ਬ੍ਰਿਸਬੇਨ ’ਚ ਸਿਰ ਚੜ੍ਹ ਬੋਲਿਆ ਸੋਨੂੰ ਨਿਗਮ ਦੀ ਗਾਇਕੀ ਦਾ ਜਾਦੂ, ਨੱਚਣ ਤੇ ਝੂਮਣ ਲਾ ਦਿੱਤੇ ਦਰਸ਼ਕ

Thursday, Jun 27, 2024 - 11:30 AM (IST)

ਬ੍ਰਿਸਬੇਨ ’ਚ ਸਿਰ ਚੜ੍ਹ ਬੋਲਿਆ ਸੋਨੂੰ ਨਿਗਮ ਦੀ ਗਾਇਕੀ ਦਾ ਜਾਦੂ, ਨੱਚਣ ਤੇ ਝੂਮਣ ਲਾ ਦਿੱਤੇ ਦਰਸ਼ਕ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) - ਸੰਗੀਤ ਦੀ ਦੁਨੀਆ ’ਚ ਧਰੁਵ ਤਾਰੇ ਦੀ ਤਰ੍ਹਾਂ ਦੇ ਦਿਲਾ ’ਤੇ ਰਾਜ ਕਰ ਰਿਹੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਦੀ ਸੁਰੀਲੀ ਆਵਾਜ਼ ਦਾ ਹਰ ਕੋਈ ਦੀਵਾਨਾ ਹੈ। ਉਨ੍ਹਾਂ ਦੀ ਆਵਾਜ਼ ਵਿਚ ਅਜਿਹੀ ਮਿਠਾਸ ਹੈ ਕਿ ਜੋ ਵੀ ਉਨ੍ਹਾਂ ਨੂੰ ਸੁਣਦਾ ਹੈ ਤਾਂ ਬਸ ਸੁਣਦਾ ਹੀ ਰਹਿ ਜਾਂਦਾ ਹੈ। ਦੇਸੀ ਰੌਕਸ ਦੇ ਮਨਮੋਹਨ ਸਿੰਘ ਵੱਲੋਂ ਸੋਨੂੰ ਨਿਗਮ ਦੀ ਅਜਿਹੀ ਹੀ ਸੁਰੀਲੀ ਤੇ ਦਿਲਾਂ ਨੂੰ ਮੰਤਰ ਮੁਗਧ ਕਰਨ ਵਾਲੀ  ਸੰਗੀਤਕ ਸ਼ਾਮ ਸਲੀਮਨ ਸਪੋਰਟਸ ਕੰਪਲੈਕਸ ਚੈਂਡਲਰ ਬ੍ਰਿਸਬੇਨ ਵਿਖੇ ਆਯੋਜਿਤ ਕੀਤੀ ਗਈ। ਹਰਦਿਲ ਅਜੀਜ਼, ਬੁਲੰਦ ਤੇ ਸੁਰੀਲੀ  ਅਵਾਜ਼ ਦੇ ਮਾਲਕ ਪ੍ਰਸਿੱਧ ਗਾਇਕ ਸੋਨੂੰ ਨਿਗਮ ਨੇ ਜਦੋ ਮੰਚ ’ਤੇ ਸੰਗੀਤਕ ਧੁਨਾਂ ਦੇ ਨਾਲ ਦਸਤਕ ਦਿੱਤੀ ਤਾ ਸਾਰਾ ਹਾਲ ਤਾੜੀਆਂ ਦੀ ਗੜ-ਗੜਾਹਟ ਵਿਚ ਗੂੰਜ ਉੱਠਿਆ। ਗਾਇਕ ਸੋਨੂੰ ਨੇ ਆਪਣੇ ਇਕ ਤੋ ਵੱਧ ਇੱਕ ਪ੍ਰਸਿੱਧ ਗੀਤ 'ਅਬ ਮੂਝੇ ਰਾਤ ਦਿਨ', ‘ਬੋਲ ਚੂੜੀਆਂ ‘,‘ਕਲ ਹੋ ਨਾ ਹੋ ‘, ‘ਮੁਝਸੇ ਸ਼ਾਦੀ ਕਰੋਗੀ ,‘ਆਲ ਇਜ਼ ਵੈੱਲ’, 'ਸੋਨੀਓ',  ਆਦਿ ਅਨੇਕਾ ਗੀਤਾਂ ਨਾਲ ਸ਼ਾਮ ਨੂੰ ਸੰਗੀਤਕ ਰੰਗ ਵਿੱਚ ਰੰਗਦਿਆਂ ਆਪਣੇ ਸੁਰੀਲੇ ਤੇ ਮਿੱਠੇ ਬੋਲਾਂ ਨਾਲ ਸੁਰ ਤੇ ਸੰਗੀਤ ਦੀ ਅਜਿਹੀ ਤਾਲ ਨਾਲ ਤਾਲ ਮਿਲਾ ਕੇ ਗਾਇਆ,  ਤਾਂ ਫ਼ਿਜਾ ਆਬਸ਼ਾਰ ਹੋ ਗਈ। 

