ਦੁਨੀਆਭਰ ''ਚ ਦਿਨੋਂ ਦਿਨ ਵਧਦੀ ਜਾ ਰਹੀ ਹੈ ਕੋਰੋਨਾ ਦੀ ਦਹਿਸ਼ਤ, ਸਾਹਮਣੇ ਆਏ ਹਜ਼ਾਰਾਂ ਮਾਮਲੇ

03/21/2020 2:56:19 PM

ਵਾਸ਼ਿੰਗਟਨ- ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਵਧਦਾ ਹੀ ਜਾ ਰਿਹਾ ਹੈ। ਇਸ ਜਾਨਲੇਵਾ ਮਹਾਮਾਰੀ ਕਾਰਨ ਹੁਣ ਤੱਕ 11 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ ਤੇ 2.7 ਲੱਖ ਤੋਂ ਵਧੇਰੇ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ 90 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬੀਤੇ 24 ਘੰਟਿਆਂ ਦੌਰਾਨ ਵੀ ਦੁਨੀਆ ਭਰ ਵਿਚ ਹਜ਼ਾਰਾਂ ਇਨਫੈਕਸ਼ਨ ਦੇ ਮਾਮਲੇ ਸਾਹਣੇ ਆਏ ਹਨ।

ਬ੍ਰਾਜ਼ੀਲ ਵਿਚ 11 ਦੀ ਮੌਤ ਤੇ 904 ਨਵੇਂ ਮਾਮਲੇ
ਗਲੋਬਲ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾਵਾਇਰਸ ਦੇ ਬ੍ਰਾਜ਼ੀਲ ਵਿਚ ਹੁਣ ਤੱਕ ਕੁੱਲ 904 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿਚੋਂ 11 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲਾ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਦੀ ਸਿਹਤ ਦੇਖਭਾਲ ਪ੍ਰਣਾਲੀ ਨੂੰ ਅਪ੍ਰੈਲ ਦੇ ਅਖੀਰ ਤੱਕ ਕੋਰੋਨਾ ਦੇ ਫੈਲਣ ਦੇ ਖਤਰੇ ਦਾ ਸਾਹਮਣਾ ਕਰਨਾ ਪਵੇਗਾ। ਦੇਸ਼ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਉਮੀਦ ਜਤਾਈ ਕਿ ਆਉਣ ਵਾਲੇ ਤਿੰਨ-ਚਾਰ ਮਹੀਨਿਆਂ ਵਿਚ ਇਸ ਮਹਾਮਾਰੀ ਦਾ ਕਹਿਰ ਘੱਟ ਜਾਵੇਗਾ।

ਦੱਖਣੀ ਕੋਰੀਆ 'ਚ 8 ਮੌਤਾਂ, 8700 ਪ੍ਰਭਾਵਿਤ
ਦੱਖਣੀ ਕੋਰੀਆ ਵਿਚ ਕੋਰੋਨਾਵਾਇਰਸ ਕਾਰਨ 8 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 102 ਹੋ ਗਈ ਹੈ ਤੇ 147 ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ 8799 ਹੋ ਗਈ ਹੈ।

ਇਰਾਕ ਵਿਚ 15 ਨਵੇਂ ਮਾਮਲੇ
ਇਰਾਕ ਦੇ ਸਿਹਤ ਮੰਤਰਾਲਾ ਨੇ ਕਿਹਾ ਹੈ ਕਿ ਦੇਸ਼ ਵਿਚ ਕੋਰੋਨਾਵਾਇਰਸ ਦੇ 15 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਇਥੇ ਇਨਫੈਕਟਡ ਲੋਕਾਂ ਦੀ ਗਿਣਤੀ ਵਧ ਕੇ 208 ਹੋ ਗਈ ਹੈ ਜਦਕਿ ਤਿੰਨ ਹੋਰ ਲੋਕਾਂ ਦੀ ਮੌਤ ਦੀ ਪੁਸ਼ਟੀ ਵੀ ਹੋਈ ਹੈ। ਮੰਤਰਾਲਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਇਸ ਮਹਾਮਾਰੀ ਕਾਰਨ ਦੇਸ਼ ਵਿਚ ਹੁਣ ਤੱਕ ਕੁੱਲ 17 ਮੌਤਾਂ ਹੋ ਚੁੱਕੀਆਂ ਹਨ।

