ਕੀ ਰੁਕੇਗੀ ਜੰਗ? ਅੱਜ ਰੂਸ-ਯੂਕ੍ਰੇਨ ਵਿਚਾਲੇ ਹੋਵੇਗੀ ਦੂਜੇ ਦੌਰ ਦੀ ਗੱਲਬਾਤ, ਜਾਣੋ Live Update

Wednesday, Mar 02, 2022 - 06:23 PM (IST)

ਯੂਕ੍ਰੇਨ ਸੰਕਟ: ਬ੍ਰਿਟੇਨ ਨੇ ਰੂਸ, ਬੇਲਾਰੂਸ 'ਤੇ ਲਾਈਆਂ ਪਾਬੰਦੀਆਂ


PunjabKesari

ਬ੍ਰਿਟੇਨ ਨੇ ਰੂਸ ਖ਼ਿਲਾਫ਼ ਹੋਰ ਪਾਬੰਦੀਆਂ ਲਗਾ ਦਿੱਤੀਆਂ ਹਨ ਅਤੇ ਉਸ ਨੇ ਯੂਕ੍ਰੇਨ ‘ਤੇ ਰੂਸੀ ਹਮਲੇ ‘ਚ ਭੂਮਿਕਾ ਲਈ ਬੇਲਾਰੂਸ ਖ਼ਿਲਾਫ਼ ਵੀ ਪਹਿਲੀ ਦੰਡਕਾਰੀ ਕਾਰਵਾਈ ਕੀਤੀ ਹੈ। ਬ੍ਰਿਟੇਨ ਨੇ ਮਾਸਕੋ ਵਿਰੁੱਧ ਮੰਗਲਵਾਰ ਨੂੰ ਐਲਾਨੀਆਂ ਨਵੀਆਂ ਪਾਬੰਦੀਆਂ ਵਿੱਚ ਰੂਸੀ ਜਹਾਜ਼ਾਂ ਨੂੰ ਆਪਣੀਆਂ ਬੰਦਰਗਾਹਾਂ 'ਤੇ ਪਾਬੰਦੀਸ਼ੁਦਾ ਕਰ ਦਿੱਤਾ ਹੈ। ਪਾਬੰਦੀਆਂ ਵਿਚ ਰੂਸ ਨਾਲ ਜੁੜੇ ਕਿਸੇ ਵੀ ਵਿਅਕਤੀ ਦੀ ਮਾਲਕੀ ਵਾਲੇ ਜਾਂ ਸੰਚਾਲਿਤ ਸਮੁੰਦਰੀ ਜਹਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਯੂਕੇ ਦੇ ਅਧਿਕਾਰੀਆਂ ਨੂੰ ਰੂਸੀ ਜਹਾਜ਼ਾਂ ਨੂੰ ਜ਼ਬਤ ਕਰਨ ਲਈ ਨਵੀਆਂ ਸ਼ਕਤੀਆਂ ਦਿੱਤੀਆਂ ਗਈਆਂ ਹਨ। ਉੱਥੇ ਬੇਲਾਰੂਸ ਖ਼ਿਲਾਫ਼ ਕੀਤੀ ਗਈ ਪਹਿਲੀ ਦੰਡਕਾਰੀ ਕਾਰਵਾਈ ਵਿੱਚ ਬ੍ਰਿਟੇਨ ਨੇ ਤੁਰੰਤ ਪ੍ਰਭਾਵ ਨਾਲ ਚਾਰ ਸੀਨੀਅਰ ਰੱਖਿਆ ਅਧਿਕਾਰੀਆਂ ਅਤੇ ਦੋ ਫ਼ੌਜੀ ਉੱਦਮਾਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਯੂਕੇ ਦੀ ਵਿਦੇਸ਼ ਸਕੱਤਰ ਲਿਜ਼ ਟਰਸ ਨੇ ਕਿਹਾ ਕਿ ਅਸੀਂ ਵਲਾਦੀਮੀਰ ਪੁਤਿਨ ਅਤੇ ਉਨ੍ਹਾਂ ਦੇ ਨਜ਼ਦੀਕੀ ਲੋਕਾਂ ਨੂੰ ਆਰਥਿਕ ਪੀੜਾ ਦੇ ਰਹੇ ਹਾਂ। ਅਸੀਂ ਉਦੋਂ ਤੱਕ ਆਰਾਮ ਨਹੀਂ ਕਰਾਂਗੇ ਜਦੋਂ ਤੱਕ ਯੂਕ੍ਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਬਹਾਲ ਨਹੀਂ ਹੋ ਜਾਂਦੀ। ਉਹਨਾਂ ਨੇ ਕਿਹਾ ਕਿ ਬੇਲਾਰੂਸ ਦੇ ਸ਼ਾਸਕ ਅਲੈਗਜ਼ੈਂਡਰ ਲੂਕਾਸ਼ੈਂਕੋ ਨੇ ਯੂਕ੍ਰੇਨ 'ਤੇ ਹਮਲੇ ਵਿਚ ਮਦਦ ਕੀਤੀ ਹੈ ਅਤੇ ਉਸ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸਮਰਥਨ ਕਰਨ ਲਈ ਆਰਥਿਕ ਨਤੀਜੇ ਭੁਗਤਣੇ ਪੈਣਗੇ।

