ਭਾਰਤ-ਅਮਰੀਕਾ ਸਮਝੌਤਿਆਂ ਦਾ ਜਲਦੀ ਜ਼ਮੀਨ ’ਤੇ ਨਜ਼ਰ ਆਵੇਗਾ ਅਸਰ : ਤਰਨਜੀਤ ਸੰਧੂ

Sunday, Jul 02, 2023 - 11:08 AM (IST)

ਭਾਰਤ-ਅਮਰੀਕਾ ਸਮਝੌਤਿਆਂ ਦਾ ਜਲਦੀ ਜ਼ਮੀਨ ’ਤੇ ਨਜ਼ਰ ਆਵੇਗਾ ਅਸਰ : ਤਰਨਜੀਤ ਸੰਧੂ

ਵਾਸ਼ਿੰਗਟਨ- ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸੰਧੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਲ ਹੀ ’ਚ ਕੀਤੇ ਗਏ ਅਮਰੀਕਾ ਦੇ ਸਟੇਟ ਵਿਜ਼ਿਟ ਦੌਰਾਨ ਹੋਏ ਸਮਝੌਤਿਆਂ ਦੇ ਨਤੀਜੇ ਜਲਦੀ ਹੀ ਗ੍ਰਾਊਂਡ ’ਤੇ ਨਜ਼ਰ ਆਉਣਗੇ ਅਤੇ ਇਸ ਨਾਲ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਸਿੱਧਾ ਫਾਇਦਾ ਹੋਵੇਗਾ। ਇਨ੍ਹਾਂ ਸਮਝੌਤਿਆਂ ਦੇ ਨਤੀਜੇ ਵਜੋਂ ਭਾਰਤੀ ਵਿਦਿਆਰਥੀਆਂ ਨੂੰ ਘਰੇਲੂ ਕਾਲਜਾਂ ’ਚ ਹੀ ਵਿਸ਼ਵ ਪੱਧਰੀ ਸਿੱਖਿਆ ਹਾਸਲ ਹੋਵੇਗੀ ਅਤੇ ਇਸ ਨਾਲ ਹੀ ਤਕਨੀਕ ਦੇ ਆਦਾਨ-ਪ੍ਰਦਾਨ ਨਾਲ ਭਾਰਤ ’ਚ ਅਮਰੀਕਾ ਨਿਵੇਸ਼ ਕਰੇਗਾ। ਤਰਨਜੀਤ ਸੰਧੂ ਪ੍ਰਧਾਨ ਮੰਤਰੀ ਦੇ ਇਸ ਦੌਰੇ ਦੇ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਇਕ ਅਹਿਮ ਕੜੀ ਦੇ ਤੌਰ ’ਤੇ ਕੰਮ ਕਰਦੇ ਰਹੇ ਅਤੇ ਕਈ ਸਮਝੌਤਿਆਂ ’ਚ ਉਨ੍ਹਾਂ ਦੀ ਵੱਡੀ ਭੂਮਿਕਾ ਰਹੀ। ਸੰਧੂ ਪਿਛਲੇ 30 ਸਾਲਾਂ ਤੋਂ ਵਿਦੇਸ਼ ਸੇਵਾ ’ਚ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਦੇ ਅਮਰੀਕਾ ਦੌਰੇ ਦੌਰਾਨ ਹੋਏ ਸਮਝੌਤਿਆਂ ਨੂੰ ਗ੍ਰਾਊਂਡ ’ਤੇ ਕਿਵੇਂ ਲਾਗੂ ਕੀਤਾ ਜਾਵੇਗਾ ਅਤੇ ਇਸ ਦੇ ਕੀ ਪ੍ਰਭਾਵ ਹੋਣਗੇ, ਇਸ ’ਤੇ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸੋਢੀ ਨੇ ਉਨ੍ਹਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਤਰਨਜੀਤ ਸੰਧੂ ਦਾ ਪੂਰਾ ਇੰਟਰਵਿਊ :-

ਸ. ਤੁਸੀਂ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਨੂੰ ਕਿਸ ਤਰ੍ਹਾਂ ਵੇਖਦੇ ਹੋ?

ਜ. ਪ੍ਰਧਾਨ ਮੰਤਰੀ ਮੋਦੀ ਦਾ ਇਹ ਸਟੇਟ ਦੌਰਾ ਸੀ ਤੇ ਆਜ਼ਾਦ ਭਾਰਤ ਦੇ ਇਤਿਹਾਸ ’ਚ ਇਹ ਤੀਜੀ ਸਟੇਟ ਵਿਜ਼ਿਟ ਸੀ। ਵ੍ਹਾਈਟ ਹਾਊਸ ’ਚ ਪ੍ਰਧਾਨ ਮੰਤਰੀ ਮੋਦੀ ਦੇ ਪਹੁੰਚਣ ’ਤੇ ਜਿਹੜਾ ਸਵਾਗਤ ਸਮਾਰੋਹ ਹੋਇਆ, ਉਸ ’ਚ ਪ੍ਰਵਾਸੀ ਭਾਰਤੀਆਂ ਦਾ ਵੱਡੇ ਪੱਧਰ ’ਤੇ ਸ਼ਾਮਲ ਹੋਣਾ ਸਾਡੀਆਂ ਉਮੀਦਾਂ ਨਾਲੋਂ ਕਿਤੇ ਵਧੇਰੇ ਸੀ। ਅਮਰੀਕੀ ਕਾਂਗਰਸ ਦੇ ਇਤਿਹਾਸਕ ਜੁਆਇੰਟ ਐਡਰੈੱਸ ਦੌਰਾਨ ਮੈਂਬਰਾਂ ’ਚ ਭਾਰੀ ਉਤਸ਼ਾਹ ਸੀ ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਬੜੇ ਜੋਸ਼ੋ-ਖਰੋਸ਼ ਨਾਲ ਇੰਟਰੈਕਟ ਕੀਤਾ ਤੇ ਸਪੀਕਰ ਸਮੇਤ ਮੈਂਬਰਾਂ ਨੇ ਵੀ ਪ੍ਰਧਾਨ ਮੰਤਰੀ ਦੇ ਆਟੋਗ੍ਰਾਫ ਲਏ। ਪ੍ਰਧਾਨ ਮੰਤਰੀ ਮੋਦੀ ਹੀ ਅਜਿਹੇ ਭਾਰਤੀ ਲੀਡਰ ਹਨ, ਜਿਨ੍ਹਾਂ ਨੇ ਦੋ ਵਾਰ ਪਹਿਲੀ ਵਾਰ 2016 ਤੇ ਦੂਜੀ ਵਾਰ 2023 ਵਿਚ ਕਾਂਗਰਸ ਨੂੰ ਸੰਬੋਧਨ ਕੀਤਾ।

