ਪਾਕਿਸਤਾਨ 'ਚ ਪਹਿਲਾਂ ਨਾਲੋਂ ਸਸਤਾ ਹੋਇਆ ਟਮਾਟਰ, ਜਾਣੋ ਕਿਹੜੀ ਲਗਾਈ ਜੁਗਤ

11/21/2019 1:11:01 PM

ਇਸਲਾਮਾਬਾਦ — ਖਬਰਾਂ ਅਨੁਸਾਰ ਪਾਕਿਸਤਾਨ ਦੇ ਕਰਾਚੀ 'ਚ ਟਮਾਟਰ ਦੀ ਕੀਮਤ 400 ਰੁਪਏ ਕਿਲੋ ਤੱਕ ਪਹੁੰਚ ਗਈ ਹੈ, ਜਿਹੜੀ ਕਿ ਹੁਣ ਤੱਕ ਦੀ ਟਮਾਟਰ ਦੀ ਕਿਸੇ ਵੀ ਦੇਸ਼ 'ਚ ਵਿਕਣ ਵਾਲੀ ਸਭ ਤੋਂ ਉੱਚੀ ਕੀਮਤ ਹੈ। ਟਮਾਟਰ ਦੀ ਇਸ ਰਿਕਾਰਡ ਤੋੜ ਕੀਮਤ ਕਾਰਨ ਪਾਕਿਸਤਾਨ 'ਚ ਕਈ ਲੋਕਾਂ ਨੇ ਟਮਾਟਰ ਖਾਣਾ ਹੀ ਬੰਦ ਕਰ ਦਿੱਤਾ ਹੈ। ਪਾਕਿਸਤਾਨ ਦੀ ਜਨਤਾ ਨੂੰ ਹੁਣ ਥੋੜ੍ਹੀ ਰਾਹਤ ਮਿਲ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਪਾਕਿਸਤਾਨ ਨੇ ਆਪਣੇ ਦੂਜੇ ਗੁਆਂਢੀ ਮੁਲਕ ਈਰਾਨ ਤੋਂ ਟਮਾਟਰਾਂ ਦਾ ਆਯਾਤ ਕਰਵਾ ਲਿਆ ਹੈ।

ਘੱਟ ਹੋਈ ਕੀਮਤ

ਇਕ ਹਫਤਾ ਪਹਿਲਾਂ ਤੱਕ ਕਰਾਚੀ 'ਚ ਟਮਾਟਰ 300 ਤੋਂ 320 ਰੁਪਏ ਪ੍ਰਤੀ ਕਿਲੋ ਵਿਕ ਰਹੇ ਸਨ। ਇਸ ਤੋਂ ਬਾਅਦ ਬੀਤੇ ਮੰਗਲਵਾਰ ਨੂੰ ਇਸ ਦੀ ਕੀਮਤ ਰਿਕਾਰਡ ਪੱਧਰ 400 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ। ਹੁਣ ਵੀਰਵਾਰ ਨੂੰ ਇਸ ਦੀ ਕੀਮਤ 'ਚ ਕਮੀ ਆਈ ਹੈ ਅਤੇ ਇਸ ਦਾ ਭਾਅ 300 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ।

ਭਾਰੀ ਮਾਤਰਾ 'ਚ ਕੀਤੀ ਗਈ ਦਰਾਮਦ

ਪਾਕਿਸਤਾਨ ਦੀ ਡਾਨ ਅਖਬਾਰ ਮੁਤਾਬਕ ਪਾਕਿਸਤਾਨ 'ਚ ਬੁੱਧਵਾਰ ਨੂੰ ਭਾਰੀ ਮਾਤਰਾ ਵਿਚ ਟਮਾਟਰਾਂ ਦਾ ਆਯਾਤ ਹੋਇਆ ਹੈ। ਕਰਾਚੀ ਵਿਚ ਈਰਾਨ ਤੋਂ 16 ਕੰਟੇਨਰ ਟਮਾਟਰਾਂ ਦਾ ਆਯਾਤ ਕੀਤਾ ਗਿਆ ਹੈ। ਹਰੇਕ ਕੰਟੇਨਰ 'ਚ 22 ਟਨ ਟਮਾਟਰ ਸੀ। ਇਸ ਦੀ ਮਨਜ਼ੂਰੀ ਸਰਕਾਰ ਨੇ ਇਕ ਹਫਤਾ ਪਹਿਲਾਂ ਹੀ ਦਿੱਤੀ ਸੀ।

ਹੋਰ ਟਮਾਟਰਾਂ ਦਾ ਹੋਵੇਗਾ ਆਯਾਤ

ਹਾਲਾਂਕਿ ਗੁਆਂਢੀ ਮੁਲਕ 'ਚ ਭਾਰੀ ਦਰਾਮਦ ਕਰਨ ਦੇ ਬਾਵਜੂਦ ਅਜੇ ਵੀ ਟਮਾਟਰ ਦੀਆਂ ਲੱਕ ਤੋੜ ਕੀਮਤਾਂ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ ਫਿਰ ਵੀ ਟਮਾਟਰ ਦੀਆਂ ਕੀਮਤਾਂ ਅਜੇ ਵੀ ਬਹੁਤ ਜ਼ਿਆਦਾ ਹਨ। ਆਲ ਪਾਕਿਸਤਾਨ ਫਰੂਟ ਐਂਡ ਵੈਜੀਟੇਬਲ ਐਕਸਪੋਰਟਰ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰ ਵਲੋਂ 15,500 ਟਨ ਈਰਾਨੀ ਟਮਾਟਰ ਦੇ ਆਯਾਤ ਨੂੰ ਮਨਜ਼ੂਰੀ ਮਿਲੀ ਹੈ।

ਹੋਰ ਘੱਟ ਹੋ ਸਕਦੀ ਹੈ ਕੀਮਤ

ਜੇਕਰ ਆਉਣ ਵਾਲੇ ਸਮੇਂ 'ਚ ਵੀ ਟਮਾਟਰਾਂ ਦਾ ਆਯਾਤ ਜਾਰੀ ਰਹਿੰਦਾ ਹੈ ਤਾਂ ਪਾਕਿਸਤਾਨ 'ਚ ਟਮਾਟਰ ਦੀ ਕੀਮਤ 'ਚ ਹੋਰ ਕਮੀ ਆ ਸਕਦੀ ਹੈ।


Related News