ਸਾਈਬਰ ਹਮਲੇ ਦਾ ਉਦੇਸ਼ ਸੀ ਹਫੜਾ-ਦਫੜੀ ਪੈਦਾ ਕਰਨਾ : ਇਬ੍ਰਾਹਿਮ ਰਈਸੀ
Wednesday, Oct 27, 2021 - 04:59 PM (IST)
ਦੁਬਈ (ਏ. ਪੀ.)-ਈਰਾਨ ਦੇ ਰਾਸ਼ਟਰਪਤੀ ਇਬ੍ਰਾਹਿਮ ਰਈਸੀ ਦਾ ਕਹਿਣਾ ਹੈ ਕਿ ਦੇਸ਼ ਭਰ ’ਚ ਗੈਸ ਸਟੇਸ਼ਨਾਂ ਨੂੰ ਬੰਦ ਕਰਨ ਵਾਲੇ ਸਾਈਬਰ ਹਮਲੇ ਦਾ ਉਦੇਸ਼ ਹਫੜਾ-ਦਫੜੀ ਤੇ ਵਿਘਨ ਪੈਦਾ ਕਰਕੇ ਲੋਕਾਂ ’ਚ ਗੁੱਸਾ ਭਰਨਾ ਹੈ। ਰਈਸੀ ਨੇ ਮੰਗਲਵਾਰ ਨੂੰ ਹੋਏ ਸਾਈਬਰ ਹਮਲੇ ਤੋਂ ਬਾਅਦ ਪਹਿਲੀ ਵਾਰ ਇਹ ਟਿੱਪਣੀ ਕੀਤੀ ਪਰ ਇਸ ਘਟਨਾ ਲਈ ਉਨ੍ਹਾਂ ਨੇ ਕਿਸੇ ਨੂੰ ਵਿਸ਼ੇਸ਼ ਤੌਰ ’ਤੇ ਜ਼ਿੰਮੇਵਾਰ ਨਹੀਂ ਠਹਿਰਾਇਆ। ਹਾਲਾਂਕਿ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਸਾਈਬਰ ਹਮਲੇ ਦੇ ਪਿੱਛੇ ਈਰਾਨ ਵਿਰੋਧੀ ਤਾਕਤਾਂ ਸਨ । ਉਨ੍ਹਾਂ ਕਿਹਾ ਕਿ ਸਾਈਬਰ ਯੁੱਧ ਦੇ ਖੇਤਰ ’ਚ ਗੰਭੀਰ ਤੱਤਪਰਤਾ ਹੋਣੀ ਚਾਹੀਦੀ ਹੈ ਤੇ ਸਬੰਧਿਤ ਸੰਸਥਾਵਾਂ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਦੁਸ਼ਮਣ ਲੋਕਾਂ ਦੇ ਜੀਵਨ ’ਚ ਸਮੱਸਿਆ ਪੈਦਾ ਕਰਨ ਦਾ ਆਪਣਾ ‘ਅਸ਼ੁੱਭ’ ਟੀਚਾ ਹਾਸਲ ਨਾ ਕਰ ਸਕਣ।
ਇਹ ਵੀ ਪੜ੍ਹੋ : ਸਾਊਦੀ ਅਰਬ ਤੋਂ ਬਾਅਦ IMF ਵੀ ਪਾਕਿ ਦੀ ਵਿੱਤੀ ਮਦਦ ਲਈ ਆਇਆ ਅੱਗੇ
ਕਿਸੇ ਵੀ ਸਮੂਹ ਜਾਂ ਸੰਗਠਨ ਨੇ ਫਿਲਹਾਲ ਮੰਗਲਵਾਰ ਨੂੰ ਸ਼ੁਰੂ ਹੋਏ ਸਾਈਬਰ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਹਾਲਾਂਕਿ ਇਹ ਹਮਲੇ ਪਿਛਲੇ ਹਮਲਿਆਂ ਦੇ ਸਮਾਨ ਹਨ, ਜੋ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੂੰ ਸਿੱਧੇ ਤੌਰ ’ਤੇ ਚੁਣੌਤੀ ਦਿੰਦੇ ਹਨ। ਜ਼ਿਕਰਯੋਗ ਹੈ ਕਿ ਪੂਰੇ ਈਰਾਨ ਦੇ ਈਂਧਨ ਵਿਕਰੀ ਕੇਂਦਰ (ਪੈਟਰੋਲ ਪੰਪ) ’ਤੇ ਮੰਗਲਵਾਰ ਨੂੰ ਉਸ ਸਮੇਂ ਕੰਮ ਠੱਪ ਹੋ ਗਿਆ ਸੀ, ਜਦੋਂ ਈਂਧਨ ਸਬਸਿਡੀ ਦੀ ਪ੍ਰਣਾਲੀ ਨੂੰ ਕੰਟਰੋਲ ਕਰਨ ਵਾਲੇ ਸਾਫਟਵੇਅਰ ’ਚ ਖ਼ਰਾਬੀ ਆ ਗਈ ਤੇ ਵਿਕਰੀ ਰੋਕਣੀ ਪਈ।