ਇਸ ਤੋਂ ਬਾਅਦ ਗਾਇਕ ਸੋਨੂੰ ਨੇ, 'ਮੈ ਅਗਰ ਕਹੂੰ', 'ਕੱਲ੍ਹ ਹੋ ਨਾ ਹੋ' ਸੰਦੇਸ਼ੇ ਆਤੇ ਹੈਂ', ਗਾ ਕੇ ਸਾਰਿਆ ਨੂੰ  ਦੇਸ਼ ਭਗਤੀ ਦੇ ਜਜ਼ਬੇ ਵਿਚ ਡੁਬੋ ਕੇ ਅੱਖਾਂ ਨਮ ਕਰ ਦਿੱਤੀਆ ਤਾਂ ਕਦੇ 'ਸੂਰਜ ਹੂਆ ਮੱਧਮ', ਗਾ ਕੇ ਪਿਆਰ ਕਰਨ ਦਾ ਅਹਿਸਾਸ ਕਰਵਾਇਆ। ਦਰਸ਼ਕ  ਦੁਨੀਆਵੀਂ ਸਰੋਕਾਰਾਂ ਨੂੰ ਭੁੱਲ ਤਾੜੀਆਂ ਤੇ ਸੰਗੀਤ ਦੀ ਤਾਲ ਨਾਲ ਤਾਲ ਮਿਲਾ ਕੇ ਪਿਆਰ ਤੇ ਰੂਹਾਨੀ ਵੇਗ ਵਿੱਚ ਸਮਾ ਕੇ ਨੱਚਣ ਤੇ ਝੂਮਣ ਲਗਾ ਦਿੱਤੇ। 

ਗਾਇਕ ਸੋਨੂੰ ਨਿਗਮ ਨੇ ਤਕਰੀਬਨ ਤਿੰਨ- ਚਾਰ ਘੰਟੇ ਲਗਾਤਾਰ ਗਾ ਕੇ ਵਾਹ-ਵਾਹ ਲੁੱਟੀ ਅਤੇ ਵੱਡੀ ਗਿਣਤੀ ਵਿੱਚ ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰ ਉਠਿਆ। ਦੇਰ ਰਾਤ ਤੱਕ ਦਰਸ਼ਕਾਂ ਨੂੰ ਆਪਣੇ ਪ੍ਰਸਿੱਧ ਗੀਤਾਂ ਨਾਲ ਨਚਾ ਕੇ ਇਸ ਸੰਗੀਤਕ ਸ਼ਾਮ  ਨੂੰ ਸਿਖਰਾਂ ਤੱਕ ਪਹੁੰਚਾ ਆਪਣੀ ਦਮਦਾਰ ਗਾਇਕੀ ਦਾ ਲੋਹਾ ਮੰਨਵਾ ਕੇ ਖੂਬ ਵਾਹ ਵਾਹ ਖੱਟੀ। ਗਾਇਕ ਸੋਨੂੰ ਨਿਗਮ ਦੀ ਇਹ ਸੋਲਡ ਆਊਟ ਸੰਗੀਤਕ ਸ਼ਾਮ  ਅਮਿੱਟ ਯਾਦਾਂ ਛੱਡਦੀ ਹੋਈ ਨਵੀਂ ਤਵਾਰੀਖ਼ ਸਿਰਜ ਗਈ।


author

Harinder Kaur

Content Editor

Related News