ਸਕਾਟਲੈਂਡ ਦੇ 20 ਲੱਖ ਤੋਂ ਵੱਧ ਲੋਕਾਂ ਨੂੰ ਲੱਗੀ ਪੂਰੀ ਕੋਰੋਨਾ ਵੈਕਸੀਨ
Monday, May 31, 2021 - 04:51 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਕੋਰੋਨਾ ਵਾਇਰਸ ਮਹਾਮਾਰੀ ਨੂੰ ਹਰਾਉਣ ਲਈ ਟੀਕਾਕਰਨ ਮੁਹਿੰਮ ਜਾਰੀ ਹੈ। ਇਸ ਮੁਹਿੰਮ ਦੌਰਾਨ ਸਰਕਾਰ ਦੇ ਯਤਨਾਂ ਸਦਕਾ 20 ਲੱਖ ਤੋਂ ਵੱਧ ਲੋਕਾਂ ਨੂੰ ਪੂਰੀ ਤਰ੍ਹਾਂ ਕੋਰੋਨਾ ਟੀਕਾ ਲੱਗ ਚੁੱਕਾ ਹੈ। ਸਕਾਟਲੈਂਡ ਦੀ ਸਰਕਾਰ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਤਕਰੀਬਨ 2,022,728 ਲੋਕਾਂ ਨੇ ਕੋਰੋਨਾ ਵਾਇਰਸ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਇਸ ਦੇ ਨਾਲ ਹੀ ਸਕਾਟਲੈਂਡ ’ਚ ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਪਿਛਲੇ 24 ਘੰਟਿਆਂ ’ਚ 118,541 ਵਧ ਕੇ ਲੱਗਭਗ 3,234,311 ਹੋ ਗਈ ਹੈ।
ਇਸ ਦੌਰਾਨ ਸਕਾਟਲੈਂਡ ’ਚ ਕੋਈ ਨਵੀਂ ਕੋਰੋਨਾ ਕਾਰਨ ਹੋਈ ਮੌਤ ਦਰਜ ਨਹੀਂ ਹੋਈ ਹੈ, ਜਦਕਿ ਪਿਛਲੇ 28 ਦਿਨਾਂ ਦੇ ਅੰਦਰ-ਅੰਦਰ ਵਾਇਰਸ ਲਈ ਸਾਕਾਰਾਤਮਕ ਟੈਸਟ ਹੋਣ ਤੋਂ ਬਾਅਦ ਹੋਈਆਂ ਮੌਤਾਂ ਦੀ ਗਿਣਤੀ 7668 ਹੈ। ਸਕਾਟਲੈਂਡ ’ਚ ਵਾਇਰਸ ਲਈ ਸਾਕਾਰਾਤਮਕ ਟੈਸਟ ਵਾਲਿਆਂ ਦੀ ਗਿਣਤੀ ਹੁਣ 235,421 ਹੋ ਗਈ ਹੈ ਅਤੇ ਰੋਜ਼ਾਨਾ ਟੈਸਟ ਪਾਜ਼ੇਟਿਵਿਟੀ ਦਰ ਪਿਛਲੇ ਦਿਨ ਦੇ 2.5 ਫੀਸਦੀ ਤੋਂ ਵਧ ਕੇ 3.2 ਫੀਸਦੀ ਤੱਕ ਪਹੁੰਚੀ ਹੈ।