਗ੍ਰੇਸ਼ਨ ਇਨਫੋਰਸਮੈਂਟ ਦੇ ਵਿਰੋਧ ’ਚ ਵਿਖਾਵਾ ਕਰ ਰਹੇ ਲੱਗਭਗ 100 ਪਾਦਰੀਆਂ ਨੂੰ ਪੁਲਸ ਨੇ ਗ੍ਰਿਫਤਰ ਕਰ ਲਿਆ। ਇਸ ਦੌਰਾਨ ਕੜਾਕੇ ਦੀ ਠੰਢ ਦੇ ਬਾਵਜੂਦ ਹਜ਼ਾਰਾਂ ਲੋਕ ਮਿਨੀਆਪੋਲਿਸ ਉਪਨਗਰ ’ਚ ਟਰੰਪ ਪ੍ਰਸ਼ਾਸਨ ਦੀ ਸਖਤ ਇਮੀਗ੍ਰੇਸ਼ਨ ਕਾਰਵਾਈ ਖਿਲਾਫ ਸੜਕਾਂ ’ਤੇ ਉਤਰੇ। ਇਹ ਵਿਖਾਵੇ ਸੂਬੇ ਭਰ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਵਧੀਆਂ ਹੋਈਆਂ ਇਮੀਗ੍ਰੇਸ਼ਨ ਕਾਰਵਾਈਆਂ ਦੇ ਵਿਰੋਧ ’ਚ ਜਾਰੀ ਵਿਆਪਕ ਅੰਦੋਲਨ ਦਾ ਹਿੱਸਾ ਹਨ। ਮਜ਼ਦੂਰ ਸੰਘਾਂ, ਪ੍ਰਗਤੀਸ਼ੀਲ ਸੰਗਠਨਾਂ ਅਤੇ ਧਰਮ ਗੁਰੂਆਂ ਨੇ ਮਿਨੇਸੋਟਾ ਦੇ ਲੋਕਾਂ ਨੂੰ ਕੰਮ, ਸਕੂਲ ਅਤੇ ਇੱਥੋਂ ਤਕ ਕਿ ਦੁਕਾਨਾਂ ’ਤੇ ਵੀ ਨਾ ਜਾਣ ਦੀ ਅਪੀਲ ਕੀਤੀ ਹੈ।

‘ਮੈਟਰੋਪਾਲੀਟਨ ਏਅਰਪੋਰਟਸ ਕਮਿਸ਼ਨ’ ਦੇ ਬੁਲਾਰੇ ਜੇਫ ਲੀ ਨੇ ਦੱਸਿਆ ਕਿ ਪਾਦਰੀਆਂ ਨੂੰ ਗੈਰ-ਕਾਨੂੰਨੀ ਦਾਖਲੇ ਅਤੇ ਸ਼ਾਂਤੀ ਅਧਿਕਾਰੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਮਾਮੂਲੀ ਅਪਰਾਧ ਦੇ ਨੋਟਿਸ ਦਿੱਤੇ ਗਏ ਅਤੇ ਬਅਦ ’ਚ ਛੱਡ ਦਿੱਤਾ ਗਿਆ। ਉਨ੍ਹਾਂ ਨੂੰ ਮਿਨੀਆਪੋਲਿਸ ਸੇਂਟ ਪਾਲ ਕੌਮਾਂਤਰੀ ਹਵਾਈ ਅੱਡੇ ਦੇ ਮੁੱਖ ਟਰਮੀਨਲ ਦੇ ਬਾਹਰ ਇਸ ਲਈ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹ ਹਵਾਈ ਸੇਵਾਵਾਂ ਵਿਚ ਰੁਕਾਵਟ ਪਾ ਰਹੇ ਸਨ। ਵਿਖਾਵਾਕਾਰੀਆਂ ਨੇ ਅਮਰੀਕਾ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ (ਆਈ. ਸੀ. ਈ.) ਨੂੰ ਮਿਨੇਸੋਟਾ ਤੋਂ ਜਾਣ ਦੀ ਮੰਗ ਕੀਤੀ। ਵਿਖਾਵੇ ਦੇ ਆਯੋਜਕਾਂ ਨੇ ਦੱਸਿਆ ਕਿ ਪੂਰੇ ਸੂਬੇ ਵਿਚ ਇਕਜੁੱਟਤਾ ਦੇ ਤੌਰ ’ਤੇ 700 ਤੋਂ ਵੱਧ ਕਾਰੋਬਾਰ ਬੰਦ ਰਹੇ। ਇਸ ਦੌਰਾਨ ਗ੍ਰਹਿ ਮੰਤਰਾਲਾ ਨੇ ਪੁਸ਼ਟੀ ਕੀਤੀ ਕਿ 2 ਸਾਲਾ ਤੇ 5 ਸਾਲਾ ਬੱਚਿਆਂ ਨੂੰ ਉਨ੍ਹਾਂ ਦੇ ਪਿਤਾ ਦੇ ਨਾਲ ਹਿਰਾਸਤ ਵਿਚ ਲਿਆ ਗਿਆ ਹੈ। ਅਸਲ ’ਚ ਮਿਨੇਸੋਟਾ ’ਚ ਫੈਡਰਲ ਏਜੰਟ ਸਕੂਲ ਤੋਂ ਘਰ ਵਾਪਸ ਆ ਰਹੇ 5 ਸਾਲਾ ਬੱਚੇ ਨੂੰ ਉਸ ਦੇ ਪਿਤਾ ਦੇ ਨਾਲ ਟੈਕਸਾਸ ਦੇ ਇਕ ਹਿਰਾਸਤ ਕੇਂਦਰ ਵਿਚ ਲੈ ਗਏ।


author

cherry

Content Editor

Related News