ਅਮਰੀਕਾ ਸਰਹੱਦ ''ਤੇ ਪਰਿਵਾਰ ਤੋਂ ਵੱਖ ਕੀਤੇ ਗਏ 545 ਬੱਚਿਆਂ ਦੇ ਮਾਤਾ-ਪਿਤਾ ਦਾ ਪਤਾ ਨਹੀਂ

Wednesday, Oct 21, 2020 - 03:39 PM (IST)

ਅਮਰੀਕਾ ਸਰਹੱਦ ''ਤੇ ਪਰਿਵਾਰ ਤੋਂ ਵੱਖ ਕੀਤੇ ਗਏ 545 ਬੱਚਿਆਂ ਦੇ ਮਾਤਾ-ਪਿਤਾ ਦਾ ਪਤਾ ਨਹੀਂ

ਸੈਨ ਡਿਏਗੋ: ਅਦਾਲਤ ਵਲੋਂ ਨਿਯੁਕਤ ਵਕੀਲਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਟਰੰਪ ਪ੍ਰਸ਼ਾਸਨ ਨੇ ਅਮਰੀਕਾ-ਮੈਕਸਿਕੋ ਸਰਹੱਦ 'ਤੇ 545 ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਤੋਂ ਵੱਖ ਕਰ ਦਿੱਤਾ ਸੀ ਅਤੇ ਉਹ ਉਨ੍ਹਾਂ ਦੇ ਮਾਤਾ-ਪਿਤਾ ਦਾ ਪਤਾ ਨਹੀਂ ਲਗਾ ਪਾਏ ਹਨ।
ਗੈਰ ਕਾਨੂੰਨੀ ਰੂਪ ਨਾਲ ਸਰਹੱਦ ਪਾਰ ਕਰਨ ਕਰਕੇ ਇਨ੍ਹਾਂ ਬੱਚਿਆਂ ਨੂੰ ਇਕ ਜੁਲਾਈ 2017 ਤੋਂ 26 ਜੂਨ 2018 ਦੇ ਵਿਚਕਾਰ ਪਰਿਵਾਰ ਤੋਂ ਵੱਖ ਕੀਤਾ ਗਿਆ ਸੀ। ਸੈਨ ਡਿਏਗੋ ਦੇ ਇਕ ਫੈਡਰਲ ਜੱਜ ਨੇ ਆਦੇਸ਼ ਦਿੱਤਾ ਸੀ ਕਿ ਸਰਕਾਰ ਦੀ ਹਿਰਾਸਤ 'ਚ ਮੌਜੂਦ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਾਇਆ ਜਾਵੇ। 
ਵਕੀਲਾਂ ਨੇ ਦੱਸਿਆ ਕਿ ਇਸ ਸਮੇਂ 'ਚ ਵੱਖ ਕੀਤੇ ਗਏ ਬੱਚਿਆਂ ਦੇ ਮਾਤਾ-ਪਿਤਾ ਦਾ ਪਤਾ ਲਗਾਉਣ 'ਚ ਮੁਸ਼ਕਲ ਆ ਰਹੀ ਹੈ ਕਿਉਂਕਿ ਸਰਕਾਰ ਦੇ ਕੋਲ ਉਚਿਤ ਨਿਗਰਾਨੀ ਪ੍ਰਣਾਲੀ ਨਹੀਂ ਸੀ। ਸਵੈ-ਸੇਵਕ ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਦਾ ਪਤਾ ਲਗਾਉਣ ਦੇ ਲਈ ਗਵਾਟੇਮਾਲਾ ਅਤੇ ਹੋਂਡੁਰਾਸ 'ਚ ਘਰ-ਘਰ ਜਾ ਕੇ ਪੁੱਛ ਰਹੇ ਹਨ। 
ਵਰਣਨਯੋਗ ਹੈ ਕਿ ਅਮਰੀਕੀ ਜ਼ਿਲ੍ਹਾ ਜੱਜ ਡਾਨਾ ਸਬਾਰਾ ਨੇ ਮੈਕਸਿਕੋ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਵਾਲੇ ਬਾਲਗਾਂ ਦੇ ਖ਼ਿਲਾਫ਼ 'ਜ਼ੀਰੋ ਸਹਿਨਸ਼ੀਲਤਾ' ਦੀ ਨੀਤੀ ਦੇ ਤਹਿਤ ਅਪਰਾਧਿਕ ਅਭਿਯੋਜਨ 'ਤੇ ਜੂਨ 2018 'ਚ ਰੋਕ ਲਗਾ ਦਿੱਤੀ ਸੀ ਪਰ ਹੁਣ ਤੱਕ 2,700 ਤੋਂ ਜ਼ਿਆਦਾ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਤੋਂ ਵੱਖ ਕੀਤਾ ਜਾ ਚੁੱਕਾ ਸੀ। 
ਪ੍ਰਸ਼ਾਸਨ ਮੁਤਾਬਕ ਅਦਾਲਤ ਦੇ ਆਦੇਸ਼ ਦੇ ਬਾਅਦ ਜਿਨ੍ਹਾਂ ਬੱਚਿਆਂ ਨੂੰ ਪਰਿਵਾਰ ਨਾਲ ਮਿਲਾਇਆ ਗਿਆ, ਪ੍ਰਸ਼ਾਸਨ ਨੇ ਬਾਅਦ 'ਚ ਪਾਇਆ ਕਿ ਇਨ੍ਹਾਂ ਦੀ ਗਿਣਤੀ 1,556 ਹੈ। ਉਨ੍ਹਾਂ ਨੂੰ ਟੈਕਸਾਸ ਦੇ ਅਲ ਪਾਸੋ ਸੀਮਾ 'ਤੇ ਜੁਲਾਈ ਤੋਂ ਨਵੰਬਰ 2017 ਦੇ ਵਿਚਕਾਰ ਵੱਖ ਕੀਤਾ ਗਿਆ ਸੀ ਅਤੇ ਉਸ ਸਮੇਂ ਇਨ੍ਹਾਂ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਸੀ।
ਬੱਚਿਆਂ ਨੂੰ ਪਰਿਵਾਰ ਤੋਂ ਵੱਖ ਕਰਨ ਦੀ ਨੀਤੀ ਨੂੰ ਅਦਾਲਤ 'ਚ ਚੁਣੌਤੀ ਦੇਣ ਵਾਲੇ 'ਅਮਰੀਕਨ ਸਿਵਲ ਲਿਬਰਟੀ ਯੂਨੀਅਨ' ਨੇ ਦੱਸਿਆ ਕਿ ਕੁੱਲ 1,030, ਬੱਚਿਆਂ 'ਚੋਂ 485 ਦੇ ਮਾਤਾ-ਪਿਤਾ ਦਾ ਪਤਾ ਲੱਗ ਗਿਆ ਹੈ ਪਰ 545 ਬੱਚਿਆਂ ਦੇ ਮਾਤਾ-ਪਿਤਾ ਦੀ ਜਾਣਕਾਰੀ ਨਹੀਂ ਮਿਲ ਰਹੀ ਹੈ। ਉਨ੍ਹਾਂ ਦੇ ਫੋਨ ਨੰਬਰ ਅਮਰੀਕੀ ਅਧਿਕਾਰੀਆਂ ਦੇ ਕੋਲ ਹਨ। ਇਸ ਮਾਮਲੇ 'ਤੇ ਜੱਜ ਵੀਰਵਾਰ ਨੂੰ ਦੁਬਾਰਾ ਸੁਣਵਾਈ ਕਰਨਗੇ।


author

Aarti dhillon

Content Editor

Related News