ਇਸਲਾਮਾਬਾਦ ਹਾਈ ਕੋਰਟ ਨੇ ਉਜਮਾ ਨੂੰ ਭਾਰਤ ਪਰਤਣ ਦੀ ਦਿੱਤੀ ਇਜਾਜ਼ਤ

05/25/2017 12:47:46 AM

ਇਸਲਾਮਾਬਾਦ— ਇਸਲਾਮਾਬਾਦ ਹਾਈ ਕੋਰਟ ਨੇ ਇਕ ਪਾਕਿਸਤਾਨੀ ਵਿਅਕਤੀ 'ਤੇ ਜਬਰੀ ਵਿਆਹ ਕਰਨ ਦਾ ਦੋਸ਼ ਲਾਉਣ ਮਗਰੋਂ ਇਥੇ ਭਾਰਤੀ ਦੂਤਘਰ 'ਚ ਪਨਾਹ ਲੈਣ ਵਾਲੀ ਇਕ ਭਾਰਤੀ ਔਰਤ ਨੂੰ ਭਾਰਤ ਪਰਤਣ ਦੀ ਇਜਾਜ਼ਤ ਦੇ ਦਿੱਤੀ ਹੈ। ਉਜਮਾ ਇਸ ਮਹੀਨੇ ਪਾਕਿਸਤਾਨੀ ਆਈ ਸੀ। ਉਸ ਨੇ ਦੋਸ਼ ਲਾਇਆ ਕਿ ਤਾਹਿਰ ਅਲੀ ਨੇ ਬੰਦੂਕ ਦਾ ਡਰ ਦਿਖਾ ਕੇ ਉਸ ਨੂੰ ਵਿਆਹ ਕਰਨ ਲਈ ਮਜਬੂਰ ਕੀਤਾ। ਜਸਟਿਸ ਮੋਹਸਿਨ ਅਖਤਰ ਕਿਆਨੀ ਉਜਮਾ ਅਤੇ ਅਲੀ ਦੀ ਰਿੱਟ 'ਤੇ ਸੁਣਵਾਈ ਕਰ ਰਹੇ ਹਨ। ਉਜਮਾ ਨੇ ਬੇਨਤੀ ਕੀਤੀ ਸੀ ਕਿ ਉਸ ਨੂੰ ਭਾਰਤ ਭੇਜਿਆ ਜਾਵੇ ਕਿ ਜਦ ਕਿ ਅਲੀ ਨੇ ਕਿਹਾ ਸੀ ਕਿ ਉਸ ਨੂੰ ਆਪਣੀ ਪਤਨੀ ਨਾਲ ਮਿਲਣ ਦਿੱਤਾ ਜਾਵੇ।
ਪਾਕਿਸਤਾਨੀ ਅਖਬਾਰ 'ਦਿ ਡਾਨ' ਦੀ ਖਬਰ ਅਨੁਸਾਰ ਹਾਈ ਕੋਰਟ ਨੇ ਦਿੱਲੀ ਦੀ ਰਹਿਣ ਵਾਲੀ ਉਜਮਾ ਨੂੰ ਭਰੋਸਾ ਦਿੱਤਾ ਕਿ ਉਹ ਕਿਸੇ ਵੇਲੇ ਵੀ ਭਾਰਤ ਪਰਤਣ ਲਈ ਆਜ਼ਾਦ ਹੈ ਅਤੇ ਉਸ ਨੂੰ ਪੁਲਸ ਸੁਰੱਖਿਆ ਨਾਲ ਵਾਘਾ ਬਾਰਡਰ 'ਤੇ ਭੇਜਿਆ ਜਾਵੇਗਾ। ਸੁਣਵਾਈ ਦੌਰਾਨ ਉਜਮਾ ਨੂੰ ਪੁੱਛਿਆ ਕਿ ਕੀ ਉਹ ਪਤੀ ਨਾਲ ਗੱਲ ਕਰਨਾ ਚਾਹੁੰਦੀ ਹੈ? ਪਰ ਉਸ ਨੇ ਨਾਂਹ ਕਰ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਯਾਤਰਾ ਦਸਤਾਵੇਜ਼ ਅਲੀ ਨੇ ਚੋਰੀ ਕਰ ਲਏ ਸਨ। ਉਜਮਾ ਨੇ 12 ਮਈ ਨੂੰ ਅਦਾਲਤ 'ਚ ਰਿੱਟ ਦਾਇਰ ਕੀਤੀ ਸੀ ਅਤੇ ਇਕ ਮੈਡੀਕਲ ਰਿਪੋਰਟ ਸੌਂਪੀ ਸੀ, ਜਿਸ 'ਚ ਦਿਖਾਇਆ ਕਿ ਉਸ ਦੀ ਧੀ ਥੈਲੇਸੀਮੀਆ ਤੋਂ ਪੀੜਤ ਹੈ ਅਤੇ ਉਸ ਨੂੰ ਤੁਰੰਤ ਭਾਰਤ ਭੇਜੇ ਜਾਣ ਦੀ ਲੋੜ ਹੈ।
ਖਬਰਾਂ ਅਨੁਸਾਰ ਉਜਮਾ ਅਤੇ ਅਲੀ ਦੀ ਮੁਲਾਕਾਤ ਮਲੇਸ਼ੀਆ 'ਚ ਹੋਈ ਅਤੇ ਉਨ੍ਹਾਂ ਦੋਵਾਂ ਨੂੰ ਪਿਆਰ ਹੋ ਗਿਆ ਸੀ, ਜਿਸ ਦੇ ਮਗਰੋਂ ਉਹ ਵਾਘਾ ਬਾਰਡਰ ਰਾਹੀਂ 1 ਮਈ ਨੂੰ ਪਾਕਿਸਤਾਨ ਆਈ ਅਤੇ ਦੋਵਾਂ ਨੇ 3 ਮਈ ਨੂੰ ਨਿਕਾਹ ਕੀਤਾ ਸੀ।


Related News