PunjabKesari

ਸਕਿਲਿੰਗ ਫਾਰ ਫਿਊਚਰ ਈਵੈਂਟ ਵਿਚ ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਈਡੇਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਕੈਨੇਡੀ ਸੈਂਟਰ ’ਚ ਪ੍ਰਧਾਨ ਮੰਤਰੀ ਮੋਦੀ ਦੇ ਪ੍ਰੇਰਣਾਦਾਇਕ ਭਾਸ਼ਣ ਤੋਂ ਵੀ ਸਭ ਪ੍ਰਭਾਵਿਤ ਹੋਏ, ਜਿੱਥੇ 1100 ਤੋਂ ਜ਼ਿਆਦਾ ਵੱਡੇ ਅਧਿਕਾਰੀ ਜਿਨ੍ਹਾਂ ’ਚ ਥਿੰਕਟੈਂਕਰਜ਼, ਸਿਆਸੀ ਆਗੂ, ਉਦਯੋਗਪਤੀ, ਵੱਡੀਆਂ-ਵੱਡੀਆਂ ਕੰਪਨੀਆਂ ਦੇ ਸੀ. ਈ. ਓਜ਼ ਆਦਿ ਹਾਜ਼ਰ ਸਨ। ਟੈਕਨਾਲੋਜੀ ਹੈਂਡਸ਼ੇਕ ’ਚ ਐਪਲ, ਮਾਈਕ੍ਰੋਸਾਫਟ, ਗੂੂਗਲ ਦੇ ਸੀ. ਈ. ਓਜ਼ ਹਾਜ਼ਰ ਸਨ। ਤਿੰਨ ਦਿਨ ਪ੍ਰਧਾਨ ਮੰਤਰੀ ਮੋਦੀ ਵਾਸ਼ਿੰਗਟਨ ਡੀ. ਸੀ. ’ਚ ਸਨ ਤੇ ਤਿੰਨੋਂ ਦਿਨ ਰਾਸ਼ਟਰਪਤੀ ਬਾਈਡੇਨ ਨੇ ਵ੍ਹਾਈਟ ਹਾਊਸ ’ਚ ਉਨ੍ਹਾਂ ਨੂੰ ਰਿਸੀਵ ਕੀਤਾ। ਇਹ ਪਹਿਲੀ ਵਾਰ ਹੈ ਕਿ ਕੋਈ ਭਾਰਤੀ ਪ੍ਰਧਾਨ ਮੰਤਰੀ ਤਿੰਨ ਦਿਨ ਵ੍ਹਾਈਟ ਹਾਊਸ ’ਚ ਠਹਿਰਨ ਤੇ ਤਿੰਨੋਂ ਦਿਨ ਅਮਰੀਕਾ ਦਾ ਰਾਸ਼ਟਰਪਤੀ ਉਨ੍ਹਾਂ ਨੂੰ ਮਿਲੇ। ਇਹ ਭਾਰਤ ਤੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਰਿਸਪੈਕਟ ਸੀ।

ਸ. ਭਾਰਤ-ਅਮਰੀਕਾ ਦੇ ਇਸ ਰਿਸ਼ਤੇ ਨੂੰ ਕੀ ਨਾਂ ਦਿੱਤਾ ਜਾ ਸਕਦਾ ਹੈ?

ਜ. ਇਸ ਰਿਸ਼ਤੇ ਨੂੰ ਪਾਰਟਨਰਸ਼ਿਪ ਕਿਹਾ ਜਾ ਸਕਦਾ ਹੈ। ਪਾਰਟਨਰਸ਼ਿਪ ਵਿਚ ਦੋਵਾਂ ਦਾ ਜੋੜ ਹੁੰਦਾ ਹੈ ਤੇ ਇਹ ਪਾਰਟਨਰਸ਼ਿਪ ਦੋਵਾਂ ਦੇਸ਼ਾਂ ਦੇ ਹੱਥ ਵਿਚ ਹੁੰਦੀ ਹੈ। ਜਦੋਂ ਪ੍ਰਧਾਨ ਮੰਤਰੀ ਜੀ ਕਹਿੰਦੇ ਹਨ ਕਿ ਗਲੋਬਲ ਗੁੱਡ ਹੈ ਤਾਂ ਇਸਦਾ ਵੱਡਾ ਅਰਥ ਹੈ। ਸਿਹਤ ਦੇ ਖੇਤਰ ਵਿਚ ਭਾਰਤ ਤੇ ਅਮਰੀਕਾ ਦੀ ਗੂੜ੍ਹੀ ਸਾਂਝ ਹੈ। ਉਦਾਹਰਣ ਵਜੋਂ ਕੋਰੋਨਾ ਵੈਕਸੀਨ ਰੋਟਾਵਾਇਰਸ ਤੇ ਕਾਰਬਵੈਕਸ, ਦੋਵਾਂ ਦੀ ਕੀਮਤ 100 ਤੇ 60 ਡਾਲਰ ਤੋਂ 1 ਡਾਲਰ ’ਤੇ ਪਹੁੰਚ ਗਈ ਜਦੋਂ ਭਾਰਤੀ ਕੰਪਨੀਆਂ ਨੇ ਵੈਕਸੀਨ ਬਣਾਉਣ ਲਈ ਯੂ. ਐੱਸ. ਟੈਕਨਾਲੋਜੀ ਵਰਤੀ।

ਸ. ਕੀ ਅਮਰੀਕਾ ਭਾਰਤ ਨੂੰ ਇਕ ਮੰਡੀ ਦੇ ਰੂਪ ਵਿਚ ਵੇਖ ਰਿਹਾ ਹੈ ਜਾਂ ਇਹ ਦਿਲੀ ਮੁਹੱਬਤ ਹੈ?