 

ਰਿਪੋਰਟ 'ਚ ਖੁਲਾਸਾ, ਯਾਨੁਕੋਵਿਚ ਨੂੰ ਯੂਕ੍ਰੇਨ ਦੇ ਨਵੇਂ ਰਾਸ਼ਟਰਪਤੀ ਵਜੋਂ ਦੇਖਣਾ ਚਾਹੁੰਦੇ ਹਨ ਪੁਤਿਨ

PunjabKesari

ਯੂਕ੍ਰੇਨ ਖ਼ਿਲਾਫ਼ ਇਕ ਹਫ਼ਤੇ ਪਹਿਲਾਂ ਯੁੱਧ ਸ਼ੁਰੂ ਕਰਨ ਵਾਲੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕ੍ਰੇਨ ਦੇ ਸਾਬਕਾ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਨੂੰ ਦੇਸ਼ ਦਾ ਨਵਾਂ ਰਾਸ਼ਟਰਪਤੀ ਨਿਯੁਕਤ ਕਰਨਾ ਚਾਹੁੰਦੇ ਹਨ। ਯਾਨੁਕੋਵਿਚ ਨੂੰ ਰੂਸ ਸਮਰਥਕ ਮੰਨਿਆ ਜਾਣਿਆ ਜਾਂਦਾ ਹੈ। ਬੁੱਧਵਾਰ ਨੂੰ ਸਾਹਮਣੇ ਆਈ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਯਾਨੁਕੋਵਿਚ ਇਸ ਸਮੇਂ ਫਿਲਹਾਲ ਮਿੰਸਕ ਵਿੱਚ ਹਨ ਅਤੇ ਰੂਸ ਯੂਕ੍ਰੇਨ ਦੇ ਨਵੇਂ ਰਾਸ਼ਟਰਪਤੀ ਵਜੋਂ ਵੋਲੋਡਿਮਰ ਜ਼ੇਲੇਨਸਕੀ ਦੀ ਥਾਂ ਉਹਨਾਂ ਨੂੰ ਸਥਾਪਿਤ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਦੀ ਤਿਆਰੀ ਕਰ ਰਿਹਾ ਹੈ।

ਜੰਗ ਦਰਮਿਆਨ ਰੂਸ ਦਾ ਬਿਆਨ, ਕਿਹਾ-ਯੂਕ੍ਰੇਨ ਨਾਲ ਦੁਬਾਰਾ ਗੱਲਬਾਤ ਲਈ ਤਿਆਰ

PunjabKesari

ਕ੍ਰੇਮਲਿਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਯੂਕ੍ਰੇਨ ਵਿੱਚ ਜਾਰੀ ਜੰਗ ਬਾਰੇ ਯੂਕ੍ਰੇਨੀ ਅਧਿਕਾਰੀਆਂ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਲਈ ਰੂਸ ਦਾ ਇੱਕ ਵਫਦ ਬੁੱਧਵਾਰ ਸ਼ਾਮ ਨੂੰ ਤਿਆਰ ਹੈ। ਬੁਲਾਰੇ ਦਮਿਤਰੀ ਪੇਸਕੋਵ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਸ਼ਾਮ ਨੂੰ ਸਾਡਾ ਵਫ਼ਦ ਯੂਕ੍ਰੇਨ ਦੇ ਵਾਰਤਾਕਾਰਾਂ ਦੀ ਉਡੀਕ ਕਰਨ ਲਈ ਮੌਜੂਦ ਹੋਵੇਗਾ। ਫਿਲਹਾਲ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਗੱਲਬਾਤ ਕਿੱਥੇ ਹੋ ਸਕਦੀ ਹੈ। ਉੱਧਰ ਯੂਕ੍ਰੇਨ ਦੇ ਅਧਿਕਾਰੀਆਂ ਨੇ ਤੁਰੰਤ ਆਪਣੀਆਂ ਯੋਜਨਾਵਾਂ ਬਾਰੇ ਤੁਰੰਤ ਕੋਈ ਵੇਰਵਾ ਨਹੀਂ ਦਿੱਤਾ।

