ਹਜ਼ਾਰਾਂ ਲੋਕਾਂ ਨੇ ਇਬਰਾਹਿਮ ਰਈਸੀ ਨੂੰ ਦਿੱਤੀ ਅੰਤਿਮ ਵਿਦਾਈ, ਜੱਦੀ ਸ਼ਹਿਰ ਮਸ਼ਾਦ ’ਚ ਦਫ਼ਨਾਈ ਜਾਵੇਗੀ ਮ੍ਰਿਤਕ ਦੇਹ
Tuesday, May 21, 2024 - 10:16 PM (IST)
 
            
            ਤਹਿਰਾਨ : ਈਰਾਨ ਦੇ ਮਰਹੂਮ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਅੰਤਿਮ ਯਾਤਰਾ ਵਿਚ ਮੰਗਲਵਾਰ ਨੂੰ ਹਜ਼ਾਰਾਂ ਲੋਕ ਸ਼ਾਮਿਲ ਹੋਏ। ਅਜ਼ਰਬੈਜਾਨ ਦੀ ਸਰਹੱਦ ਨੇੜੇ ਐਤਵਾਰ ਨੂੰ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਈਰਾਨ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ ਸੀ। ਈਰਾਨੀ ਰਾਸ਼ਟਰਪਤੀ ਦੀ ਮੌਤ ਤੋਂ ਬਾਅਦ ਪੂਰੇ ਈਰਾਨ ’ਚ ਸੋਗ ਦੀ ਲਹਿਰ ਹੈ। ਅੰਤਿਮ ਯਾਤਰਾ ਵਿਚ ਹਜ਼ਾਰਾਂ ਲੋਕ ਕਾਲੇ ਕੱਪੜੇ ਪਾ ਕੇ ਸ਼ਾਮਿਲ ਹੋਏ। ਲੋਕਾਂ ਦੇ ਚਿਹਰਿਆਂ ’ਤੇ ਨਿਰਾਸ਼ਾ ਛਾਈ ਹੋਈ ਸੀ।
ਆਧੁਨਿਕ ਹਥਿਆਰਾਂ ਨਾਲ ਲੈਸ ਈਰਾਨੀ ਗਾਰਡ ਭੀੜ ’ਤੇ ਨਜ਼ਰ ਰੱਖ ਰਹੇ ਸਨ। ਈਰਾਨੀ ਅਧਿਕਾਰੀਆਂ ਨੇ ਆਪਣੇ ਨੇਤਾ ਦੀ ਅੰਤਿਮ ਵਿਦਾਈ ਦੌਰਾਨ ਭਾਸ਼ਣ ਦਿੱਤੇ ਅਤੇ ਸੋਗਮਈ ਸੰਗੀਤ ਵਜਾਇਆ ਗਿਆ। ਅੰਤਿਮ ਯਾਤਰਾ ਵਿਚ ਲੋਕਾਂ ਨੂੰ ਈਰਾਨੀ ਝੰਡੇ ਅਤੇ ਰਈਸੀ ਦੀਆਂ ਫੋਟੋਆਂ ਦੇ ਨਾਲ ਦੇਖਿਆ ਗਿਆ। ਕੁਝ ਲੋਕ ਫਿਲਸਤੀਨ ਦਾ ਝੰਡਾ ਵੀ ਲਿਆਏ ਹੋਏ ਸਨ। ਅੰਤਿਮ ਯਾਤਰਾ ਵਿਚ ਰਾਸ਼ਟਰਪਤੀ ਰਈਸੀ, ਵਿਦੇਸ਼ ਮੰਤਰੀ ਅਤੇ ਹੋਰ ਅਧਿਕਾਰੀਆਂ ਦੇ ਤਾਬੂਤ ਇਕ ਟਰੱਕ 'ਤੇ ਰੱਖੇ ਗਏ ਸਨ। ਤਾਬੂਤਾਂ ਨੂੰ ਸਫੈਦ ਫੁੱਲਾਂ ਨਾਲ ਸਜਾਇਆ ਗਿਆ ਸੀ। ਜਿਧਰੋਂ ਟਰੱਕ ਲੰਘ ਰਿਹਾ ਸੀ, ਲੋਕ ਤਾਬੂਤ ਨੂੰ ਛੂਹ ਰਹੇ ਸਨ। ਰਈਸੀ ਦੀ ਅੰਤਿਮ ਯਾਤਰਾ ਦੌਰਾਨ ਮੰਗਲਵਾਰ ਨੂੰ ਸਾਰੇ ਸਰਕਾਰੀ ਦਫਤਰ ਅਤੇ ਦੁਕਾਨਾਂ ਬੰਦ ਰਹੀਆਂ। ਈਰਾਨ ਦੇ ਰਾਸ਼ਟਰਪਤੀ ਨੂੰ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਮਸ਼ਾਦ ’ਚ ਦਫ਼ਨਾਇਆ ਜਾਵੇਗਾ।