ਜ. ਰਾਸ਼ਟਰਪਤੀ ਜਾਂ ਨੈਸ਼ਨਲ ਸੁਰੱਖਿਆ ਸਲਾਹਕਾਰ ਦਾ ਬਿਆਨ ਵੇਖੀਏ ਤਾਂ ਇਹ ਗੱਲ ਸਪੱਸ਼ਟ ਹੈ ਕਿ ਇਹ ਦੋਵਾਂ ਦੇਸ਼ਾਂ ਵਿਚਕਾਰ ਪਾਰਟਨਰਸ਼ਿਪ ਹੈ ਤੇ ਇਹ ਦੋਵਾਂ ਲਈ ਫ਼ਾਇਦੇਮੰਦ ਹੈ। ਇਸ ਵਿਚ ਕੋਈ ਨਿੱਜੀ ਸਵਾਰਥ ਨਹੀਂ ਹੈ। ਜੀ. ਈ. ਇੰਜਣ ਬਾਰੇ ਭਾਰਤ ਨਾਲ ਬੈਸਟ ਟੈਕਨਾਲੋਜੀ ਸਾਂਝੀ ਹੋ ਰਹੀ ਹੈ ਤੇ ਇਸ ਸਬੰਧੀ ਐੱਮ. ਓ. ਯੂ. ਸਾਈਨ ਹੋਇਆ ਹੈ। ਦੂਜਾ ਮਾਈਕ੍ਰੋਨ ਤੇ ਅਪਲਾਇਡ ਮਟੀਰੀਅਲ ਵਰਗੀਆਂ ਟਾਪ ਕੰਪਨੀਆਂ ਭਾਰਤ ਵਿਚ ਇਨਵੈਸਟ ਕਰ ਰਹੀਆਂ ਹਨ। ਮਿਨਰਲ ਸਕਿਓਰਿਟੀ ਪਾਰਟਨਰਸ਼ਿਪ ਨੂੰ ਲੈ ਕੇ ਅਮਰੀਕਾ ਨੇ ਭਾਰਤ ਨਾਲ ਇਕ ਐਗਰੀਮੈਂਟ ਸਾਈਨ ਕੀਤਾ ਹੈ। ਇਸੇ ਤਰ੍ਹਾਂ ਸਪੇਸ ਨੂੰ ਲੈ ਕੇ ਵੀ ਐਗਰੀਮੈਂਟ ਹੋਇਆ ਕਿ ਨਾਸਾ ਭਾਰਤੀ ਐਸਟਰੋਨਾਟਸ ਨੂੰ ਆਧੁਨਿਕ ਸਿਖਲਾਈ ਦੇਵੇਗੀ ਅਤੇ ਭਾਰਤ ਤੇ ਅਮਰੀਕਾ ਨੇ 2024 ਲਈ ਸਾਂਝਾ ਆਪ੍ਰੇਸ਼ਨ ਵੀ ਉਲੀਕਿਆ ਹੈ। ਇਸ ਪਾਰਟਨਰਸ਼ਿਪ ’ਚੋਂ ਭਾਰਤ ਵੀ ਬਹੁਤ ਕੁਝ ਹਾਸਲ ਕਰ ਰਿਹਾ ਹੈ। ਐਨਰਜੀ, ਹਾਈਡ੍ਰੋਜਨ ਮਿਸ਼ਨ, ਸੋਲਰ ਬੈਟਰੀ ਟੈਕਨਾਲੋਜੀ ਆਦਿ ਵਿਚ ਅਮਰੀਕਾ-ਭਾਰਤ ਦੀ ਪਾਰਟਨਰਸ਼ਿਪ ਹੈ ਤੇ ਸਿੱਖਿਆ ਨੂੰ ਲੈ ਕੇ ਜੁਆਇੰਟ ਟਾਸਕ ਫੋਰਸ ਬਣਾਈ ਗਈ ਹੈ। ਇਸੇ ਤਰ੍ਹਾਂ ਸਿਹਤ ਤੇ ਉਦਯੋਗ ਨੂੰ ਲੈ ਕੇ ਵੀ ਰਣਨੀਤੀ ਬਣਾਈ ਗਈ ਹੈ, ਜਿਸ ਨਾਲ ਭਾਰਤ ਨੂੰ ਕਾਫੀ ਫਾਇਦਾ ਹੋਵੇਗਾ।

ਜਲਦੀ ਹੀ ਭਾਰਤੀਆਂ ਦੇ ਹੱਥਾਂ ’ਚ ਹੋਣਗੀਆਂ ਟੈਸਲਾ ਕਾਰਾਂ

ਮੈਂ ਪਹਿਲਾਂ ਹੀ ਟੈਸਲਾ ਦੇ ਮੁਕਾਬਲੇ ਦੀਆਂ ਕਈ ਕੰਪਨੀਆਂ ਦਾ ਜ਼ਿਕਰ ਕੀਤਾ ਹੈ। ਐਲਨ ਮਸਕ ਪ੍ਰਧਾਨ ਮੰਤਰੀ ਮੋਦੀ ਨੂੰ ਨਿਊਯਾਰਕ ’ਚ ਮਿਲੇ ਸਨ ਤੇ ਦੋਵਾਂ ’ਚ ਬੜੀ ਚੰਗੀ ਤੇ ਪ੍ਰਭਾਵਸ਼ਾਲੀ ਗੱਲਬਾਤ ਹੋਈ। ਟੈਸਲਾ ਦਾ ਇਕ ਡੈਲੀਗੇਸ਼ਨ ਜਲਦ ਭਾਰਤ ਆ ਰਿਹਾ ਹੈ। ਭਾਰਤ ’ਚ ਇਨਵੈਸਟ ਕਰਨ ਲਈ ਟੈਸਲਾ ਕਾਹਲੀ ਹੈ। ਮੈਨੂੰ ਉਮੀਦ ਹੈ ਕਿ ਭਾਰਤੀਆਂ ਦੇ ਹੱਥ ’ਚ ਬੜੀ ਜਲਦੀ ਟੈਸਲਾ ਦੀਆਂ ਕਾਰਾਂ ਹੋਣਗੀਆਂ।

ਭਾਰਤ-ਅਮਰੀਕਾ ਸਮਝੌਤੇ ਨਾਲ ਪੰਜਾਬੀਆਂ ਨੂੰ ਹੋਵੇਗਾ ਫਾਇਦਾ

ਮੈਂ ਹਰ ਸਾਲ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ ਹਾਂ। ਇਥੋਂ ਹੀ ਸਭ ਕੁਝ ਕਰਨ ਦੀ ਬਖਸ਼ਿਸ਼ ਮਿਲਦੀ ਹੈ। ਇਹ ਸਪੱਸ਼ਟ ਹੈ ਕਿ ਭਾਰਤ ਵਿਕਾਸ ਕਰੇਗਾ ਤਾਂ ਪੰਜਾਬ ਵੀ ਵਿਕਾਸ ਕਰੇਗਾ। ਭਾਰਤ ਫੇਰੀ ਦੌਰਾਨ ਮੈਂ ਇਸ ਸਬੰਧੀ ਮੁੱਖ ਮੰਤਰੀ ਤੇ ਰਾਜਪਾਲ ਜੀ ਨਾਲ ਮੁਲਾਕਾਤ ਵੀ ਕੀਤੀ ਸੀ। ਅਮਰੀਕਾ ’ਚ ਸਿਹਤ ਕਰਮਚਾਰੀਆਂ ਦੀ ਭਾਰੀ ਲੋੜ ਹੈ। ਸਿਹਤ ਖੇਤਰ ’ਚ ਅਮਰੀਕਾ ਦੀਆਂ ਕੰਪਨੀਆਂ ਭਾਰਤ ’ਚ ਇਨਵੈਸਟ ਕਰਨ ਨੂੰ ਤਿਆਰ ਹਨ। ਭਾਰਤ ਦੇ ਸਿਹਤ ਕਰਮਚਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦੇ ਕੇ ਅਮਰੀਕਾ ’ਚ ਚਾਰ-ਪੰਜ ਸਾਲ ਲਈ ਕੰਮ ਕਰ ਸਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪੰਜਾਬ ਵਿਚਲੀਆਂ ਸਿਹਤ ਸੰਸਥਾਵਾਂ ਇਸ ਪੱਖੋਂ ਲਾਭ ਲੈਣਗੀਆਂ।