 

ਰੂਸ-ਯੂਕ੍ਰੇਨ ਦਰਮਿਆਨ ਜੰਗ ਦਾ ਅੱਜ ਸਤਵਾਂ ਦਿਨ ਹੈ। ਅੱਜ ਇਕ ਵਾਰ ਫਿਰ ਰੂਸ-ਯੂਕ੍ਰੇਨ ਗੱਲਬਾਤ ਕਰਨਗੇ।ਇਸ ਤੋਂ ਪਹਿਲਾਂ ਸੋਮਵਾਰ ਨੂੰ ਬੇਲਾਰੂਸ ਵਿਚ ਦੋਵੇਂ ਦੇਸ਼ਾਂ ਵਿਚਕਾਰ ਪਹਿਲੇ ਦੌਰ ਦੀ ਬੈਠਕ ਹੋਈ ਸੀ। ਹਾਲਾਂਕਿ ਬੈਠਕ ਵਿਚ ਕੋਈ ਹੱਲ ਨਹੀਂ ਨਿਕਲਿਆ ਸੀ। ਕਰੀਬ ਸਾਢੇ 3 ਘੰਟੇ ਦੀ ਗੱਲਬਾਤ ਦੇ ਬਾਅਦ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਆਪਣੇ-ਆਪਣੇ ਦੇਸ਼ ਪਰਤ ਗਏ ਸਨ।

PunjabKesari

ਯੂਕ੍ਰੇਨ 'ਚ ਨਾਗਰਿਕਾਂ ਨੂੰ ਹੋ ਰਹੇ ਨੁਕਸਾਨ ਨੂੰ ਲੈ ਕੇ ਚੀਨ ਨੇ ਜਤਾਈ ਚਿੰਤਾ

PunjabKesari

ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੇ ਯੂਕ੍ਰੇਨ ਦੇ ਹਮਰੁਤਬਾ ਦਿਮਿਤਰੋ ਕੁਲੇਬਾ ਨੂੰ ਦੱਸਿਆ ਕਿ ਯੂਕ੍ਰੇਨ ਅਤੇ ਰੂਸ ਵਿਚਾਲੇ ਵਧਦੇ ਸੰਘਰਸ਼ ਤੋਂ ਚੀਨ ਬਹੁਤ ਦੁਖੀ ਹੈ ਅਤੇ ਉੱਥੇ ਲੋਕਾਂ ਨੂੰ ਹੋ ਰਹੇ ਨੁਕਸਾਨ ਨੂੰ ਲੈ ਕੇ ਡੂੰਘਾ ਚਿੰਤਤ ਹੈ। ਚੀਨ ਨੇ ਇਕ ਵਾਰ ਫਿਰ ਰੂਸ ਅਤੇ ਯੂਕ੍ਰੇਨ ਨੂੰ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ। ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਵਧਦੇ ਤਣਾਅ ਦਰਮਿਆਨ ਦੋਹਾਂ ਮੰਤਰੀਆਂ ਨੇ ਮੰਗਲਵਾਰ ਨੂੰ ਪਹਿਲੀ ਵਾਰ ਫੋਨ 'ਤੇ ਗੱਲ ਕੀਤੀ। ਚੀਨ ਦੀ ਸਟੇਟ ਨਿਊਜ਼ ਕਮੇਟੀ 'ਸ਼ਿਨਹੂਆ' ਦੀ ਖ਼ਬਰ ਮੁਤਾਬਕ ਵਾਂਗ ਨੇ ਕਿਹਾ ਕਿ ਯੂਕ੍ਰੇਨ 'ਚ ਸਥਿਤੀ ਤੇਜ਼ੀ ਨਾਲ ਬਦਲੀ ਹੈ। ਉਹਨਾਂ ਨੇ ਕਿਹਾ ਕਿ ਯੂਕ੍ਰੇਨ ਅਤੇ ਰੂਸ ਦਰਮਿਆਨ ਵਧਦੇ ਸੰਘਰਸ਼ 'ਤੇ ਉਹਨਾਂ ਨੂੰ ਡੂੰਘਾ ਅਫਸੋਸ ਹੈ ਅਤੇ ਉਹ ਨਾਗਰਿਕਾਂ ਨੂੰ ਹੋ ਰਹੇ ਨੁਕਸਾਨ 'ਤੇ "ਬਹੁਤ ਚਿੰਤਤ" ਹਨ। ਵਾਂਗ ਨੇ ਨਾਗਰਿਕਾਂ ਦੀ ਮੌਤ 'ਤੇ ਚਿੰਤਾ ਜ਼ਾਹਰ ਕੀਤੀ, ਹਾਲਾਂਕਿ ਉਹ ਰੂਸ 'ਤੇ ਦੋਸ਼ ਨਾ ਲਾਉਣ ਬਾਰੇ ਸੁਚੇਤ ਰਿਹਾ।

