PM ਮੋਦੀ ਦੇ ਦੌਰੇ ਤੋਂ ਪਹਿਲਾਂ ਇਸ ਅਮਰੀਕੀ ਸੂਬੇ ਨੇ ਦਿੱਤਾ ਤੋਹਫਾ, ਦੀਵਾਲੀ 'ਤੇ ਸਕੂਲਾਂ 'ਚ ਛੁੱਟੀ ਦਾ ਐਲਾਨ

Monday, Jun 19, 2023 - 05:23 PM (IST)

PM ਮੋਦੀ ਦੇ ਦੌਰੇ ਤੋਂ ਪਹਿਲਾਂ ਇਸ ਅਮਰੀਕੀ ਸੂਬੇ ਨੇ ਦਿੱਤਾ ਤੋਹਫਾ, ਦੀਵਾਲੀ 'ਤੇ ਸਕੂਲਾਂ 'ਚ ਛੁੱਟੀ ਦਾ ਐਲਾਨ

ਇੰਟਰਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਨਿਊਯਾਰਕ ਸਿਟੀ ਨੇ ਇਕ ਅਹਿਮ ਫ਼ੈਸਲਾ ਲਿਆ ਹੈ। ਅਮਰੀਕੀ ਸੂਬੇ ਪੈਨਸਿਲਵੇਨੀਆ ਤੋਂ ਬਾਅਦ ਨਿਊਯਾਰਕ ਸਿਟੀ ਨੇ ਵੀ ਦੀਵਾਲੀ ਦੇ ਤਿਉਹਾਰ 'ਤੇ ਸ਼ਹਿਰ ਦੇ ਸਕੂਲਾਂ 'ਚ ਛੁੱਟੀ ਸਬੰਧੀ ਕਾਨੂੰਨ ਪਾਸ ਕੀਤਾ ਹੈ। ਨਿਊਯਾਰਕ ਰਾਜ ਵਿਧਾਨ ਸਭਾ ਨੇ ਪਿਛਲੇ ਹਫ਼ਤੇ ਭਾਰਤੀ ਤਿਉਹਾਰ ਨੂੰ ਸ਼ਹਿਰ ਵਿੱਚ ਸਕੂਲੀ ਛੁੱਟੀ ਬਣਾਉਣ ਲਈ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ। ਪਿਛਲੇ ਹਫ਼ਤੇ ਸੈਨੇਟ ਅਤੇ ਵਿਧਾਨ ਸਭਾ ਦੋਵਾਂ ਨੇ ਸੈਸ਼ਨ ਖ਼ਤਮ ਹੋਣ ਤੋਂ ਪਹਿਲਾਂ ਇਸ ਸਬੰਧ ਵਿੱਚ ਵੋਟਿੰਗ ਕੀਤੀ ਗਈ। ਹੁਣ ਇਸ ਸਬੰਧੀ ਕਾਨੂੰਨ ਬਣਾਉਣ ਲਈ ਬਿੱਲ ਗਵਰਨਰ ਕੈਥੀ ਹੋਚੁਲ ਨੂੰ ਭੇਜਿਆ ਗਿਆ ਹੈ।

