ਇੰਡੋਨੇਸ਼ੀਆ ''ਚ ਟਰੰਪ ਵਿਰੁੱਧ ਹਜ਼ਾਰਾਂ ਲੋਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

Sunday, Dec 17, 2017 - 03:59 PM (IST)

ਜਕਾਰਤਾ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਮੰਨਣ ਦੇ ਐਲਾਨ ਤੋਂ ਬਾਅਦ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਮੁੱਖ ਸਮਜਿਦ ਤੋਂ ਹਜ਼ਾਰਾਂ ਮੁਸਲਮਾਨਾਂ ਨੇ ਐਤਵਾਰ ਨੂੰ ਰੈਲੀ ਕੱਢ ਕੇ ਪ੍ਰਦਰਸ਼ਨ ਕੀਤਾ। ਪੁਲਸ ਦਾ ਅਨੁਮਾਨ ਹੈ ਕਿ ਜਲੂਸ ਵਿਚ ਵੱਖ-ਵੱਖ ਮੁਸਲਿਮ ਸੰਗਠਨਾਂ ਦੇ ਲੱਗਭਗ 80 ਹਜ਼ਾਰ ਲੋਕਾਂ ਨੇ ਹਿੱਸਾ ਲਿਆ ਹੈ। ਵਿਰੋਧ ਪ੍ਰਦਰਸ਼ਨ ਹਾਲਾਂਕਿ ਸ਼ਾਂਤੀਪੂਰਨ ਰਿਹਾ ਪਰ ਪੁਲਸ ਨੇ ਜਕਾਰਤਾ ਸਥਿਤ ਅਮਰੀਕੀ ਦੂਤਘਰ ਦੇ ਬਾਹਰ ਕੰਟੀਲੀਆਂ ਤਾਰਾਂ ਦਾ ਬਾੜਾ ਲਾ ਕੇ ਅੰਦੋਲਨ ਕਰ ਰਹੇ ਲੋਕਾਂ ਨੂੰ ਕਾਬੂ 'ਚ ਰੱਖਿਆ।
ਕਈ ਪ੍ਰਦਰਸ਼ਨਕਾਰੀ ਸਫੈਦ ਕੱਪੜੇ ਲਪੇਟ ਕੇ ਅਤੇ ਹੱਥ 'ਚ ਫਿਲਸਤੀਨੀ ਝੰਡੇ ਫੜ ਕੇ ਸ਼ਾਂਤੀ, ਪ੍ਰੇਮ ਅਤੇ ਸੁਤੰਤਰ ਫਿਲਸਤੀਨ ਦੇ ਬੈਨਰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਇੰਡੋਨੇਸ਼ੀਆ 'ਚ ਇਸ ਮੁੱਦੇ 'ਤੇ ਥਾਂ-ਥਾਂ ਵਿਰੋਧ ਹੋ ਰਹੇ ਹਨ, ਜਿਨ੍ਹਾਂ ਵਿਚ ਕੁਝ ਕਟੜਪੰਥੀ ਸੰਗਠਨਾਂ ਨੂੰ ਅਮਰੀਕਾ ਅਤੇ ਇਜ਼ਰਾਇਲ ਦੇ ਝੰਡੇ ਸਾੜਦੇ ਹੋਏ ਦੇਖਿਆ ਗਿਆ ਹੈ।
ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਜਲੂਸ ਦੌਰਾਨ 20 ਹਜ਼ਾਰ ਪੁਲਸ ਅਤੇ ਫੌਜੀ ਤਾਇਨਾਤ ਸਨ। ਇੰਡੋਨੇਸ਼ੀਆ ਉਲੇਮਾ ਕੌਂਸਲਰ ਦੇ ਜਨਰਲ ਸਕੱਤਰ ਅਨਵਰ ਅੱਬਾਸ ਨੇ ਭੀੜ 'ਚ ਕਿਹਾ ਕਿ ਉਹ ਸਾਰੇ ਦੇਸ਼ਾਂ ਤੋਂ ਅਮਰੀਕਾ ਵਲੋਂ ਯੇਰੂਸ਼ਲਮ ਦੀ ਰਾਜਧਾਨੀ ਮੰਨਣ ਦੇ ਇਕ ਪਾਸੜ ਅਤੇ ਗੈਰ-ਕਾਨੂੰਨੀ ਫੈਸਲੇ ਨੂੰ ਖਾਰਜ ਕਰਨ ਦੀ ਅਪੀਲ ਕਰਦੇ ਹਨ। ਉਨ੍ਹਾਂ ਨੇ ਇੰਡੋਨੇਸ਼ੀਆ ਵਿਚ ਅਮਰੀਕੀ ਰਾਜਦੂਤ ਨੂੰ ਪਟੀਸ਼ਨ ਦੇਣ ਤੋਂ ਪਹਿਲਾਂ ਕਿਹਾ ਕਿ ਉਹ ਇੰਡੋਨੇਸ਼ੀਆ ਦੇ ਲੋਕਾਂ ਨੂੰ ਅਮਰੀਕਾ ਅਤੇ ਇਜ਼ਰਾਇਲ ਦੇ ਉਤਪਾਦਾਂ ਦਾ ਬਾਈਕਾਟ ਕਰਨ ਦੀ ਅਪੀਲ ਕਰਦੇ ਹਨ।  


Related News