PunjabKesari

ਸੈਮੀਕੰਡਕਟਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਸ ਦੀ ਸੈੱਟਅਪ ਸੰਸਥਾ ਮੋਹਾਲੀ ’ਚ ਸਥਾਪਿਤ ਹੋਈ ਸੀ। ਟੈਕਨਾਲੋਜੀ, ਇਨੋਵੇਸ਼ਨ, ਇਨਫਰਾਸਟਰੱਕਚਰ, ਡਿਫੈਂਸ ਸੈਕਟਰ ਵਿਚ ਪੰਜਾਬ ਵਿਚ ਵੀ ਬਹੁਤ ਸੰਭਾਵਨਾਵਾਂ ਹਨ। ਮੈਨੂੰ ਉਮੀਦ ਹੈ ਕਿ ਪੰਜਾਬ ਦੇ ਆਗੂ ਸਾਡੇ ਬੱਚਿਆਂ ਨੂੰ ਇਨ੍ਹਾਂ ਸੰਭਾਵਨਾਵਾਂ ਤੋਂ ਜਾਣੂ ਕਰਵਾਉਣਗੇ। ਪੰਜਾਬ ਦੇ ਨੌਜਵਾਨਾਂ ’ਚ ਬਹੁਤ ਐਨਰਜੀ ਹੈ ਤੇ ਸਾਨੂੰ ਸਿਰਫ਼ ਨੌਜਵਾਨਾਂ ਨੂੰ ਸੇਧ ਦੇਣ ਦੀ ਲੋੜ ਹੈ। ਇਥੇ 180 ਯੂਨੀਵਰਸਿਟੀਆਂ ਦੇ ਚਾਂਸਲਰਾਂ ਤੇ ਮੁਖੀਆਂ ਨਾਲ ਗੱਲ ਕੀਤੀ ਹੈ ਤੇ ਨਵੀਂ ਸਿੱਖਿਆ ਨੀਤੀ ਤਹਿਤ ਇਸਦਾ ਫ਼ਾਇਦਾ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਵੀ ਉਠਾਉਣਾ ਚਾਹੀਦਾ ਹੈ।

ਸ. ਜੋ ਸਮਝੌਤੇ ਹੋਏ ਹਨ, ਉਹ ਕਦੋਂ ਤੱਕ ਲਾਗੂ ਹੋਣਗੇ?

ਜ. ਸਾਂਝੇ ਬਿਆਨ ’ਚ ਸਪੱਸ਼ਟ ਕਿਹਾ ਗਿਆ ਹੈ ਕਿ ਸਰਕਾਰੀ, ਪ੍ਰਾਈਵੇਟ ਤੇ ਅਕੈਡਮਿਕ ਸੈਕਟਰ ਪਹਿਲੀ ਵਾਰ ਤਿੰਨੋਂ ਕੰਬਾਈਨ ਕਰ ਰਹੇ ਹਨ। ਹਾਈਟੈੱਕ ਹੈਂਡਸ਼ੇਕ ਸਮਾਗਮ ’ਚ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਬਾਈਡੇਨ ਦੀ ਅਗਵਾਈ ’ਚ ਭਾਰਤ ਤੇ ਅਮਰੀਕਾ ਦੀਆਂ ਟਾਪ ਦੀਆਂ ਕੰਪਨੀਆਂ ਸ਼ਾਮਲ ਹੋਈਆਂ। ਐਪਲ ਪਹਿਲਾਂ ਹੀ ਭਾਰਤ ਵਿਚ ਆਈਫੋਨ ਬਣਾ ਰਹੀ ਹੈ। ਮਾਈਕ੍ਰੋਨ, ਸੈਮੀਕੰਡਕਟਰ ਟੈਸਟਿੰਗ ਅਸੈਂਬਲੀ ਯੂਨਿਟ ਵਰਗੀਆਂ ਕੰਪਨੀਆਂ ਵੀ ਹਨ। ਕੁੱਲ 2.7 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਹੋਵੇਗੀ, ਜਿਸ ਵਿਚ 20 ਹਜ਼ਾਰ ਨੌਕਰੀਆਂ ਹੋਣਗੀਆਂ। ਲੈਮ ਰਿਸਰਚ 60 ਹਜ਼ਾਰ ਭਾਰਤੀ ਇੰਜੀਨੀਅਰਾਂ ਨੂੰ ਸਿਖਲਾਈ ਦੇਵੇਗੀ। ਫਰਸਟ ਸੋਲਰ ਪਹਿਲਾਂ ਹੀ ਤਾਮਿਲਨਾਡੂ ’ਚ ਇਨਵੈਸਟ ਕਰ ਚੁੱਕੀ ਹੈ। ਗੂਗਲ ਇੰਡੀਆ ਡਿਜੀਟਾਈਜ਼ੇਸ਼ਨ ਫੰਡ ’ਚ 10 ਬਿਲੀਅਨ ਡਾਲਰ ਇਨਵੈਸਟ ਕਰੇਗਾ। ਬੋਇਗ 100 ਮਿਲੀਅਨ ਡਾਲਰ ਇਨਵੈਸਟ ਕਰੇਗਾ, ਜਿਸ ਤਹਿਤ ਭਾਰਤ ਦੇ 31,000 ਨਵੇਂ ਪਾਇਲਟਾਂ ਨੂੰ ਸੁਪੋਰਟ ਕਰੇਗਾ।

ਸ. ਭਵਿੱਖ ਵਿਚ ਦੋਵਾਂ ਮੁਲਕਾਂ ’ਚ ਨਵੀਆਂ ਸਰਕਾਰਾਂ ਬਣਦੀਆਂ ਹਨ ਤਾਂ ਕੀ ਇਹ ਸਮਝੌਤੇ ਫਿਰ ਵੀ ਲਾਗੂ ਹੋਣਗੇ?