ਕੈਥੀ ਹੋਚੁਲ ਦੁਆਰਾ ਦਸਤਖ਼ਤ ਕੀਤੇ ਜਾਣ ਤੋਂ ਬਾਅਦ ਇਹ ਬਿੱਲ ਕਾਨੂੰਨ ਬਣ ਜਾਵੇਗਾ। ਇਸ ਨਾਲ ਨਿਊਯਾਰਕ ਵਿੱਚ ਰਹਿ ਰਹੇ ਹਿੰਦੂ, ਸਿੱਖ, ਜੈਨ ਜਾਂ ਬੋਧੀ ਭਾਈਚਾਰਿਆਂ ਨਾਲ ਸਬੰਧਤ ਭਾਰਤੀਆਂ ਨੂੰ ਫ਼ਾਇਦਾ ਹੋਵੇਗਾ। ਇੱਕ ਵਾਰ ਕਾਨੂੰਨ ਪਾਸ ਹੋਣ ਤੋਂ ਬਾਅਦ ਮੇਅਰ ਐਰਿਕ ਐਡਮਜ਼ ਇਸ ਨੂੰ ਮਨਾਉਣ ਵਾਲੇ 2 ਲੱਖ ਤੋਂ ਵੱਧ ਨਿਊਯਾਰਕ ਵਾਸੀਆਂ ਲਈ ਦੀਵਾਲੀ ਨੂੰ ਸਕੂਲ ਦੀ ਛੁੱਟੀ ਵਜੋਂ ਮਨੋਨੀਤ ਕਰ ਸਕਣਗੇ। ਜੇਕਰ ਦੀਵਾਲੀ ਦਿਵਸ ਐਕਟ 'ਤੇ ਰਾਸ਼ਟਰਪਤੀ ਦੁਆਰਾ ਦਸਤਖ਼ਤ ਕੀਤੇ ਜਾਂਦੇ ਹਨ, ਤਾਂ ਦੀਵਾਲੀ ਦਾ ਤਿਉਹਾਰ ਅਮਰੀਕਾ ਵਿੱਚ ਸੰਘੀ ਤੌਰ 'ਤੇ ਮਾਨਤਾ ਪ੍ਰਾਪਤ 12ਵੀਂ ਛੁੱਟੀ ਬਣ ਜਾਵੇਗਾ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਇਸ ਤੋਂ ਪਹਿਲਾਂ ਇਹ ਬਿੱਲ ਦੋ ਵਾਰ ਫੇਲ੍ਹ ਹੋ ਚੁੱਕਾ ਹੈ। ਪਹਿਲੀ ਵਾਰ ਇਹ ਬਿੱਲ 2021 ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਸਫਲ ਰਹਿਣ ਤੋਂ ਬਾਅਦ ਇਸਨੂੰ ਅਕਤੂਬਰ 2022 ਵਿੱਚ ਇੱਕ ਵਾਰ ਫਿਰ ਪੇਸ਼ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਹੁਸ਼ਿਆਰਪੁਰ ਦੀ ਨਵਨੀਤ ਕੌਰ ਨੇ ਵਧਾਇਆ ਮਾਣ, ਹਾਸਲ ਕੀਤੀ ਡਾਕਟਰੀ ਦੀ ਡਿਗਰੀ

ਇਤਿਹਾਸਕ ਬਿੱਲ ਪਾਸ ਕਰਦੇ ਹੋਏ ਵਿਧਾਨ ਸਭਾ ਮੈਂਬਰ ਜੈਨੀਫਰ ਰਾਜਕੁਮਾਰ ਨੇ ਕਿਹਾ ਕਿ ਇਸ ਨਾਲ ਦੱਖਣੀ ਏਸ਼ੀਆਈ ਭਾਈਚਾਰੇ ਦਾ ਸੁਪਨਾ ਪੂਰਾ ਹੋ ਗਿਆ ਹੈ। ਦੀਵਾਲੀ ਨੂੰ ਸਕੂਲੀ ਛੁੱਟੀ ਬਣਾ ਕੇ ਦੱਖਣੀ ਏਸ਼ੀਆਈ, ਇੰਡੋ-ਕੈਰੇਬੀਅਨ, ਹਿੰਦੂ, ਸਿੱਖ, ਬੋਧੀ ਅਤੇ ਜੈਨ ਭਾਈਚਾਰਿਆਂ ਨੂੰ ਲਾਭ ਹੋਵੇਗਾ।" ਇਹ ਸਭਿਆਚਾਰ ਦਾ ਸਤਿਕਾਰ ਕਰਨ ਦਾ ਸਹੀ ਸਮਾਂ ਹੈ।" ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਇਸ ਕਾਨੂੰਨ ਦਾ ਸਮਰਥਨ ਕਰ ਰਹੇ ਹਨ, ਜਦਕਿ ਇਸ ਤੋਂ ਪਹਿਲਾਂ ਦੇ ਮੇਅਰ, ਸਕੂਲ ਦੇ ਚਾਂਸਲਰ ਇਸ ਕਾਨੂੰਨ ਦਾ ਵਿਰੋਧ ਕਰਦੇ ਰਹੇ ਹਨ। ਹਾਲਾਂਕਿ ਵ੍ਹਾਈਟ ਹਾਊਸ ਅਤੇ ਯੂ.ਐੱਸ ਕੈਪੀਟਲ ਸਮੇਤ ਵਾਸ਼ਿੰਗਟਨ ਡੀਸੀ ਵਿੱਚ ਦੀਵਾਲੀ ਮਨਾਈ ਜਾਂਦੀ ਹੈ, ਪਰ ਇਸ ਨੂੰ ਅਜੇ ਤੱਕ ਰਾਸ਼ਟਰੀ ਛੁੱਟੀ ਘੋਸ਼ਿਤ ਨਹੀਂ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News