ਪੁਤਿਨ ਦੀ ਧਮਕੀ ਮਗਰੋਂ ਹਰਕਤ 'ਚ ਅਮਰੀਕਾ, ਆਸਮਾਨ 'ਚ ਦਿਸਿਆ 'Doomsday Plane'

PunjabKesari

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕ੍ਰੇਨ ਨਾਲ ਯੁੱਧ ਦਰਮਿਆਨ ਨਾਟੋ ਦੇਸ਼ਾਂ ਨੂੰ ਪ੍ਰਮਾਣੂ ਬੰਬਾਂ ਦੀ ਧਮਕੀ ਦੇਣ ਤੋਂ ਬਾਅਦ ਅਮਰੀਕੀ ਹਵਾਈ ਸੈਨਾ ਵੀ ਹਰਕਤ ਵਿੱਚ ਆ ਗਈ ਹੈ। ਅਮਰੀਕੀ ਹਵਾਈ ਸੈਨਾ ਦਾ ਮਹਾਵਿਨਾਸ਼ ਦਾ ਜਹਾਜ਼ ਹਵਾ ਵਿੱਚ ਦੇਖਿਆ ਗਿਆ ਹੈ। ਅਮਰੀਕੀ ਮੀਡੀਆ ਮੁਤਾਬਕ ਪਰਮਾਣੂ ਬੰਬ ਦੇ ਹਮਲੇ ਦਾ ਟਾਕਰਾ ਕਰਨ ਵਿਚ ਸਮਰੱਥ 'ਪਲੇਨ ਆਫ ਦਿ ਗ੍ਰੇਟ ਡਿਸਟ੍ਰਕਸ਼ਨ' 28 ਫਰਵਰੀ ਨੂੰ ਅਮਰੀਕਾ ਦੇ ਨੇਬਰਾਸਕਾ 'ਚ ਕੁਝ ਸਮੇਂ ਲਈ ਹਵਾ 'ਚ ਸਿਖਲਾਈ ਉਡਾਣ 'ਤੇ ਨਿਕਲਿਆ ਸੀ। ਇਸ ਤੋਂ ਠੀਕ ਪਹਿਲਾਂ ਪੁਤਿਨ ਨੇ ਆਪਣੀ ਪਰਮਾਣੂ ਫ਼ੌਜ ਨੂੰ ਹਾਈ ਅਲਰਟ 'ਤੇ ਰੱਖਿਆ ਸੀ।
 

ਯੂਰਪੀ ਸੰਸਦ ’ਚ ਬੋਲੇ ਜੇਲੇਂਸਕੀ, ਸਾਡੇ ਬੱਚਿਆਂ ਨੂੰ ਵੀ ਜਿਊਣ ਦਾ ਹੱਕ, EU ਦੇ MPs ਨੇ ਖੜ੍ਹੇ ਹੋ ਕੇ ਵਜਾਈਆਂ ਤਾੜੀਆਂ
PunjabKesari