ਮੇਰੀ ਤਕਰੀਬਨ ਦੋ ਦਹਾਕਿਆਂ ਦੀ ਅਮਰੀਕੀ ਪ੍ਰਸ਼ਾਸਨ ਨਾਲ ਇੰਟਰੈਕਸ਼ਨ ਹੈ। ਰਾਸ਼ਟਰਪਤੀ ਕਲਿੰਟਨ ਵਿਜ਼ਿਟ, ਰਾਸ਼ਟਰਪਤੀ ਜਾਰਜ ਡਬਲਿਊ ਬੁਸ਼, ਰਾਸ਼ਟਰਪਤੀ ਓਬਾਮਾ, ਰਾਸ਼ਟਰਪਤੀ ਟਰੰਪ ਦੀ ਵਿਜ਼ਿਟ ਤੇ ਰਾਸ਼ਟਪਰਤੀ ਬਾਈਡੇਨ ਦੀ ਵਿਜ਼ਿਟ ਦੇਖੋ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਨਾਲ ਇਹ ਰਿਸ਼ਤਾ ਇਕ ਨਵੇਂ ਮੁਕਾਮ ’ਤੇ ਪਹੁੰਚਿਆ। ਯੂ. ਐੱਸ. ਕਾਂਗਰਸ ’ਚ ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਭਾਰਤ ਦੇ ਵਿਜ਼ਨ ਬਾਰੇ ਦੱਸਿਆ ਤਾਂ ਚਾਰੇ ਲੀਡਰ ਦੋ ਡੈਮੋਕ੍ਰੇਟ ਤੇ ਦੋ ਰਿਪਲਬਿਕ, ਦੋਵੇਂ ਸਾਈਡਾਂ ਤੋਂ ਕਾਂਗਰਸਮੈਨ ਖੜ੍ਹੇ ਹੋ ਕੇ ਤਾੜੀਆਂ ਮਾਰ ਰਹੇ ਸਨ। ਇਹ ਕਲੀਅਰ ਹੈ ਕਿ ਦੋਵਾਂ ਪਾਰਟੀਆਂ ਦੀ ਭਾਰਤ ਨੂੰ ਸੁਪੋਰਟ ਹੈ। ਨਵੀਂ ਸਿੱਖਿਆ ਨੀਤੀ ’ਚ ਸਾਡਾ ਵਿਜ਼ਨ ਇਹ ਹੈ ਕਿ ਭਵਿੱਖ ’ਚ ਜਿਹੜੀਆਂ ਸਹੂਲਤਾਂ ਅਮਰੀਕਾ ’ਚ ਹਨ, ਉਹ ਭਾਰਤ ਵਿਚ ਹੀ ਮਿਲ ਜਾਣ ਤਾਂ ਜੋ ਭਾਰਤੀ ਵਿਦਿਆਰਥੀਆਂ ਨੂੰ ਇਥੇ ਪੜ੍ਹਨ ਆਉਣ ਲਈ ਲੱਖਾਂ ਰੁਪਏ ਨਾ ਖਰਚਣੇ ਪੈਣ। ਇਹ ਸਭ ਕੁਝ ਪਾਰਟਨਰਸ਼ਿਪ ਨਾਲ ਹੀ ਸੰਭਵ ਹੈ।

ਭਾਰਤ ’ਚ ਖੁੱਲ੍ਹਣਗੇ 2 ਅਮਰੀਕੀ ਦੂਤਘਰ, ਵੀਜ਼ਾ ਅਪੁਆਇੰਟਮੈਂਟ ਲਈ ਨਹੀਂ ਕਰਨਾ ਪਵੇਗਾ ਲੰਬਾ ਇੰਤਜ਼ਾਰ

ਹਾਲਾਂਕਿ ਇਸ ਦਾ ਉੱਤਰ ਅਮਰੀਕਾ ਦੀ ਅੰਬੈਸੀ ਦੇ ਸਕਦੀ ਹੈ ਪਰ ਮੇਰੀ ਇੱਛਾ ਹੈ ਕਿ ਆਪਣੇ ਅਮਰੀਕੀ ਰਾਜਦੂਤ ਦੋਸਤ, ਜੋ ਜਲਦ ਹੀ ਪੰਜਾਬ ਵੀ ਆ ਸਕਦੇ ਹਨ, ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕਰਾਂ। ਜਦੋਂ ਕੋਰੋਨਾ ਦੌਰਾਨ ਇੱਥੇ ਕਾਫ਼ੀ ਸੰਕਟ ਆਇਆ ਸੀ, ਮੈਂ ਉਦੋਂ ਵੀ ਤੇ ਹੁਣ ਵੀ ਕਹਿੰਦਾ ਹਾਂ ਕਿ ਜਿਹੜੇ ਭਾਰਤੀ ਅਮਰੀਕੀ ਵੀਜ਼ੇ ਦੀ ਡਿਮਾਂਡ ਕਰਦੇ ਹਨ, ਉਹ ਅਮਰੀਕਾ ਦੇ ਭਾਰਤ ’ਚ ਗੂੜ੍ਹੇ ਮਿੱਤਰ ਹਨ। ਚਾਹੇ ਉਹ ਸੈਰ-ਸਪਾਟੇ ਲਈ ਆਉਣਾ ਚਾਹੁਣ ਜਾ ਪੜ੍ਹਨ ਲਈ। ਦੂਜਾ ਦੋਹਾਂ ਦੇਸ਼ਾਂ ਦੇ ਆਗੂਆਂ ਦੇ ਸਾਂਝੇ ਬਿਆਨ ’ਚ ਲੋਕ ਮਸਲੇ ਵੀ ਵਿਚਾਰੇ ਗਏ ਹਨ। ਅਮਰੀਕਾ ਦੇ ਦੋ ਹੋਰ ਦੂਤਘਰ ਭਾਰਤ ’ਚ ਖੁੱਲ੍ਹਣ ਜਾ ਰਹੇ ਹਨ ਤੇ ਇਹ ਵੀਜ਼ਾ ਨਾਲ ਸਬੰਧਤ ਹੋਰ ਮਾਮਲੇ ਵੀ ਵੇਖਣਗੇ। ਬਾਕੀ ਪਿਛਲੇ ਦਿਨੀਂ ਵੀਜ਼ਾ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਕਾਫ਼ੀ ਸੁਧਰੀ ਹੈ ਤੇ ਵੇਟਿੰਗ ਪੀਰੀਅਡ ਘਟ ਰਿਹਾ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਵਿਚ ਹੋਰ ਸੁਧਾਰ ਹੋਵੇਗਾ। ਅਸੀਂ ਸਿਆਟਲ ’ਚ ਵੀ ਭਾਰਤੀ ਦੂਤਘਰ ਖੋਲ੍ਹਣ ਜਾ ਰਹੇ ਹਾਂ ਤੇ ਇੱਥੇ ਬਹੁਗਿਣਤੀ ਪੰਜਾਬੀ ਭਾਈਚਾਰਾ ਹੈ। ਭਾਰਤ ਦੋ ਹੋਰ ਦੂਤਘਰ ਖੋਲ੍ਹਣ ਦੀ ਵੀ ਤਿਆਰੀ ਕਰ ਰਿਹਾ ਹੈ।

ਸ. ਅਮਰੀਕੀ ਏਅਰਪੋਰਟ ’ਤੇ ਲੈਂਡ ਕਰਨ ਮੌਕੇ ਭਾਰਤੀਆਂ ਨੂੰ ਕਾਫ਼ੀ ਸਮੱਸਿਆਵਾਂ ਆਉਂਦੀਆਂ ਹਨ। ਕੀ ਇਹ ਮਾਮਲਾ ਤੁਹਾਡੇ ਧਿਆਨ ਵਿਚ ਹੈ? ਭਾਰਤੀ ਨੂੰ ਸੈਲਫ ਇਮੀਗ੍ਰੇਸ਼ਨ ਦੀ ਸਹੂਲਤ ਕਦੋਂ ਤਕ ਮਿਲ ਸਕਦੀ ਹੈ ।

