ਇਸ ਦੇਸ਼ ਨੇ ਅਗਲੇ ਸਾਲ ਤੱਕ ਕੋਰੋਨਾ ਵੈਕਸੀਨ ਬਣਾਉਣ ਦਾ ਕੀਤਾ ਦਾਅਵਾ

05/20/2020 7:56:18 PM

ਬੈਂਕਾਕ- ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਕਹਿਰ ਵਰ੍ਹਾਇਆ ਹੋਇਆ ਹੈ ਤੇ ਕਈ ਦੇਸ਼ ਇਸ ਦੀ ਵੈਕਸੀਨ ਤਿਆਰ ਕਰਨ ਵਿਚ ਦਿਨ-ਰਾਤ ਇਕ ਕਰ ਰਹੇ ਹਨ। ਇਸੇ ਲੜੀ ਵਿਚ ਥਾਈਲੈਂਡ ਨੇ ਅਗਲੇ ਸਾਲ ਤੱਕ ਵੈਕਸੀਨ ਬਣਾ ਲੈਣ ਦਾ ਦਾਅਵਾ ਕੀਤਾ ਹੈ।

ਥਾਈਲੈਂਡ ਦੇ ਇਕ ਸੀਨੀਅਰ ਅਧਿਕਾਰੀ ਨੇ ਵੈਕਸੀਨ ਨੂੰ ਲੈ ਕੇ ਕਿਹਾ ਹੈ ਕਿ ਚੂਹਿਆਂ 'ਤੇ ਕੀਤੇ ਟੈਸਟ ਦੇ ਨਤੀਜੇ ਬੇਹੱਦ ਸਾਕਾਰਾਤਮਕ ਰਹੇ ਹਨ। ਅਜਿਹੇ ਵਿਚ ਪ੍ਰੀਖਣ ਤੋਂ ਉਮੀਦ ਜਤਾਈ ਜਾ ਰਹੀ ਹੈ ਕਿ ਅਗਲੇ ਸਾਲ ਤੱਕ ਉਥੇ ਕੋਰੋਨਾ ਵਾਇਰਸ ਦਾ ਟੀਕਾ ਤਿਆਰ ਹੋ ਸਕਦਾ ਹੈ। ਬੁਲਾਰੇ ਤਾਵੀਸਿਨ ਵਿਸਾਨਯੁਥਿਨ ਨੇ ਕਿਹਾ ਕਿ ਚੂਹਿਆਂ 'ਤੇ ਵੈਕਸੀਨ ਦੇ ਸਫਲ ਪ੍ਰੀਖਣ ਤੋਂ ਬਾਅਦ ਅਗਲੇ ਹਫਤੇ ਬਾਂਦਰਾਂ ਵਿਚ mRNA ਵੈਕਸੀਨ ਦਾ ਪ੍ਰੀਖਣ ਸ਼ੁਰੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮਨੁੱਖਾਂ 'ਤੇ ਅਗਲੇ ਸਾਲ ਥਾਈ ਵੈਕਸੀਨ ਦੀ ਵਰਤੋਂ ਹੋਣ ਦੀ ਆਸ ਹੈ। 

ਥਾਈ ਵੈਕਸੀਨ ਨੂੰ ਥਾਈਲੈਂਡ ਵਿਚ ਰਾਸ਼ਟਰੀ ਵੈਕਸੀਨ ਸੰਸਥਾਨ, ਮੈਡੀਕਲ ਵਿਗਿਆਨ ਵਿਭਾਗ ਤੇ ਚੁਲਲੋਂਗਕੋਰਨ ਯੂਨੀਵਰਸਿਟੀ ਦੇ ਵੈਕਸੀਨ ਰਿਸਰਚ ਸੈਂਟਰ ਵਲੋਂ ਮਿਲ ਕੇ ਵਿਕਸਿਤ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਦੀ ਖੋਜ ਵਿਚ 100 ਤੋਂ ਵਧੇਰੇ ਦੇਸ਼ ਲੱਗੇ ਹੋਏ ਹਨ। ਇਹਨਾਂ ਵਿਚੋਂ ਕਈ ਦੇਸ਼ਾਂ ਵਿਚ ਟੈਸਟਿੰਗ ਸ਼ੁਰੂਆਤੀ ਪੜਾਅ ਵਿਚ ਹੈ ਤੇ ਕਈ ਦੇਸ਼ਾਂ ਵਿਚ ਪ੍ਰੀਖਣ ਦਾ ਆਖਰੀ ਦੌਰ ਚੱਲ ਰਿਹਾ ਹੈ। ਅਪ੍ਰੈਲ ਮਹੀਨੇ ਵਿਚ ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਸੀ ਕਿ ਕੋਰੋਨਾ ਵਾਇਰਸ ਦੇ ਵੈਕਸੀਨ ਨੂੰ ਬਾਜ਼ਾਰ ਵਿਚ ਆਉਣ ਵਿਚ ਘੱਟ ਤੋਂ ਘੱਟ 12 ਮਹੀਨੇ ਲੱਗਣਗੇ।

2019 ਵਿਚ ਜਾਨਸ ਹਾਪਕਿਨਸ ਗਲੋਬਲ ਹੈਲਥ ਸਕਿਓਰਿਟੀ ਇੰਡੈਕਸ ਰਿਪੋਰਟ ਵਿਚ ਇਸ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਤੇ ਘੱਟ ਕਰਨ ਦੀਆਂ ਕੋਸ਼ਿਸ਼ਾਂ ਵਿਚ ਦੱਖਣੀ ਕੋਰੀਆ ਨੂੰ ਪਛਾੜਦੇ ਹੋਏ ਥਾਈਲੈਂਡ ਨੇ ਗਲੋਬਲ ਪੱਧਰ 'ਤੇ ਪੰਜਵਾਂ ਸਥਾਨ ਹਾਸਲ ਕਰ ਲਿਆ ਹੈ। ਜਾਨਸਨ ਐਂਡ ਜਾਨਸਨ ਤੇ ਫਾਈਜ਼ਰ ਇੰਕ ਜਿਹੀਆਂ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਜਰਮਨੀ ਦੇ ਬਾਇਓਐਨਟੈਕ ਐਸ.ਈ. ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ। ਇਹ ਸਾਰੀਆਂ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਵਿਕਸਿਤ ਕਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ।


Baljit Singh

Content Editor

Related News