ਜਿਸ 'ਕੁੜੀ' ਨੂੰ ਅਗਵਾ ਕਰਕੇ ਹਮਾਸ ਦੇ ਅੱਤਵਾਦੀਆਂ ਨੇ ਕੱਢੀ ਸੀ ਪਰੇਡ, ਮਾਂ ਨੇ ਕਿਹਾ-'ਉਹ ਜ਼ਿੰਦਾ ਹੈ'
Wednesday, Oct 11, 2023 - 01:57 PM (IST)
ਇੰਟਰਨੈਸ਼ਨਲ ਡੈਸਕ- ਇਜ਼ਰਾਈਲ 'ਤੇ ਹਮਲਾ ਕਰਨ ਤੋਂ ਬਾਅਦ ਹਮਾਸ ਦੇ ਅੱਤਵਾਦੀ ਇਕ ਸੰਗੀਤ ਸਮਾਰੋਹ 'ਚ ਦਾਖਲ ਹੋ ਗਏ ਸਨ। ਉਨ੍ਹਾਂ ਨੇ ਇੱਥੇ ਘੱਟੋ-ਘੱਟ 260 ਲੋਕਾਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਇੱਥੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅਗਵਾ ਵੀ ਕੀਤਾ। ਸੋਸ਼ਲ ਮੀਡੀਆ ਲੋਕਾਂ ਨਾਲ ਅੱਤਵਾਦੀਆਂ ਦੀ ਬੇਰਹਿਮੀ ਦੀਆਂ ਵੀਡੀਓਜ਼ ਅਤੇ ਤਸਵੀਰਾਂ ਨਾਲ ਭਰਿਆ ਹੋਇਆ ਹੈ। ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਇਸ ਵੀਡੀਓ 'ਚ ਹਮਾਸ ਦੇ ਅੱਤਵਾਦੀ ਇਕ ਕੁੜੀ ਦੀ ਲਾਸ਼ 'ਤੇ ਬੈਠ ਕੇ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਉਹ ਉਸ ਦੇ ਸਰੀਰ 'ਤੇ ਥੁੱਕ ਰਹੇ ਸਨ। ਉਨ੍ਹਾਂ ਨੇ ਇਸ ਨੂੰ ਟਰੱਕ 'ਤੇ ਰੱਖ ਕੇ ਪਰੇਡ 'ਚ ਵੀ ਕੱਢੀ। ਕੁੜੀ ਦੇ ਸਰੀਰ 'ਤੇ ਕੱਪੜੇ ਵੀ ਨਹੀਂ ਸਨ।
ਡੇਲੀ ਮੇਲ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਇਸ ਕੁੜੀ ਦੀ ਪਛਾਣ ਹੋ ਗਈ ਹੈ। ਉਸਦੇ ਪਰਿਵਾਰ ਨੇ ਉਸਨੂੰ ਉਸਦੇ ਟੈਟੂ ਅਤੇ ਵਾਲਾਂ ਤੋਂ ਪਛਾਣਿਆ। ਇਹ ਕੁੜੀ ਜਰਮਨ ਟੈਟੂ ਕਲਾਕਾਰ ਸ਼ਨੀ ਲੌਕ ਹੈ। ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਅੱਤਵਾਦੀਆਂ ਨੇ ਸ਼ਨੀ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਲਾਸ਼ ਦੀ ਪਰੇਡ ਕੱਢੀ। ਪਰ ਹੁਣ ਸ਼ਨੀ ਦੀ ਮਾਂ ਨੇ ਹੈਰਾਨ ਕਰਨ ਵਾਲੀ ਜਾਣਕਾਰੀ ਦਿੱਤੀ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਦੀ ਧੀ ਜ਼ਿੰਦਾ ਹੈ, ਮਰੀ ਨਹੀਂ ਹੈ। ਜਰਮਨ ਨਿਊਜ਼ ਆਊਟਲੈੱਟ ਡੇਰ ਸਪੀਗਲ ਦੀ ਰਿਪੋਰਟ ਮੁਤਾਬਕ ਸ਼ਨੀ ਦੀ ਮਾਂ ਰਿਕਾਰਡਾ ਨੇ ਇੰਟਰਨੈੱਟ 'ਤੇ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਈਲ 'ਚ ਆਸਟ੍ਰੇਲੀਆਈ ਨਾਗਰਿਕ ਦੀ ਮੌਤ, ਸਰਕਾਰ ਨੇ ਅੱਤਵਾਦੀ ਹਮਲੇ ਰੋਕਣ ਦੀ ਕੀਤੀ ਅਪੀਲ