ਅਮਰੀਕਾ ਵੱਲੋਂ ਜਿੰਨੀ ਮਹੱਤਤਾ ਭਾਰਤੀ ਟੈਲੇਂਟ ਨੂੰ ਦਿੱਤੀ ਜਾ ਰਹੀ ਹੈ, ਉਸ ਦੇ ਨਾਲ ਹੀ ਭਾਰਤੀ ਪਾਸਪੋਰਟ ਦੀ ਵੈਲਿਊ ਵੀ ਵਧੇਗੀ। ਅੱਜ ਇਹ ਮਾਹੌਲ ਹੋ ਗਿਆ ਹੈ ਕਿ ਕੋਈ ਭਾਰਤੀ-ਅਮਰੀਕੀ ਕਿਸੇ ਵੀ ਬੋਰਡ ਦਾ ਮੈਂਬਰ ਬਣਦਾ ਹੈ ਤਾਂ ਵਾਲਸਟ੍ਰੀਟ ’ਤੇ ਉਸ ਸ਼ੇਅਰ ਦੀ ਵੈਲਿਊ ਵਧ ਜਾਂਦੀ ਹੈ। ਇਸੇ ਨਾਲ ਹੀ ਭਾਰਤੀਆਂ ਦੀ ਇੱਜ਼ਤ ਹੋਰ ਵਧ ਰਹੀ ਹੈ। ਸਿੱਖਿਆ, ਸਿਹਤ, ਟੈਕਨਾਲੋਜੀ, ਸਟਾਰਟਅੱਪ, ਐਨਰਜੀ ਆਦਿ ਖੇਤਰਾਂ ਵਿਚ ਜਿਸ ਤਰ੍ਹਾਂ ਸਾਡੀ ਪਾਰਟਨਰਸ਼ਿਪ ਵਧ ਰਹੀ ਹੈ ਉਸੇ ਤਰ੍ਹਾਂ ਹੀ ਭਾਰਤ ਦੀ ਮਹੱਤਤਾ ਬਾਰੇ ਅਮਰੀਕਾ ’ਚ ਅੰਡਰਸਟੈਂਡਿੰਗ ਹੋ ਰਹੀ ਹੈ। ਆਮ ਅਮਰੀਕੀਆਂ ਨੂੰ ਵੀ ਪਤਾ ਲੱਗ ਰਿਹਾ ਹੈ ਕਿ ਇਸ ਦਾ ਫ਼ਾਇਦਾ ਅਮਰੀਕਾ ਨੂੰ ਵੀ ਹੈ। ਇੱਥੇ ਕਈ ਭਾਰਤੀ ਟਾਪ ਪੁਜ਼ੀਸ਼ਨਾਂ ’ਤੇ ਹਨ। ਇਸ ਸਮੇਂ ਬਾਈਡਨ ਐਡਮਨਿਸਟ੍ਰੇਸ਼ਨ ’ਚ ਜਿਹੜੇ ਟਾਪ ਦੇ ਡਾਕਟਰ ਹਨ ਉਹ ਸਾਰੇ ਭਾਰਤੀ-ਅਮਰੀਕੀ ਹਨ। ਅਜਿਹੀਆਂ ਪੁਜ਼ੀਸ਼ਨਾਂ ’ਤੇ ਭਾਰਤੀਆਂ ਦਾ ਹੋਣਾ ਮਾਣ ਵਾਲੀ ਗੱਲ ਹੈ। ਅੱਜ 5 ਮੈਂਬਰ ਭਾਰਤੀ ਮੂਲ ਦੇ ਹਨ, ਜੋ ਅਮਰੀਕਾ ਦੇ ਕਾਂਗਰਸਮੈਨ ਬਣੇ ਹਨ। ਸੋ ਹੁਣ ਸਾਰੇ ਭਾਰਤੀਆਂ ਦੀ ਮਹੱਤਤਾ ਨੂੰ ਸਮਝ ਰਹੇ ਹਨ। ਬਾਕੀ ਸਾਡੇ ਕੋਲ ਕੋਈ ਵੀ ਸ਼ਿਕਾਇਤ ਆਉਂਦੀ ਹੈ ਤਾਂ ਤੁਰੰਤ ਉਸ ’ਤੇ ਬਣਦੀ ਕਾਰਵਾਈ ਕਰਦੇ ਹਾਂ।

ਸ. ਇਸ ਪ੍ਰਭਾਵਸ਼ਾਲੀ ਅਹੁਦੇ ’ਤੇ ਪਹੁੰਚ ਕੇ ਜ਼ਿੰਦਗੀ ਦੇ ਸਫ਼ਰ ਦਾ ਮੁਲਾਂਕਣ ਕਿਵੇਂ ਕਰਦੇ ਹੋ?

ਜ. ਮੇਰੀ ਖ਼ੁਸ਼ਕਿਸ਼ਮਤੀ ਸੀ ਕਿ ਮੈਂ ਕੰਪੀਟੀਟਿਵ ਪ੍ਰੀਖਿਆ ’ਚ ਸਿਲੈਕਟ ਹੋਇਆ ਤੇ ਆਈ. ਐੱਫ. ਐੱਸ. ਦੀ ਚੋਣ ਕਰਕੇ ਨੌਕਰੀ ਕੀਤੀ। ਮੈਂ ਰੂਸ, ਯੂਕ੍ਰੇਨ, ਜਰਮਨੀ, ਸ਼੍ਰੀਲੰਕਾ ਤੇ ਅਮਰੀਕਾ ’ਚ ਸੇਵਾਵਾਂ ਦਿੱਤੀਆਂ। ਜਦੋਂ ਮੈਂ ਪਿਛੋਕੜ ਵੱਲ ਝਾਤ ਮਾਰਦਾ ਹਾਂ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹਾਂ ਕਿ ਮੈਨੂੰ ਇਹ ਸਭ ਕੁਝ ਸਿੱਖਣ ਦਾ ਤੇ ਸੇਵਾਵਾਂ ਦੇਣ ਦਾ ਮੌਕਾ ਮਿਲਿਆ। ਸਾਡੀ ਕੋਈ ਵੀ ਉਮਰ ਹੋਵੇ, ਸਾਨੂੰ ਹਮੇਸ਼ਾ ਸਿੱਖਣ ਦੀ ਲੋੜ ਰਹਿੰਦੀ ਹੈ। ਹੁਣ ਜਿਹੜਾ ਭਾਰਤ-ਅਮਰੀਕਾ ਵਿਚਾਲੇ ਸਮਝੌਤਾ ਹੋਇਆ ਹੈ, ਉਸ ’ਚ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਮੇਰਾ ਮੰਨਣਾ ਹੈ ਕਿ ਬੰਦੇ ਨੂੰ ਜਿੱਥੇ ਵੀ ਮੌਕਾ ਮਿਲੇ ਸਿੱਖਣਾ ਚਾਹੀਦਾ ਹੈ ਤੇ ਆਪਣਾ ਯੋਗਦਾਨ ਸਮਾਜ ਦੇ ਸੁਧਾਰ ’ਚ ਪਾਉਣਾ ਚਾਹੀਦਾ ਹੈ।

ਸ. ਤੁਹਾਡੀ ਜ਼ਿੰਦਗੀ ’ਚ ਤੁਹਾਡੇ ਦਾਦਾ ਤੇਜਾ ਸਿੰਘ ਸਮੁੰਦਰੀ ਦਾ ਕੀ ਪ੍ਰਭਾਵ ਹੈ?

