ਪਰਿਵਾਰ ਨੂੰ ਛੱਡ ਸ਼ਖਸ ਨੇ ਹਵਾਈ ਅੱਡੇ ਨੂੰ ਬਣਾਇਆ 'ਘਰ', ਵਜ੍ਹਾ ਕਰ ਦੇਵੇਗੀ ਹੈਰਾਨ
Wednesday, Mar 30, 2022 - 01:02 PM (IST)
ਬੀਜਿੰਗ (ਬਿਊਰੋ): ਹਰ ਇਨਸਾਨ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਇਕ ਘਰ ਹੋਵੇ, ਜਿੱਥੇ ਉਹ ਆਰਾਮ ਨਾਲ ਰਹਿ ਸਕੇ। ਅੱਜ ਅਸੀਂ ਤੁਹਾਨੂੰ ਅਜਿਹੇ ਸ਼ਖਸ ਬਾਰੇ ਦੱਸ ਰਹੇ ਹਾਂ ਜੋ ਆਪਣਾ ਘਰ ਛੱਡ ਕੇ ਹਵਾਈ ਅੱਡੇ 'ਤੇ ਰਹਿ ਰਿਹਾ ਹੈ। ਅਜਿਹਾ ਕਰਨ ਦੇ ਪਿੱਛੇ ਦੀ ਵਜ੍ਹਾ ਜਾਣ ਤੁਸੀਂ ਹੈਰਾਨ ਰਹਿ ਜਾਓਗੇ। ਅਸਲ ਵਿਚ ਇਕ 60 ਸਾਲ ਦਾ ਸ਼ਖਸ ਪਿਛਲੇ 14 ਸਾਲ ਤੋਂ ਹਵਾਈ ਅੱਡੇ 'ਤੇ ਰਹਿ ਰਿਹਾ ਹੈ। ਉਸ ਨੇ ਆਪਣਾ ਘਰ ਛੱਡ ਦਿੱਤਾ ਹੈ। ਸ਼ਖਸ ਦਾ ਕਹਿਣਾ ਹੈ ਕਿ ਪਰਿਵਾਰ ਵਾਲੇ ਉਸ ਨੂੰ ਸ਼ਰਾਬ ਅਤੇ ਸਿਗਰਟਨੋਸ਼ੀ ਛੱਡਣ ਲਈ ਕਹਿੰਦੇ ਸਨ ਇਸ ਲਈ ਉਹ ਘਰ ਛੱਡ ਕੇ ਹਵਾਈ ਅੱਡੇ 'ਤੇ ਰਹਿਣ ਲੱਗਾ।
ਸ਼ਖਸ ਚੀਨ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਮ ਵੇਈ ਜਿਆਨਗੁਓ ਹੈ। ਜਿਆਨਗੁਓ ਦਾ ਕਹਿਣਾ ਹੈ ਕਿ ਉਹ ਘਰ ਵਾਪਸ ਨਹੀਂ ਜਾਵੇਗਾ ਕਿਉਂਕਿ ਉਸ ਨੂੰ ਉੱਥੇ ਕੋਈ ਆਜ਼ਾਦੀ ਨਹੀਂ ਹੈ। ਜਿਆਨਗੁਓ ਪਿਛਲੇ 14 ਸਾਲ ਤੋਂ ਬੀਜਿੰਗ ਇੰਟਰਨੈਸ਼ਨਲ ਹਵਾਈ ਅੱਡੇ ਦੇ ਵੇਟਿੰਗ ਏਰੀਆ ਵਿਚ ਰਹਿ ਰਿਹਾ ਹੈ। ਸ਼ੁਰੂਆਤ ਵਿਚ ਉਹ ਕੁਝ ਦਿਨ ਰੇਲਵੇ ਸਟੇਸ਼ਨ 'ਤੇ ਵੀ ਰਿਹਾ ਸੀ। ਜਿਆਨਗੁਓ ਦਾ ਕਹਿਣਾ ਹੈ ਕਿ ਹਵਾਈ ਅੱਡੇ 'ਤੇ ਉਹ ਆਪਣੀ ਮਰਜ਼ੀ ਮੁਤਾਬਕ ਖਾ-ਪੀ ਸਕਦਾ ਹੈ। ਉਸ ਨੇ 'ਚਾਈਨਾ ਡੇਲੀ' ਨੂੰ ਕਿਹਾ ਕਿ ਉਹ ਹੁਣ ਘਰ ਵਾਪਸ ਨਹੀਂ ਜਾਵੇਗਾ ਕਿਉਂਕਿ ਘਰ ਵਿਚ ਉਸ ਨੂੰ ਕਿਸੇ ਤਰ੍ਹਾਂ ਦੀ ਆਜ਼ਾਦੀ ਨਹੀਂ ਹੈ।
