11 ਦਿਨਾਂ ''ਚ 12 ਹਜ਼ਾਰ KM ਉਡ ਕੇ ਵਰਲਡ ਰਿਕਾਰਡ ਬਣਾਉਣ ਵਾਲੀ ਚਿੜੀ
Friday, Oct 16, 2020 - 01:26 AM (IST)
ਮੈਲਬੋਰਨ - ਬਾਰ-ਟੇਲਡ ਗਾਡਵਿਟ ਨਾਂ ਦੀ ਚਿੜੀ ਨੇ ਬਿਨਾਂ ਰੁਕੇ 12 ਹਜ਼ਾਰ ਕਿਲੋਮੀਟਰ ਦੀ ਦੂਰੀ 11 ਦਿਨ ਵਿਚ ਪੂਰੀ ਕੀਤੀ। ਚਿੜੀ ਨੇ ਇਹ ਦੂਰੀ ਅਲਾਸਕਾ ਤੋਂ ਨਿਊਜ਼ੀਲੈਂਡ ਵਿਚਾਲੇ ਤੈਅ ਕਰਕੇ ਵਰਲਡ ਰਿਕਾਰਡ ਬਣਾਇਆ। ਇਸ ਦੌਰਾਨ ਉਸ ਨੇ ਨਾ ਤਾਂ ਕੁਝ ਖਾਂਦਾ ਅਤੇ ਨਾ ਹੀ ਕੁਝ ਪੀਤਾ।
ਸੈਟੇਲਾਈਟ ਟੈਗ ਨਾਲ ਟਰੈਕ ਕੀਤੀ ਗਈ
ਚਿੜੀ ਨੂੰ ਟਰੈਕ ਕਰਨ ਲਈ ਸਾਇੰਸਦਾਨਾਂ ਨੇ ਉਸ ਦੇ ਸਰੀਰ ਦੇ ਪਿਛਲੇ ਹਿੱਸੇ 'ਤੇ ਸੈਟੇਲਾਈਟ ਟੈਗ ਲਗਾਇਆ ਸੀ। ਮਾਇਗ੍ਰੇਸ਼ਨ 'ਤੇ ਰਿਸਰਚ ਕਰਨ ਵਾਲੀ ਸਾਇੰਸਦਾਨ ਡਾ. ਜੇਸੀ ਕਾਨਕਲਿਨ ਆਖਦੀ ਹੈ ਕਿ ਗਾਡਵਿਟ ਦਾ ਸਰੀਰ ਲੜਾਕੂ ਜਹਾਜ਼ ਜਿਹਾ ਹੈ ਅਤੇ ਲੰਬੇ-ਤਿਖੇ ਖੰਬ ਉਸ ਨੂੰ ਹਵਾ ਵਿਚ ਤੇਜ਼ ਉਡਣ ਦੀ ਸਮਰੱਥਾ ਦਿੰਦੇ ਹਨ।
ਉਡਾਣ ਤੋਂ ਪਹਿਲਾਂ 2 ਮਹੀਨੇ ਤੱਕ ਕੀੜੇ ਅਤੇ ਰੋਟੀ ਖਾਂਦੀ
ਡਾ. ਜੇਸੀ. ਆਖਦੀ ਹੈ ਕਿ ਗਾਡਵਿਟ ਚਿੜੀ ਨੇ 16 ਸਤੰਬਰ ਨੂੰ ਉਡਾਣ ਭਰੀ। ਉਡਣ ਤੋਂ ਪਹਿਲਾਂ ਉਸ ਨੇ 2 ਮਹੀਨੇ ਤੱਕ ਕੀੜੇ ਅਤੇ ਰੋਟੀ ਖਾਂਦੀ। ਸਫਰ ਦੌਰਾਨ ਉਹ 88 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡੀ ਅਤੇ 27 ਸਤੰਬਰ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਪਹੁੰਚੀ।
ਉਡਣ 'ਤੇ ਸਰੀਰ ਸੁੰਗੜ ਜਾਂਦੈ
ਸਾਇੰਸਦਾਨਾਂ ਮੁਤਾਬਕ, ਜਦ ਇਹ ਚਿੜੀ ਉਡਦੀ ਹੈ ਤਾਂ ਆਪਣੇ ਸਰੀਰਕ ਅੰਗਾਂ ਨੂੰ ਸੁੰਗਾੜ ਲੈਂਦੀ ਹੈ, ਇਸ ਕਾਰਨ ਜ਼ਮੀਨ ਦੇ ਮੁਕਾਬਲੇ ਹਵਾ ਵਿਚ ਉਡਣ 'ਤੇ ਇਸ ਦਾ ਸਰੀਰ ਕਾਫੀ ਛੋਟਾ ਹੋ ਜਾਂਦਾ ਹੈ। ਇਹ ਖੂਬੀ ਉਡਦੇ ਸਮੇਂ ਕੰਮ ਆਉਂਦੀ ਹੈ।
ਪਿਛਲਾ ਰਿਕਾਰਡ ਟੁੱਟਿਆ
ਇਸ ਤੋਂ ਪਹਿਲਾਂ ਅਲਾਸਕਾ ਅਤੇ ਨਿਊਜ਼ੀਲੈਂਡ ਵਿਚਾਲੇ 11,498 ਕਿਲੋਮੀਟਰ ਦੀ ਦੂਰੀ ਫੀਮੇਲ ਸ਼ੋਰਬਰਡ ਨੇ 2007 ਵਿਚ ਪੂਰੀ ਕਰਕੇ ਰਿਕਾਰਡ ਬਣਾਇਆ ਸੀ।
230 ਤੋਂ 450 ਗ੍ਰਾਮ ਹੁੰਦਾ ਇਸ ਦਾ ਭਾਰ
ਗਾਡਵਿਟ ਦਾ ਭਾਰ 230 ਤੋਂ 450 ਗ੍ਰਾਮ ਵਿਚ ਹੁੰਦਾ ਹੈ। ਇਸ ਖੰਬਾਂ ਦੀ ਚੌੜਾਈ 70 ਤੋਂ 80 ਸੈਂਟੀਮੀਟਰ ਹੁੰਦੀ ਹੈ। ਇਕ ਗਾਡਵਿਟ ਦੀ ਲੰਬਾਈ 37 ਤੋਂ 39 ਸੈਂਟੀਮੀਟਰ ਵਿਚਾਲੇ ਹੁੰਦੀ ਹੈ। ਚਿੜੀਆਂ ਦੀ ਇਹ ਪ੍ਰਜਾਤੀ ਆਮ ਤੌਰ 'ਤੇ ਅਲਾਸਕਾ ਵਿਚ ਪਾਈ ਜਾਂਦੀ ਹੈ ਪਰ ਮਾਇਗ੍ਰੇਸ਼ਨ ਲਈ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਰੁਖ ਕਰਦੀ ਹੈ।