ਕੀਵ (ਭਾਸ਼ਾ)– ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਖਾਰਕੀਵ ’ਚ ਇਕ ਨਾਗਰਿਕ ਪ੍ਰਸ਼ਾਸਨ ਭਵਨ ਸਾਹਮਣੇ ਰਾਕੇਟ ਹਮਲੇ ਤੋਂ ਬਾਅਦ ਰੂਸ ਨੂੰ ਅੱਤਵਾਦੀ ਦੇਸ਼ ਕਰਾਰ ਦਿੱਤਾ ਹੈ। ਮੰਗਲਵਾਰ ਸਵੇਰੇ ਹੋਏ ਇਸ ਹਮਲੇ ਵਿਚ ਸੜਕ ਪੂਰੀ ਤਰ੍ਹਾਂ ਨਸ਼ਟ ਹੋ ਗਈ ਅਤੇ ਇਮਾਰਤ ਦੀਆਂ ਖਿੜਕੀਆਂ ਚਕਨਾਚੂਰ ਹੋ ਗਈਆਂ। ਜੇਲੇਂਸਕੀ ਨੇ ਫੇਸਬੁੱਕ ਵੀਡੀਓ ਰਾਹੀਂ ਯੂਰਪੀ ਸੰਸਦ ਵਿਚ ਕਿਹਾ ਕਿ ਖਾਰਕੀਵ ਦੇ ਸੈਂਟਰਲ ਸਕਵਾਇਰ ’ਚ ਹਮਲਾ ਇਕ ਅੱਤਵਾਦੀ ਹਮਲਾ ਸੀ। ਉਨ੍ਹਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚਿਤਾਵਨੀ ਦਿੱਤੀ ਕਿ ਕੋਈ ਵੀ ਇਸ ਨੂੰ ਮੁਆਫ਼ ਨਹੀਂ ਕਰੇਗਾ, ਕੋਈ ਨਹੀਂ ਭੁੱਲੇਗਾ। ਆਪਣੇ ਸੰਬੋਧਨ ਰਾਹੀਂ ਜੇਲੇਂਸਕੀ ਨੇ ਯੂਰਪੀ ਸੰਸਦ ਦਾ ਦਿਲ ਜਿੱਤ ਲਿਆ। ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਸਾਰੇ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ। 

PunjabKesari

ਬਾਈਡੇਨ ਨੇ ਯੂਕ੍ਰੇਨ ਦੇ ਲੋਕਾਂ ਨਾਲ ਦਿਖਾਈ ਇਕਜੁਟਤਾ, ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਕੀਤਾ ਬੰਦ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਪਹਿਲੇ 'ਸਟੇਟ ਆਫ ਦਿ ਯੂਨੀਅਨ' ਸੰਬੋਧਨ ਵਿਚ ਰੂਸ ਦੇ ਹਮਲੇ ਦਾ ਸਾਹਮਣਾ ਕਰਨ ਅਤੇ ਅਮਰੀਕੀ ਮਹਿੰਗਾਈ ਨੂੰ ਕੰਟਰੋਲ ਕਰਨ ਦੀ ਸਹੁੰ ਖਾਧੀ। ਰੂਸ ਦੇ ਯੂਕ੍ਰੇਨ 'ਤੇ ਹਮਲਾ ਕਰਨ ਦਰਮਿਆਨ ਬਾਈਡੇਨ ਦੇ ਇਸ ਭਾਸ਼ਣ ਦੀ ਮਹੱਤਤਾ ਹੋਰ ਵਧ ਗਈ ਹੈ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵੀ ਯੂਕ੍ਰੇਨ ਸੰਕਟ ਦੇ ਮੁੱਦੇ ਨਾਲ ਕੀਤੀ। ਉਨ੍ਹਾਂ ਸਦਨ ਦੇ ਚੈਂਬਰ ਵਿਚ ਮੌਜੂਦ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਖੜ੍ਹੇ ਹੋਣ ਅਤੇ ਯੂਕ੍ਰੇਨ ਦੇ ਲੋਕਾਂ ਦੇ ਜਜ਼ਬੇ ਨੂੰ ਸਲਾਮ ਕਰਨ। ਇਸ ਤੋਂ ਬਾਅਦ ਸਾਰੇ ਸੰਸਦ ਮੈਂਬਰ ਖੜ੍ਹੇ ਹੋ ਗਏ। ਬਾਈਡੇਨ ਨੇ ਕਿਹਾ, "ਆਪਣੇ ਪੂਰੇ ਇਤਿਹਾਸ ਦੌਰਾਨ ਅਸੀਂ ਜੋ ਸਬਕ ਸਿੱਖਿਆ ਹੈ ਉਹ ਇਹ ਹੈ ਕਿ ਜਦੋਂ ਤਾਨਾਸ਼ਾਹ ਨੂੰ ਆਪਣੇ ਹਮਲੇ ਦੀ ਕੀਮਤ ਅਦਾ ਨਹੀਂ ਕਰਨੀ ਪੈਂਦੀ, ਤਾਂ ਉਹ ਵਧੇਰੇ ਅਰਾਜਕਤਾ ਫੈਲਾਉਂਦੇ ਹਨ।" ਇਸ ਦੌਰਾਨ, ਬਾਈਡੇਨ ਨੇ ਘੋਸ਼ਣਾ ਕੀਤੀ ਕਿ ਅਮਰੀਕਾ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਰਿਹਾ ਹੈ ਅਤੇ ਕਿਹਾ ਕਿ ਹੋਰ ਦੰਡਕਾਰੀ ਉਪਾਵਾਂ ਦੇ ਨਾਲ ਚੁੱਕਿਆ ਗਿਆ ਹੈ ਇਹ ਕਦਮ ਰੂਸ ਨੂੰ ਕਮਜ਼ੋਰ ਕਰੇਗਾ।

