2015 ''ਚ ਕੀਤਾ ਸੀ 11 ਸਾਲਾਂ ਕੁੜੀ ਦਾ ਕਤਲ, ਹੁਣ ਕਬੂਲਿਆ ਜ਼ੁਰਮ

12/09/2017 1:29:53 AM

ਵਿਨੀਪੈਗ- ਮੈਨੀਟੋਬਾ ਦੀ ਫਰਸਟ ਨੇਸ਼ਨ ਕਮਿਊਨਿਟੀ ਦੀ ਲੜਕੀ ਦੀ ਮੌਤ ਦੇ ਸਬੰਧ ਵਿੱਚ ਚੱਲ ਰਹੀ ਪੁਲਿਸ ਜਾਂਚ ਦੌਰਾਨ ਆਪਣੀ ਇੱਛਾ ਨਾਲ ਡੀ. ਐਨ. ਏ. ਸੈਂਪਲ ਦੇਣ ਵਾਲੇ ਟੀਨੇਜਰ ਲੜਕੇ ਨੇ ਇਹ ਸਵੀਕਾਰ ਕੀਤਾ ਹੈ ਕਿ ਜਿਨਸੀ ਹਮਲੇ ਦੌਰਾਨ ਉਸ ਨੇ ਹੀ ਉਸ ਲੜਕੀ ਦੀ ਜਾਨ ਲਈ।
ਹੁਣ 17 ਸਾਲਾਂ ਦੇ ਹੋ ਚੁੱਕੇ ਇਸ ਲੜਕੇ ਨੂੰ ਵੀਰਵਾਰ ਨੂੰ ਕੋਰਟ ਆਫ ਕੁਈਨਜ਼ ਦੀ ਬੈਂਚ ਵੱਲੋਂ ਫਰਸਟ ਡਿਗਰੀ ਮਰਡਰ ਦਾ ਦੋਸ਼ੀ ਪਾਇਆ ਗਿਆ। ਕੈਨੇਡਾ ਦੇ ਯੂਥ ਜਸਟਿਸ ਲਾਅਜ਼ ਤਹਿਤ ਇਸ ਲੜਕੇ ਦੀ ਪਛਾਣ ਜਾਹਿਰ ਨਹੀਂ ਕੀਤੀ ਜਾ ਸਕਦੀ। ਜ਼ਿਕਰਯੋਗ ਹੈ ਕਿ 5 ਮਈ, 2015 ਦੀ ਰਾਤ ਨੂੰ ਗਾਰਡਨ ਹਿੱਲ 'ਚ ਇੱਕ ਬਰਥਡੇਅ ਪਾਰਟੀ ਨੂੰ ਛੱਡਣ ਤੋਂ ਬਾਅਦ 11 ਸਾਲਾ ਟੈਰੇਸਾ ਰੌਬਿਨਸਨ ਆਪਣੇ ਘਰ ਨਹੀਂ ਪਰਤੀ। 6 ਦਿਨ ਬਾਅਦ ਤੱਕ ਵੀ ਉਸ ਦੇ ਘਰਦਿਆਂ ਵੱਲੋਂ ਆਰਸੀਐਮਪੀ ਕੋਲ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਨਹੀਂ ਲਿਖਵਾਈ ਗਈ।
ਫਿਰ ਰਿਪੋਰਟ ਲਿਖਵਾਏ ਜਾਣ ਵਾਲੇ ਦਿਨ ਹੀ ਉਸ ਦੀ ਭਾਲ ਕਰਨ ਵਾਲਿਆਂ ਨੂੰ ਜੰਗਲ 'ਚੋਂ ਉਸ ਦੇ ਧੜ ਦਾ ਹੇਠਲਾ ਹਿੱਸਾ ਮਿਲਿਆ ਅਤੇ ਉਸ ਤੋਂ 9 ਮੀਟਰ ਦੀ ਦੂਰੀ ਉੱਤੇ ਉਸ ਦੀ ਖੋਪੜੀ ਵੀ ਮਿਲੀ। ਇਹ ਜਾਣਕਾਰੀ ਅਦਾਲਤ 'ਚ ਕ੍ਰਾਊਨ ਅਟਾਰਨੀ ਕ੍ਰਿਸ ਵੈਂਡਰਹੂਫਟ ਵੱਲੋਂ ਦਿੱਤੀ ਗਈ। ਸ਼ੁਰੂ 'ਚ ਇਹ ਵੀ ਮੰਨਿਆ ਗਿਆ ਕਿ ਉਸ ਨੂੰ ਕਿਸੇ ਰਿੱਛ ਨੇ ਆਪਣਾ ਸ਼ਿਕਾਰ ਬਣਾਇਆ। ਪਰ ਪੋਸਟਮਾਰਟਮ ਦੌਰਾਨ ਸਾਹਮਣੇ ਆਈਆਂ ਸੱਟਾਂ ਤੋਂ ਬਾਅਦ ਪੁਲਿਸ ਨੇ ਡੀ. ਐਨ. ਏ.  