ਸਿੱਕਿਮ ''ਚ ਮੌਜੂਦਾ ਤਣਾਅ ਪਹਿਲਾਂ ਹੋਈਆਂ ਝੜਪਾਂ ਤੋਂ ਵੱਖ : ਚੀਨ

Wednesday, Jul 12, 2017 - 08:23 PM (IST)

ਬੀਜਿੰਗ— ਚੀਨ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਸਿੱਕਿਮ 'ਚ ਜਾਰੀ ਤਣਾਅ ਦੋਹਾਂ ਦੇਸ਼ਾਂ ਦਰਮਿਆਨ ਪੂਰਬ 'ਚ ਅਸਲ ਕੰਟਰੋਲ ਰੇਖਾ 'ਤੇ ਹੋਈਆਂ ਝੜਪਾਂ ਤੋਂ ਵੱਖ ਹੈ ਕਿਉਂਕਿ ਇਹ ਸਰਹੱਦ ਦੇ ਪਰਿਭਾਸ਼ਿਤ ਖੇਤਰ 'ਚ ਹੋਈ ਹੈ। ਇਸ ਤੋਂ ਪਹਿਲਾਂ ਵਿਦੇਸ਼ ਸਕੱਤਰ ਐਸ. ਜੈਸ਼ੰਕਰ ਨੇ ਕਲ ਕਿਹਾ ਸੀ ਕਿ ਦੋਵੇਂ ਦੇਸ਼ ਸਿੱਕਿਮ 'ਚ ਜਾਰੀ ਤਣਾਅ ਨੂੰ ਹੱਲ ਕਰ ਲੈਣਗੇ ਕਿਉਂਕਿ ਉਹ ਪੂਰਬ 'ਚ ਵੀ ਇਸ ਤਰ੍ਹਾਂ ਦੇ ਸਰਹੱਦੀ ਮਤਭੇਦਾਂ ਨਾਸ ਨਜਿੱਠ ਚੁੱਕੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਭਾਰਤ ਦੇ ਵਿਦੇਸ਼ ਸਕੱਤਰ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਚੀਨ ਕਈ ਵਾਰ ਕਹਿ ਚੁੱਕਾ ਹੈ ਕਿ ਭਾਰਤੀ ਫੌਜੀਆਂ ਨੇ ਰਸਮੀ ਤੌਰ 'ਤੇ ਮੁੱਖ ਸਰਹੱਦੀ ਰੇਖਾ ਨੂੰ ਨਾਜਾਇਜ਼ ਤਰੀਕੇ ਨਾਲ ਪਾਰ ਕੀਤਾ ਹੈ। ਗੇਂਗ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਸਰਹੱਦੀ ਖੇਤਰ ਦੇ ਅਪਰਿਭਾਸ਼ਿਤ ਖੇਤਰਾਂ 'ਚ ਹੋਈਆਂ ਝੜਪਾਂ ਤੋਂ ਵੱਖ ਹੈ। ਗੇਂਗ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਨਵੀਂ ਦਿੱਲੀ ਸਥਿਤ ਅਧਿਕਾਰਤ ਸੂਤਰਾਂ ਨੇ ਕਿਹਾ ਕਿ ਜਿਨ੍ਹਾਂ ਸਿਧਾਂਤਾਂ ਦੇ ਆਧਾਰ 'ਤੇ ਸਰਹੱਦ ਨਾਲ ਜੁੜੇ ਮਸਲਿਆਂ ਅਤੇ ਤਿੰਨ ਦੇਸ਼ਾਂ ਭਾਰਤ, ਚੀਨ, ਭੂਟਾਨ ਦੀ ਸਰਹੱਦ ਨੂੰ ਜੋੜਦੀਆਂ ਥਾਵਾਂ ਸਬੰਧੀ ਦੋਹਾਂ ਦੇਸ਼ਾਂ ਦੇ ਮਤਭੇਦਾਂ 'ਤੇ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ 'ਤੇ ਰਸਮੀ ਸਹਿਮਤੀ ਹੁੰਦੀ ਹੈ ਅਤੇ ਉਹ ਚੰਗੀ ਤਰ੍ਹਾਂ ਸਥਾਪਿਤ ਹੁੰਦਾ ਹੈ। ਗੇਂਗ ਦੀ ਟਿੱਪਣੀ ਸਿੱਕਿਮ ਸੈਕਟਰ ਦੇ ਡੋਕਾਲਾਮ ਖੇਤਰ 'ਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਹੈ, ਜਿੱਥੇ ਭਾਰਤੀ ਫੌਜੀਆਂ ਨੇ ਚੀਨੀ ਫੌਜੀਆਂ ਵਲੋਂ ਬਣਾਏ ਜਾ ਰਹੇ ਸੜਕ ਨਿਰਮਾਣ ਨੂੰ ਰੁਕਵਾ ਦਿੱਤਾ। ਬੁਲਾਰੇ ਨੇ ਕਿਹਾ ਕਿ ਸਿੱਕਿਮ ਖੇਤਰ ਦੀ ਇਕ ਵਿਸ਼ੇਸ਼ ਇਤਿਹਾਸਕ ਪਿਛੋਕੜ ਹੈ ਅਤੇ ਇਹ ਚੀਨ ਅਤੇ ਭਾਰਤ ਦਰਮਿਆਨ ਇਕ ਪਰਿਭਾਸ਼ਤ ਸਰਹੱਦ ਹੈ। ਉਨ੍ਹਾਂ ਨੇ ਚੀਨ ਦਾ ਰੁਖ ਦੋਹਰਾਉਂਦੇ ਹੋਏ ਕਿਹਾ ਕਿ ਇਹ ਪੂਰਬ, ਮੱਧ ਅਤੇ ਪੱਛਮੀ ਹਿੱਸੇ 'ਚ ਅਪਰਿਭਾਸ਼ਤ ਸਰਹੱਦ ਤੋਂ ਪੂਰੀ ਤਰ੍ਹਾਂ ਵੱਖ ਹੈ। 1890 ਦੀ ਸੰਧੀ ਮੁਤਾਬਕ ਸਿੱਕਿਮ ਖੇਤਰ ਪਰਿਭਾਸ਼ਿਤ ਹੈ ਅਤੇ ਚੀਨ ਤੇ ਭਾਰਤ ਦੋਹਾਂ ਨੇ ਇਸ ਨੂੰ ਮਾਨਤਾ ਦਿੱਤੀ ਹੋਈ ਹੈ। ਗੇਂਗ ਨੇ ਕਿਹਾ ਕਿ ਇਹ ਸੰਧੀ ਦੋਹਾਂ ਦੇਸ਼ਾਂ ਲਈ ਪ੍ਰਭਾਵੀ ਹੈ ਅਤੇ ਅਸੀਂ ਇਕ ਵਾਰ ਫਿਰ ਭਾਰਤ ਨਾਲ ਸਰਹੱਦ ਦੇ ਭਾਰਤੀ ਖੇਤਰ 'ਚ ਤਾਇਨਾਤ ਫੌਜੀਆਂ ਨੂੰ ਵਾਪਸ ਬੁਲਾਉਣ ਅਤੇ ਛੇਤੀ ਤੋਂ ਛੇਤੀ ਇਸ ਵਿਵਾਦ ਦਾ ਢੁੱਕਵਾਂ ਹਲ ਕਰਨ ਦੀ ਮੰਗ ਕਰਦੇ ਹਾਂ।


Related News