1926 ਨੂੰ 40 ਸਾਲ ਦੀ ਉਮਰ ਵਿਚ ਲਾਹੌਰ ਜੇਲ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ। ਜਿਹੜੇ ਸਿਧਾਂਤਾਂ ਤੇ ਕਦਰਾਂ-ਕੀਮਤਾਂ ਨੂੰ ਉਨ੍ਹਾਂ ਨੇ ਅਪਣਾਇਆ ਫਿਰ ਉਨ੍ਹਾਂ ’ਤੇ ਡਟ ਕੇ ਪਹਿਰਾ ਦਿੱਤਾ। ਉਨ੍ਹਾਂ ਨੇ ਕਦੀ ਵੀ ਇਸ ਚੀਜ਼ ਦੀ ਪਬਲੀਸਿਟੀ ਨਹੀਂ ਲਈ। ਮੈਂ ਉਨ੍ਹਾਂ ਤੋਂ ਇਹੀ ਚੀਜ਼ ਸਿੱਖੀ ਹੈ ਕਿ ਜਿਹੜਾ ਕੰਮ ਵੀ ਕਰਨਾ ਹੈ, ਉਸ ਨੂੰ ਈਮਾਨਦਾਰੀ ਨਾਲ ਪੂਰੀ ਮਿਹਨਤ, ਦ੍ਰਿੜ੍ਹਤਾ ਤੇ ਊਰਜਾ ਨਾਲ ਕਰਨਾ ਚਾਹੀਦਾ ਹੈ। ਗਲਤੀ ਮਨੁੱਖ ਕੋਲੋਂ ਹੋ ਸਕਦੀ ਹੈ ਪਰ ਆਪਣੀਆਂ ਅੱਖਾਂ, ਕੰਨ ਤੇ ਦਿਮਾਗ ਹਮੇਸ਼ਾ ਸਿੱਖਣ ਲਈ ਖੁੱਲ੍ਹਾ ਰੱਖਣਾ ਚਾਹੀਦਾ ਹੈ।


ਮਾਤਾ-ਪਿਤਾ ਸਰਕਾਰੀ ਨੌਕਰੀ ’ਚ ਰਹੇ, ਪਤਨੀ ਰੀਨਤ ਸੰਧੂ ਵੀ ਵਿਦੇਸ਼ ਸੇਵਾ ’ਚ ਸੀਨੀਅਰ ਅਧਿਕਾਰੀ

ਤਰਨਜੀਤ ਸੰਧੂ ਦੇ ਪਿਤਾ ਦਾ ਨਾਂ ਬਿਸ਼ਨ ਸਿੰਘ ਸਮੁੰਦਰੀ ਹੈ ਤੇ ਉਨ੍ਹਾਂ ਦਾ ਜਨਮ 1963 ’ਚ ਲੁਧਿਆਣਾ ’ਚ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਬੁਰਜ ਰਾਇ ਹੈ ਅਤੇ ਇਹ ਸਰਹਾਲੀ ਦੇ ਨੇੜੇ ਹੈ। ਸੰਧੂ ਦੇ ਮਾਤਾ ਤੇ ਪਿਤਾ ਵਿਦੇਸ਼ ’ਚੋਂ ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਪੰਜਾਬ ਆਏ ਸਨ। ਉਨ੍ਹਾਂ ਦੇ ਪਿਤਾ ਨੇ ਪੀ. ਏ. ਯੂ. ਲੁਧਿਆਣਾ ’ਚ ਨੌਕਰੀ ਕੀਤੀ ਤੇ ਮਾਤਾ ਸਰਕਾਰੀ ਕਾਲਜ ’ਚ ਬਤੌਰ ਪ੍ਰੋਫੈਸਰ ਸੇਵਾਵਾਂ ਦਿੰਦੇ ਰਹੇ। ਸੰਧੂ ਦੇ ਜਨਮ ਦੇ ਇਕ ਸਾਲ ਬਾਅਦ ਹੀ ਉਨ੍ਹਾਂ ਦੇ ਪਿਤਾ ਖਾਲਸਾ ਕਾਲਜ ਅੰਮ੍ਰਿਤਸਰ ’ਚ ਡੈਪੂਟੇਸ਼ਨ ’ਤੇ ਚਲੇ ਗਏ ਅਤੇ ਉਨ੍ਹਾਂ ਦੀ ਮਾਤਾ ਵੀ ਸਰਕਾਰੀ ਕਾਲਜ ਫਾਰਮ ਵੂਮੈਨ ਅੰਮ੍ਰਤਸਰ ’ਚ ਸੇਵਾਵਾਂ ਦੇਣ ਲੱਗੇ। ਤਰਨਜੀਤ ਸੰਧੂ 5 ਸਾਲ ਤੱਕ ਸੈਕਰਡ ਹਾਰਟ ਸਕੂਲ ਅੰਮ੍ਰਿਤਸਰ ’ਚ ਪੜ੍ਹੇ ਅਤੇ ਇਸ ਦੇ ਬਾਅਦ ਲਾਰੈਂਸ ਸਕੂਲ ਸਨਾਵਰ ਚਲੇ ਗਏ। ਇੱਥੇ ਉਨ੍ਹਾਂ ਨੇ 12ਵੀਂ ਜਮਾਤ ਤਕ ਪੜ੍ਹਾਈ ਕੀਤੀ ਅਤੇ ਉਹ 2 ਸਾਲ ਹੈੱਡ ਸਟੂਡੈਂਟ ਵੀ ਰਹੇ। ਇਸ ਤੋਂ ਬਾਅਦ ਉਹ ਦਿੱਲੀ ’ਚ ਸੈਂਟ ਸਟੀਫਨ ਕਾਲਜ ’ਚ ਦਾਖਲ ਹੋਏ ਅਤੇ ਇੱਥੇ ਇਤਿਹਾਸ ਤੇ ਸਿਆਸੀ ਸ਼ਾਸਤਰ ’ਚ ਗ੍ਰੈਜੂਏਸ਼ਨ ਕੀਤੀ। ਇਸ ਿਪੱਛੋਂ ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਇੰਟਰਨੈਸ਼ਨਲ ਰਿਲੇਸ਼ਨ ’ਚ ਮਾਸਟਰ ਡਿਗਰੀ ਦੇ ਨਾਲ-ਨਾਲ ਐੱਮ. ਫਿਲ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਦਿੱਤੀ ਅਤੇ ਆਈ. ਐੱਫ. ਐੱਸ. ’ਚ ਆ ਗਏ।