ਨਿਊਯਾਰਕ ਵਿਚ ਇਨਫੈਕਸ਼ਨ ਦੇ ਮਾਮਲੇ 5000 ਪਾਰ
ਅਮਰੀਕਾ ਦੇ ਨਿਊਯਾਰਕ ਵਿਚ ਖਤਰਨਾਕ ਕੋਰੋਨਾਵਾਇਰਸ ਦੇ ਮਾਮਲੇ ਪੰਜ ਹਜ਼ਾਰ ਪਾਰ ਕਰ ਗਏ ਹਨ। ਮੇਅਰ ਬਿੱਲ ਡੇ ਬਲਾਸੀਓ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਹੁਣ ਤੱਕ ਨਿਊਯਾਰਕ ਵਿਚ ਵਾਇਰਸ ਦੇ 5151 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ ਜੋ ਅਮਰੀਕਾ ਵਿਚ ਕੋਰੋਨਾਵਾਇਰਸ ਦੀ ਕੁੱਲ ਇਕ ਤਿਹਾਈ ਗਿਣਤੀ ਹੈ। 

ਜਰਮਨੀ ਵਿਚ 41 ਫੀਸਦੀ ਵਧੇ ਮਾਮਲੇ
ਜਰਮਨੀ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ 41 ਫੀਸਦੀ ਦਾ ਵਾਧਾ ਹੋਇਆ ਹੈ ਤੇ ਇਥੇ ਕੁੱਲ 19711 ਲੋਕ ਇਨਫੈਕਟਡ ਹੋ ਚੁੱਕੇ ਹਨ। ਸ਼ੁੱਕਰਵਾਰ ਨੂੰ ਜਰਮਨ ਵਿਦੇਸ਼ ਮੰਤਰਾਲਾ ਦੇ ਤਹਿਤ ਆਉਣ ਵਾਲੇ ਰਾਬਰਟ ਰੋਚ ਇੰਸਟੀਚਿਊਟ ਨੇ ਕਿਹਾ ਸੀ ਕਿ ਦੇਸ਼ ਵਿਚ ਕੋਰੋਨਾਵਾਇਰਸ ਦੇ ਕੁੱਲ 13957 ਮਾਮਲੇ ਹਨ, ਜਿਹਨਾਂ ਵਿਚੋਂ 31 ਲੋਕਾਂ ਦੀ ਮੌਤ ਹੋਈ ਹੈ।

ਚੀਨ ਵਿਚ 41 ਨਵੇਂ ਮਾਮਲੇ ਤੇ 7 ਲੋਕਾਂ ਦੀ ਮੌਤ
ਚੀਨ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਦੇ 41 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ ਇਹਨਾਂ ਵਿਚੋਂ 7 ਲੋਕਾਂ ਦੀ ਮੌਤ ਹੋ ਗਈ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਚੀਨ ਦੀ ਰਾਜਧਾਨੀ ਬੀਜਿੰਗ ਵਿਚ 14, ਗੁਆਂਗਡੋਂਗ ਵਿਚ 7, ਸ਼ੰਘਾਈ ਵਿਚ 9, ਫੁਜਿਆਨ ਵਿਚ ਚਾਰ, ਸ਼ਾਨਕਸੀ ਵਿਚ 2, ਜੇਝਿਯਾਂਗ ਵਿਚ 2 ਤੇ ਸਿਚੁਆਨ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਚੀਨ ਵਿਚ 71740 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।


Baljit Singh

Content Editor

Related News