ਇਸ ਵਿੱਚ ਉਹ ਦੱਸਦੀ ਹੈ ਕਿ ਗਾਜ਼ਾ ਪੱਟੀ ਵਿੱਚ ਰਹਿਣ ਵਾਲੇ ਉਸਦੇ ਇੱਕ ਪਰਿਵਾਰਕ ਦੋਸਤ ਨੇ ਦੱਸਿਆ ਹੈ ਕਿ ਉਸਦੀ ਧੀ ਜ਼ਿੰਦਾ ਹੈ। ਉਹ ਹਮਾਸ ਦੇ ਇੱਕ ਹਸਪਤਾਲ ਵਿੱਚ ਦਾਖਲ ਹੈ। ਇਸ ਤੋਂ ਬਾਅਦ ਉਸ ਨੇ ਜਰਮਨ ਸਰਕਾਰ ਨੂੰ ਆਪਣੀ ਧੀ ਦੀ ਸੁਰੱਖਿਅਤ ਵਾਪਸੀ ਲਈ ਅਪੀਲ ਕੀਤੀ। ਵੀਡੀਓ 'ਚ ਉਸ ਨੂੰ ਇਹ ਕਹਿੰਦੇ ਸੁਣਿਆ ਗਿਆ, 'ਸਾਨੂੰ ਸੂਚਨਾ ਮਿਲੀ ਹੈ ਕਿ ਉਹ ਜ਼ਿੰਦਾ ਹੈ ਪਰ ਉਸ ਦੇ ਸਿਰ 'ਤੇ ਡੂੰਘੀ ਸੱਟ ਲੱਗੀ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਸਾਡੇ ਲਈ ਹਰੇਕ ਮਿੰਟ ਔਖਾ ਹੈ ਅਤੇ ਅਸੀਂ ਜਰਮਨ ਸਰਕਾਰ ਤੋਂ ਤੁਰੰਤ ਕੁਝ ਕਰਨ ਦੀ ਮੰਗ ਕਰਦੇ ਹਾਂ। ਅਧਿਕਾਰ ਖੇਤਰ ਦੇ ਸਵਾਲ 'ਤੇ ਬਹਿਸ ਨਹੀਂ ਹੋਣੀ ਚਾਹੀਦੀ। ਸ਼ਨੀ ਨੂੰ ਗਾਜ਼ਾ ਪੱਟੀ ਤੋਂ ਬਾਹਰ ਕੱਢਣ ਲਈ ਤੁਰੰਤ ਕਾਰਵਾਈ ਕਰਨੀ ਪਵੇਗੀ।
ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਈਲ 'ਤੇ ਹਮਾਸ ਦੇ ਹਮਲੇ ਬਾਰੇ ਬੋਲੇ ਟਰੰਪ, ਕਿਹਾ-ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਅਜਿਹਾ ਨਹੀਂ ਹੁੰਦਾ
ਉਹ ਅੱਗੇ ਕਹਿੰਦੀ ਹੈ, 'ਮੇਰੀ ਜਰਮਨੀ ਅਤੇ ਪੂਰੇ ਦੇਸ਼ ਨੂੰ ਇਹ ਅਪੀਲ ਹੈ ਕਿ ਉਹ ਮੇਰੀ ਧੀ ਸ਼ਨੀ ਨੂੰ ਸਿਹਤਮੰਦ ਘਰ ਵਾਪਸ ਲਿਆਉਣ ਵਿਚ ਮੇਰੀ ਮਦਦ ਕਰਨ।' ਪਰਿਵਾਰ ਨੂੰ ਇਹ ਜਾਣਕਾਰੀ ਦੇਣ ਵਾਲੇ ਮਾਹਿਰ ਦਾ ਕਹਿਣਾ ਹੈ ਕਿ ਉਸ ਨੂੰ ਵੀ ਸ਼ਨੀ ਨੂੰ ਮਿਲਣ ਲਈ ਹਸਪਤਾਲ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਸ਼ਨੀ ਦੇ ਪਰਿਵਾਰ ਨੇ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਕਿਹਾ ਕਿ ਉਨ੍ਹਾਂ ਨੂੰ ਬੈਂਕ ਤੋਂ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੀ ਧੀ ਦਾ ਕ੍ਰੈਡਿਟ ਕਾਰਡ ਗਾਜ਼ਾ 'ਚ ਵਰਤਿਆ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕਿਸੇ ਨੇ ਉਸ ਦਾ ਸਮਾਨ ਵੀ ਲੁੱਟ ਲਿਆ ਹੈ।
ਹਮਾਸ ਨੇ ਸ਼ਨੀਵਾਰ ਸਵੇਰੇ 5000 ਰਾਕੇਟ ਦਾਗ ਕੇ ਇਜ਼ਰਾਈਲ 'ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਉਸ ਦੇ ਅੱਤਵਾਦੀ ਦੇਸ਼ ਦੇ ਦੱਖਣੀ ਹਿੱਸੇ 'ਚ ਦਾਖਲ ਹੋ ਗਏ। ਇੱਥੇ ਉਨ੍ਹਾਂ ਨੇ ਲੋਕਾਂ ਦਾ ਕਤਲੇਆਮ ਕੀਤਾ ਅਤੇ 150 ਤੋਂ ਵੱਧ ਲੋਕਾਂ ਨੂੰ ਅਗਵਾ ਕੀਤਾ। ਅਗਵਾ ਹੋਏ ਲੋਕਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜ਼ਿਆਦਾਤਰ ਅਗਵਾ ਸੰਗੀਤ ਸਮਾਰੋਹ ਤੋਂ ਹੋਏ ਹਨ। ਸ਼ਨੀ ਤੋਂ ਇਲਾਵਾ ਇੱਥੇ ਕਰੀਬ 3500 ਨੌਜਵਾਨ ਮੌਜੂਦ ਸਨ। ਹਮਾਸ ਦੇ ਹਮਲਿਆਂ 'ਚ ਹੁਣ ਤੱਕ ਘੱਟੋ-ਘੱਟ 1200 ਇਜ਼ਰਾਇਲੀ ਲੋਕ ਮਾਰੇ ਜਾ ਚੁੱਕੇ ਹਨ। ਜਦਕਿ ਦੋ ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।