ਹਾਦਸੇ ਵਾਲੀ ਥਾਂ ’ਤੇ ਸਭ ਤੋਂ ਪਹਿਲਾਂ ਪਹੁੰਚਾ ਤੁਰਕੀ ਦਾ ਬਲਾਗਰ
ਅਜ਼ਰਬੈਜਾਨ ’ਚ ਇਕ ਡੈਮ ਦਾ ਉਦਘਾਟਨ ਕਰਨ ਤੋਂ ਬਾਅਦ ਈਰਾਨ ਪਰਤ ਰਹੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੇ ਹੈਲੀਕਾਪਟਰ ਹਾਦਸੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਤੁਰਕੀ ਦੇ ਇਕ ਬਲਾਗਰ ਨੇ ਹੈਲੀਕਾਪਟਰ ਕਿਵੇਂ ਕ੍ਰੈਸ਼ ਹੋਇਆ, ਕਿੱਥੇ ਮਲਬਾ ਪਿਆ ਹੈ, ਸਾਰਾ ਮੰਜਰ ਆਪਣੇ ਵੀਡੀਓ ਵਿਚ ਸ਼ੂਟ ਕੀਤਾ ਹੈ। ਬਲਾਗਰ ਐਡਮ ਮੇਟਨ ਦੱਸਦੇ ਹਨ ਕਿ ਅਸੀਂ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਇੱਥੇ ਪਹੁੰਚੇ ਹਾਂ। ਉਹ ਹੈਲੀਕਾਪਟਰ ਹਾਦਸੇ ਵਾਲੀ ਥਾਂ 'ਤੇ ਪਹੁੰਚਣ ਵਾਲਾ ਪਹਿਲਾ ਵਿਅਕਤੀ ਸੀ। ਉਸ ਦੀ ਵੀਡੀਓ ਵਿਚ ਇਕ ਦਰੱਖਤ ਦੇ ਕੋਲ ਮਲਬਾ ਦੇਖਿਆ ਜਾ ਸਕਦਾ ਹੈ। ਬਲਾਗਰ ਇਸ ਮਲਬੇ ਨੂੰ ਈਰਾਨ ਦੇ ਰਾਸ਼ਟਰਪਤੀ ਰਈਸੀ ਦੇ ਹੈਲੀਕਾਪਟਰ ਦਾ ਦੱਸ ਰਿਹਾ ਹੈ। ਵੀਡੀਓ ’ਚ ਹਰ ਪਾਸੇ ਧੁੰਦ ਦੇਖੀ ਜਾ ਸਕਦੀ ਹੈ। ਹੈਲੀਕਾਪਟਰ 3 ਹਿੱਸਿਆਂ 'ਚ ਟੁੱਟਿਆ ਸੀ, ਅਗਲਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ ਸੀ। 

ਜੈਸ਼ੰਕਰ ਨੇ ਈਰਾਨੀ ਦੂਤਘਰ ਜਾ ਕੇ ਦਿੱਤੀ ਸ਼ਰਧਾਂਜਲੀ, ਅੰਤਿਮ ਸੰਸਕਾਰ ਲਈ ਈਰਾਨ ਜਾਣਗੇ ਉਪ ਰਾਸ਼ਟਰਪਤੀ ਧਨਖੜ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਈਰਾਨੀ ਦੂਤਾਵਾਸ ਦਾ ਦੌਰਾ ਕੀਤਾ ਅਤੇ ਰਾਸ਼ਟਰਪਤੀ ਇਬਰਾਹਿਮ ਰਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੁੱਲਾਯਾਨ ਦੀ ਮੌਤ 'ਤੇ ਭਾਰਤ ਦੇ ਡੂੰਘੇ ਸੰਵੇਦਨਾ ਦਾ ਪ੍ਰਗਟਾਵਾ ਕੀਤਾ। ਜੈਸ਼ੰਕਰ ਨੇ ਕਿਹਾ ਕਿ ਭਾਰਤ ਇਸ ਔਖੀ ਘੜੀ ਵਿੱਚ ਈਰਾਨ ਦੇ ਲੋਕਾਂ ਨਾਲ ਏਕਤਾ ਵਿੱਚ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਰਈਸੀ ਅਤੇ ਅਬਦੁੱਲਾਯਾਨ ਨੂੰ ਭਾਰਤ ਦੇ ਮਿੱਤਰਾਂ ਵਜੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ ਜਿਨ੍ਹਾਂ ਨੇ ਭਾਰਤ-ਇਰਾਨ ਸਬੰਧਾਂ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ। ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਭਾਰਤ ਦੇ ਪ੍ਰਤੀਨਿਧੀ ਵਜੋਂ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਈਸੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਧਨਖੜ ਦੇ ਬੁੱਧਵਾਰ ਨੂੰ ਈਰਾਨ ਲਈ ਰਵਾਨਾ ਹੋਣ ਦੀ ਸੰਭਾਵਨਾ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            