ਸੈਂਪਲ ਲੈਣ ਦਾ ਫੈਸਲਾ ਕੀਤਾ।
ਵੈਂਡਰਹੂਫਟ ਨੇ ਦੱਸਿਆ ਕਿ ਇਸ ਖੁਲਾਸੇ ਤੋਂ ਬਾਅਦ ਵਿਨੀਪੈਗ ਤੋਂ 500 ਕਿਲੋਮੀਟਰ ਉੱਤਰ ਪੱਛਮ ਵੱਲ ਸਥਿਤ ਇਸ 2500 ਲੋਕਾਂ ਦੀ ਕਮਿਊਨਿਟੀ 'ਚ ਕਤਲ ਦੇ ਨਜ਼ਰੀਏ ਤੋਂ ਜਾਂਚ ਸ਼ੁਰੂ ਕੀਤੀ ਗਈ। ਟੈਰੇਸਾ ਦੇ ਕਾਤਲ ਨੂੰ ਫੜ੍ਹਨ ਲਈ ਕਮਿਊਨਿਟੀ ਮੈਂਬਰਾਂ ਤੋਂ ਆਰ. ਸੀ. ਐਮ. ਪੀ. ਨੇ ਸੈਂਕੜੇ ਵਾਲੰਟਰੀ ਡੀ. ਐਨ. ਏ. ਇੱਕਠੇ ਕੀਤੇ। ਇਸੇ ਦੌਰਾਨ ਹੀ ਕਾਤਲ ਨੇ ਵੀ ਆਪਣਾ ਡੀ. ਐਨ. ਏ. ਸੈਂਪਲ ਦਿੱਤਾ ਜਿਹੜਾ ਕਿ ਲੜਕੀ ਦੇ ਸ਼ਰੀਰ ਤੋਂ ਲਏ ਡੀ. ਐਨ. ਏ. ਨਾਲ ਮੇਲ ਖਾ ਗਿਆ। ਇਸ ਤੋਂ ਬਾਅਦ ਮਾਰਚ 2016 'ਚ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਰ ਇੱਕ ਹੋਰ ਡੀ. ਐਨ. ਏ. ਸੈਂਪਲ ਲਿਆ ਗਿਆ ਅਤੇ ਉਹ ਵੀ ਮੈਚ ਕਰ ਗਿਆ।
ਕ੍ਰਾਊਨ 'ਤੇ ਬਚਾਅ ਪੱਖ ਦੇ ਵਕੀਲ ਨੇ ਆਖਿਆ ਕਿ ਉਹ ਇਹ ਸਿਫਾਰਿਸ਼ ਕਰਨਗੇ ਕਿ ਇਸ ਲੜਕੇ ਨੂੰ ਜਦੋਂ ਅਦਾਲਤ 5 ਫਰਵਰੀ ਨੂੰ ਮੁੜ ਢੁਕੇ ਉਦੋਂ ਸਜ਼ਾ ਸੁਣਾਈ ਜਾਵੇ। ਉਨ੍ਹਾਂ 10 ਸਾਲ ਦੀ ਸਜ਼ਾ ਲੜਕੇ ਨੂੰ ਦਿੱਤੇ ਜਾਣ ਦੀ ਵੀ ਪੈਰਵੀ ਕੀਤੀ। ਜਿਸ 'ਚੋਂ 6 ਸਾਲ ਉਹ ਹਿਰਾਸਤ 'ਚ ਬਿਤਾਵੇ ਅਤੇ ਬਾਕੀ 4 ਸਾਲ ਕਮਿਊਨਿਟੀ 'ਚ ਸੁਪਰਵਿਜ਼ਨ 'ਚ ਬਿਤਾਵੇ।


Related News