ਅਸਲ ਵਿਚ ਜਿਆਨਗੁਓ ਦੀ ਪਤਨੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਕਿਹਾ ਸੀ ਕਿ ਜੇਕਰ ਉਸ ਨੇ ਘਰ ਵਿਚ ਰਹਿਣਾ ਹੈ ਤਾਂ ਸਿਗਰਟ ਅਤੇ ਸ਼ਰਾਬ ਦੀ ਆਦਤ ਛੱਡਣੀ ਹੋਵੇਗੀ। ਅਜਿਹੇ ਵਿਚ ਉਸ ਨੇ ਘਰ ਛੱਡਣ ਦਾ ਫ਼ੈਸਲਾ ਲਿਆ ਪਰ ਸਿਗਰਟ ਅਤੇ ਸ਼ਰਾਬ ਨਹੀਂ ਛੱਡੀ। ਜਿਆਨਗੁਓ ਦਾ ਘਰ ਹਵਾਈ ਅੱਡੇ ਤੋਂ ਕਰੀਬ 19 ਕਿਲੋਮੀਟਰ ਦੂਰ ਹੈ। ਉਸ ਨੇ ਸਾਲ 2008 ਵਿਚ ਘਰ ਛੱਡਿਆ ਸੀ। ਹਾਲ ਹੀ ਵਿਚ ਇਕ ਵੀਡੀਓ ਵਿਚ ਵੇਈ ਜਿਆਨਗੁਓ ਨੇ ਦੱਸਿਆ ਕਿ ਉਸ ਨੂੰ ਹਵਾਈ ਅੱਡੇ 'ਤੇ ਰਹਿਣਾ ਪਸੰਦ ਹੈ ਕਿਉਂਕਿ ਇੱਥੇ ਉਸ ਨੂੰ ਠੰਡ ਨਹੀਂ ਲੱਗਦੀ।
ਪੜ੍ਹੋ ਇਹ ਅਹਿਮ ਖ਼ਬਰ- ਰੂਸ-ਯੂਕ੍ਰੇਨ ਜੰਗ ਦਰਮਿਆਨ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ
ਇੱਥੇ ਜਿਆਨਗੁਓ ਨੇ ਆਪਣੇ ਇਕ ਛੋਟਾ ਜਿਹਾ ਕਿਚਨ ਵੀ ਬਣਾਇਆ ਹੋਇਆ ਹੈ। ਹਰ ਮਹੀਨੇ ਮਿਲਣ ਵਾਲੀ ਸਰਕਾਰੀ ਸਬਸਿਡੀ ਤੋਂ ਉਸ ਦਾ ਖਰਚਾ ਚੱਲਦਾ ਹੈ।ਜਿਆਨਗੁਓ ਹਵਾਈ ਅੱਡੇ 'ਤੇ ਆਉਣ ਵਾਲੇ ਕਿਸੇ ਵੀ ਯਾਤਰੀ ਨੂੰ ਪਰੇਸ਼ਾਨ ਨਹੀਂ ਕਰਦਾ, ਇਸੇ ਲਈ ਕਰਮਚਾਰੀ ਉਸ ਨੂੰ ਉੱਥੋਂ ਜਾਣ ਲਈ ਨਹੀਂ ਕਹਿੰਦੇ। ਆਪਣੇ ਸਲੀਪਿੰਗ ਬੈਗ ਅਤੇ ਕੁਝ ਸਾਮਾਨ ਦੇ ਨਾਲ ਉਹ ਪਿਛਲੇ 14 ਸਾਲ ਤੋਂ ਬੀਜਿੰਗ ਹਵਾਈ ਅੱਡੇ 'ਤੇ ਰਹਿ ਰਿਹਾ ਹੈ।