ਚੀਨ ਦੀਆਂ AI ਕੰਪਨੀਆਂ ''ਤੇ ਅਮਰੀਕਾ ਦੀ ਸਖਤੀ, DeepSeek ਸਣੇ ਕਈ ਫਰਮਾਂ ''ਤੇ ਗੰਭੀਰ ਦੋਸ਼
Sunday, Apr 26, 2026 - 05:08 PM (IST)
ਗੈਜੇਟ ਡੈਸਕ- ਅਮਰੀਕਾ ਅਤੇ ਚੀਨ ਵਿਚਾਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਤਕਨੀਕੀ ਜੰਗ ਇੱਕ ਵਾਰ ਫਿਰ ਭੱਖ ਗਈ ਹੈ। ਅਮਰੀਕਾ ਨੇ DeepSeek ਸਮੇਤ ਕਈ ਪ੍ਰਮੁੱਖ ਚੀਨੀ AI ਕੰਪਨੀਆਂ 'ਤੇ ਅਮਰੀਕੀ AI ਮਾਡਲਾਂ ਦੀ ਨਕਲ ਕਰਨ ਅਤੇ ਉਨ੍ਹਾਂ ਦੀ ਤਕਨੀਕ ਦੀ ਦੁਰਵਰਤੋਂ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਇਸ ਮੁੱਦੇ ਨੂੰ ਲੈ ਕੇ ਅਮਰੀਕਾ ਨੇ ਵਿਸ਼ਵ ਪੱਧਰ 'ਤੇ ਰਾਜਨਾਇਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਰਿਪੋਰਟਾਂ ਅਨੁਸਾਰ, ਅਮਰੀਕੀ ਵਿਦੇਸ਼ ਵਿਭਾਗ ਨੇ ਦੁਨੀਆ ਭਰ ਵਿੱਚ ਆਪਣੇ ਦੂਤਾਵਾਸਾਂ ਨੂੰ ਗੁਪਤ ਸੰਦੇਸ਼ ਭੇਜ ਕੇ ਨਿਰਦੇਸ਼ ਦਿੱਤੇ ਹਨ ਕਿ ਉਹ ਚੀਨੀ ਕੰਪਨੀਆਂ ਵੱਲੋਂ ਅਮਰੀਕੀ ਤਕਨੀਕ ਦੇ ਕਥਿਤ ਦੁਰਵਰਤੋਂ 'ਤੇ ਚਿੰਤਾ ਪ੍ਰਗਟ ਕਰਨ। ਅਮਰੀਕਾ ਦਾ ਦਾਅਵਾ ਹੈ ਕਿ DeepSeek, Moonshot AI ਅਤੇ MiniMax ਵਰਗੀਆਂ ਕੰਪਨੀਆਂ ਅਮਰੀਕੀ AI ਮਾਡਲਾਂ ਤੋਂ ਤਕਨੀਕ ਕੱਢ ਕੇ ਆਪਣੇ ਮਾਡਲ ਤਿਆਰ ਕਰ ਰਹੀਆਂ ਹਨ।
ਇਸ ਵਿਵਾਦ ਦੇ ਕੇਂਦਰ ਵਿੱਚ 'AI Distillation' ਨਾਮਕ ਪ੍ਰਕਿਰਿਆ ਹੈ। ਇਸ ਵਿੱਚ ਵੱਡੇ ਅਤੇ ਮਹਿੰਗੇ AI ਮਾਡਲਾਂ ਦੇ ਆਊਟਪੁੱਟ ਦੀ ਵਰਤੋਂ ਕਰਕੇ ਛੋਟੇ ਅਤੇ ਸਸਤੇ ਮਾਡਲ ਤਿਆਰ ਕੀਤੇ ਜਾਂਦੇ ਹਨ। ਅਮਰੀਕਾ ਦਾ ਦੋਸ਼ ਹੈ ਕਿ ਚੀਨੀ ਕੰਪਨੀਆਂ ਬਿਨਾਂ ਇਜਾਜ਼ਤ ਅਮਰੀਕੀ ਮਾਡਲਾਂ ਦੀ ਵਰਤੋਂ ਕਰਕੇ ਆਪਣੀ ਲਾਗਤ ਘਟਾ ਰਹੀਆਂ ਹਨ। OpenAI ਨੇ ਵੀ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ DeepSeek ਵਰਗੀਆਂ ਕੰਪਨੀਆਂ ChatGPT ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਲਦ ਹੀ ਚੀਨ ਦਾ ਦੌਰਾ ਕਰਨ ਵਾਲੇ ਹਨ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਇਸ ਵਿਵਾਦ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਤਕਨੀਕੀ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਚੀਨ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਚੀਨ ਦਾ ਕਹਿਣਾ ਹੈ ਕਿ ਉਹ ਬੌਧਿਕ ਸੰਪੱਤੀ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦਾ ਹੈ। ਇਸ ਦੇ ਨਾਲ ਹੀ DeepSeek ਨੇ ਹੁਆਵੇਈ ਚਿਪਸ ਲਈ ਨਵਾਂ AI ਮਾਡਲ ਪੇਸ਼ ਕਰਕੇ ਆਪਣੀ ਤਕਨੀਕੀ ਆਤਮ-ਨਿਰਭਰਤਾ ਦਾ ਪ੍ਰਦਰਸ਼ਨ ਵੀ ਕੀਤਾ ਹੈ।