PunjabKesari

ਯੂਕ੍ਰੇਨ ਖ਼ਿਲਾਫ਼ ਜੰਗ ਤੋਂ ਭੜਕਿਆ ਵਿਸ਼ਵ ਤਾਈਕਵਾਂਡੋ, ਪੁਤਿਨ ਤੋਂ ਵਾਪਸ ਲਿਆ ਇਹ ਵੱਡਾ ਖ਼ਿਤਾਬ

 ਯੂਕ੍ਰੇਨ ਉੱਤੇ ਰੂਸ ਦੇ ਲਗਾਤਾਰ ਹਮਲਿਆਂ ਦੇ ਵਿਚਕਾਰ ਵਿਸ਼ਵ ਤਾਈਕਵਾਂਡੋ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਆਨਰੇਰੀ ਤਾਈਕਵਾਂਡੋ ਬਲੈਕ ਬੈਲਟ ਖ਼ਿਤਾਬ ਵਾਪਸ ਲੈ ਲਿਆ ਹੈ। ਵਿਸ਼ਵ ਤਾਈਕਵਾਂਡੋ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਦਾ ਵਿਰੋਧ ਅਤੇ ਸਖ਼ਤ ਨਿੰਦਾ ਕੀਤੀ ਹੈ ਅਤੇ ਇਸ ਨੂੰ ਵਿਸ਼ਵ ਸ਼ਾਂਤੀ ਲਈ ਗੰਭੀਰ ਖ਼ਤਰਾ ਦੱਸਿਆ ਹੈ।

ਰੂਸ-ਯੂਕ੍ਰੇਨ ਜੰਗ ਦਾ ਸਤਵਾਂ ਦਿਨ, ਕੈਨੇਡਾ ਨੇ ICC ਨੂੰ ਭੇਜੀ ਹਾਲਾਤ ਦੀ ਜਾਣਕਾਰੀ  

PunjabKesari

ਰੂਸ-ਯੂਕ੍ਰੇਨ ਦਰਮਿਆਨ ਜਾਰੀ ਜੰਗ ਦਾ ਅੱਜ ਸਤਵਾਂ ਦਿਨ ਹੈ। ਰੂਸ ਦੀ ਗੋਲੀਬਾਰੀ ਅਤੇ ਸ਼ਕਤੀਸ਼ਾਲੀ ਹਮਲਿਆਂ ਨਾਲ ਯੂਕ੍ਰੇਨ ਵਿਚ ਭਾਰੀ ਤਬਾਹੀ ਹੋਈ ਹੈ। ਯੂਕ੍ਰੇਨ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਇਸ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ ਐਲਾਨ ਕੀਤਾ ਕਿ ਜੰਗੀ ਅਪਰਾਧਾਂ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਦੋਸ਼ਾਂ ਲਈ ਕੈਨੇਡਾ ਨੇ ਯੂਕ੍ਰੇਨ ਵਿੱਚ ਰੂਸ ਦੀ ਫ਼ੌਜੀ ਕਾਰਵਾਈ ਨੂੰ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈਸੀਸੀ) ਕੋਲ ਭੇਜ ਦਿੱਤਾ ਹੈ।
 


Vandana

Content Editor

Related News