ਤਰਨਜੀਤ ਸੰਧੂ ਦਾ ਵਿਆਹ 89 ਬੈਚ ਦੀ ਆਈ. ਐੱਫ. ਐੱਸ. ਅਫਸਰ ਰੀਨਤ ਸੰਧੂ ਨਾਲ ਹੋਇਆ। ਰੀਨਤ ਵੀ ਭਾਰਤੀ ਵਿਦੇਸ਼ ਸੇਵਾ ਦੀ ਇਕ ਸੀਨੀਅਰ ਅਧਿਕਾਰੀ ਹੈ ਤੇ ਮੌਜੂਦਾ ਸਮੇਂ ’ਚ ਨੀਦਰਲੈਂਡ ’ਚ ਭਾਰਤ ਦੀ ਰਾਜਦੂਤ ਹੈ। ਇਸ ਜੋੜੇ ਨੂੰ ਭਗਵਾਨ ਨੇ ਇਕ ਬੇਟਾ ਤੇ ਇਕ ਬੇਟੀ ਨਾਲ ਨਵਾਜਿਆ ਹੈ। ਤਰਨਜੀਤ ਸੰਧੂ ਚਾਰ ਭਰਾਵਾਂ ’ਚੋਂ ਇਕ ਹੈ ਅਤੇ ਉਨ੍ਹਾਂ ਦੇ ਦੋ ਭਰਾ ਤੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ। ਉਨ੍ਹਾਂ ਦੀ ਦਿਲਚਸਪੀ ਕਿਤਾਬਾਂ ਪੜ੍ਹਨ ਦੇ ਇਲਾਵਾ ਫਿਲਮਾਂ ਅਤੇ ਆਊਟਡੋਰ ਸਪੋਰਟਸ ’ਚ ਰਹੀ ਹੈ। ਹਾਕੀ ’ਚ ਉਨ੍ਹਾਂ ਦੀ ਵਿਸ਼ੇਸ਼ ਰੁਚੀ ਹੈ।

ਵੀਡੀਓ ਇੰਟਰਵਿਊ ਲਿੰਕ–

ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਦੇ ਮੁਰੀਦ ਹੋਏ ਰਾਸ਼ਟਰਪਤੀ ਪੁਤਿਨ, 'ਮੇਕ ਇਨ ਇੰਡੀਆ' ਮੁਹਿੰਮ ਦੀ ਜੰਮ ਕੇ ਕੀਤੀ ਤਾਰੀਫ਼

ਇੰਟਰਨੈਸ਼ਨਲ ਰਿਲੇਸ਼ਨ ’ਤੇ ਸੰਧੂ ਦਾ 30 ਸਾਲ ਦਾ ਤਜ਼ਰਬਾ

1990-92, ਸੋਵੀਅਤ ਯੂਨੀਅਨ (ਹੁਣ ਰੂਸ) ਵਿਚ ਸਥਿਤ ਭਾਰਤੀ ਮਿਸ਼ਨ ਵਿਚ ਥਰਡ ਸੈਕਰੇਟਰੀ (ਰਾਜਨੀਤਕ), ਦੂਜੇ ਸੈਕਰੇਟਰੀ (ਕਮਰਸ਼ੀਅਲ) ਵਜੋਂ ਤਾਇਨਾਤੀ

1992-94, ਕੀਵ ਵਿਚ ਨਵਾਂ ਭਾਰਤੀ ਦੂਤਾਘਰ ਖੋਲ੍ਹਣ ਦੀ ਜ਼ਿੰਮੇਵਾਰੀ ਨਿਭਾਈ ਅਤੇ ਇਸੇ ਦੂਤਘਰ ’ਚ ਸਿਆਸੀ ਅਤੇ ਪ੍ਰਸ਼ਾਸਨਿਕ ਵਿੰਗ ਦੀ ਅਗਵਾਈ ਕੀਤੀ

1995-97, ਵਿਦੇਸ਼ ਮੰਤਰਾਲੇ ’ਚ ਓ. ਐੱਸ. ਡੀ. (ਪ੍ਰੈੱਸ ਰਿਲੇਸ਼ਨ) ਰਹੇ ਅਤੇ ਇਸ ਦੌਰਾਨ ਵਿਦੇਸ਼ੀ ਮੀਡੀਆ ਨਾਲ ਤਾਲਮੇਲ ਲਈ ਜ਼ਿੰਮੇਵਾਰੀ ਨਿਭਾਉਂਦੇ ਰਹੇ

1997-2000, ਵਾਸ਼ਿੰਗਟਨ ਡੀ. ਸੀ. ਸਥਿਤੀ ਭਾਰਤੀ ਦੂਤਘਰ ’ਚ ਫਰਸਟ ਸੈਕਰੇਟਰੀ (ਸਿਆਸੀ) ਵਜੋਂ ਤਾਇਨਾਤ ਹੋਏ ਅਤੇ ਅਮਰੀਕੀ ਕਾਂਗਰਸ ਨਾਲ ਤਾਲਮੇਲ ਦੀ ਜ਼ਿੰਮੇਵਾਰੀ ਨਿਭਾਈ

2000-2004, ਕੋਲੰਬੋ ਦੇ ਭਾਰਤੀ ਦੂਤਘਰ ਵਚ ਸਿਆਸੀ ਵਿੰਗ ਦੇ ਮੁਖੀ ਦੇ ਤੌਰ ’ਤੇ ਕੰਮ ਕੀਤਾ

2005-2009, ਯੂਨਾਈਟਿਡ ਨੇਸ਼ਨ਼ਜ ਦੇ ਨਿਊਯਾਰਕ ਸਥਿਤ ਭਾਰਤ ਦੇ ਸਥਾਈ ਮਿਸ਼ਨ ’ਚ ਤਾਇਨਾਤ ਰਹੇ

2009-2011, ਵਿਦੇਸ਼ ਮੰਤਰਾਲੇ ਵਿਚ ਸੰਯੁਕਤ ਸਕੱਤਰ (ਯੂਨਾਈਟਿਡ ਨੇਸ਼ਨ) ਅਤੇ ਸੰਯੁਕਤ ਸਕੱਤਰ (ਪ੍ਰਸ਼ਾਸਨ) ਵਜੋਂ ਸੇਵਾ ਨਿਭਾਈ

2011-2013, ਫ੍ਰੈਂਕਫਰਟ ’ਚ ਸਥਿਤ ਭਾਰਤੀ ਦੂਤਘਰ ਦੇ ਕੌਂਸਲ ਜਨਰਲ ਰਹੇ

2013-2017, ਵਾਸ਼ਿੰਗਟਨ ਡੀ. ਸੀ. ਵਿਚ ਭਾਰਤੀ ਦੂਤਘਰ ਦੇ ਦੇ ਡਿਪਟੀ ਚੀਫ ਵਜੋਂ ਸੇਵਾਵਾਂ ਦਿੱਤੀਆਂ।

2017-2020, ਸ਼੍ਰੀਲੰਕਾ ਦੇ ਕੋਲੰਬੋ ’ਚ ਸਥਿਤ ਭਾਰਤੀ ਦੂਤਘਰ ’ਚ ਹਾਈ ਕਮਿਸ਼ਨ ਰਹੇ

3 ਫਰਵਰੀ 2020 ਤੋਂ ਹੁਣ ਤੱਕ ਅਮਰੀਕਾ ’ਚ ਭਾਰਤ ਦੇ ਰਾਜਦੂਤ ਵਜੋਂ ਸੇਵਾਵਾਂ ਦੇ ਰਹੇ ਹਨ

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News