ਟਰੰਪ ਦੇ ਵਿਰੋਧ ’ਚ ਸੜਕਾਂ ’ਤੇ ਉਤਰੇ ਹਜ਼ਾਰਾਂ ਲੋਕ ; ਕਿਹਾ- ਗ੍ਰੀਨਲੈਂਡ ਵਿਕਾਊ ਨਹੀਂ
Monday, Jan 19, 2026 - 09:49 AM (IST)
ਬਰਲਿਨ (ਇੰਟ.)- ਗ੍ਰੀਨਲੈਂਡ ਵਿਚ ਟਰੰਪ ਦੇ ਵਿਰੋਧ ’ਚ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ। ਲੋਕਾਂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਗ੍ਰੀਨਲੈਂਡ ’ਤੇ ਕਬਜ਼ੇ ਨੂੰ ਲੈ ਕੇ ਦਿੱਤੇ ਬਿਆਨਾਂ ’ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ। ਪ੍ਰਦਰਸ਼ਨਕਾਰੀਆਂ ਨੇ ‘ਗ੍ਰੀਨਲੈਂਡ ਵਿਕਾਊ ਨਹੀਂ ਹੈ’ ਦੇ ਨਾਅਰੇ ਲਾਏ। ਬਰਫ਼ੀਲੀਆਂ ਸੜਕਾਂ ਵਿਚਾਲੇ ਪ੍ਰਦਰਸ਼ਨਕਾਰੀ ਗ੍ਰੀਨਲੈਂਡ ਦੀ ਰਾਜਧਾਨੀ ਨੂਕ ਦੇ ਡਾਊਨਟਾਊਨ ਤੋਂ ਅਮਰੀਕੀ ਵਣਜ ਦੂਤਘਰ ਤੱਕ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰੀ ਝੰਡੇ ਲਹਿਰਾਏ ਅਤੇ ਵਿਰੋਧੀ ਪੋਸਟਰ ਫੜੇ ਹੋਏ ਸਨ।
ਪੁਲਸ ਮੁਤਾਬਕ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ, ਜਿਸ ’ਚ ਨੂਕ ਦੀ ਲੱਗਭਗ ਇਕ-ਚੌਥਾਈ ਆਬਾਦੀ ਸ਼ਾਮਲ ਹੋਈ। ਇਸੇ ਦੌਰਾਨ ਅਮਰੀਕਾ ਨੇ ਯੂਰਪ ਦੇ 8 ਦੇਸ਼ਾਂ ’ਤੇ 10 ਫੀਸਦੀ ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ, ਜਿਸ ਨਾਲ ਗ੍ਰੀਨਲੈਂਡ ਦੇ ਲੋਕਾਂ ’ਚ ਟਰੰਪ ਪ੍ਰਤੀ ਗੁੱਸਾ ਹੋਰ ਵਧ ਗਿਆ। ਦੂਜੇ ਪਾਸੇ ਯੂਰਪੀ ਸੰਘ ਦੇ ਸੰਸਦ ਮੈਂਬਰ ਅਮਰੀਕਾ ਨਾਲ ਹੋਏ ਟਰੇਡ ਐਗਰੀਮੈਂਟ ਦੀ ਮਨਜ਼ੂਰੀ ਰੋਕਣ ਦੀ ਤਿਆਰੀ ਵਿਚ ਹਨ। ਯੂਰਪੀਅਨ ਪੀਪਲਜ਼ ਪਾਰਟੀ ਦੇ ਪ੍ਰਧਾਨ ਮੈਨਫ੍ਰੇਡ ਵੇਬਰ ਨੇ ਸੋਸ਼ਲ ਮੀਡੀਆ ਐਕਸ ’ਤੇ ਪੋਸਟ ਕਰਦਿਆਂ ਕਿਹਾ ਕਿ ਟਰੰਪ ਦੀਆਂ ਗ੍ਰੀਨਲੈਂਡ ਧਮਕੀਆਂ ਕਾਰਨ ਅਮਰੀਕਾ ਨਾਲ ਸਮਝੌਤੇ ਨੂੰ ਮਨਜ਼ੂਰੀ ਦੇਣਾ ਸੰਭਵ ਨਹੀਂ ਹੈ।
