ਈਮਾਨਦਾਰੀ ਦੀ ਮਿਸਾਲ ਬਣਿਆ ਟੈਕਸੀ ਡਰਾਈਵਰ, ਮਿਲੇਗਾ ਪੁਰਸਕਾਰ

12/10/2018 4:57:38 PM

ਬੈਂਕਾਕ (ਬਿਊਰੋ)— ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਇਕ ਟੈਕਸੀ ਡਰਾਈਵਰ ਨੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ। ਜਿਸ ਮਗਰੋਂ ਸਥਾਨਕ ਹਵਾਈ ਅੱਡੇ ਨੇ ਉਸ ਨੂੰ ਇਨਾਮ ਦੇਣ ਦਾ ਫੈਸਲਾ ਲਿਆ। ਅਸਲ ਵਿਚ ਇਕ ਅਮਰੀਕੀ ਸੈਲਾਨੀ ਜੈਰੀ ਹਾਰਟ ਨੇ ਮੰਗਲਵਾਰ ਸਵੇਰੇ ਸੁਵਰਨਭੂਮੀ ਹਵਾਈ ਅੱਡੇ (Suvarnabhumi Airport) ਜਾਣ ਲਈ ਟੈਕਸੀ ਬੁੱਕ ਕੀਤੀ ਸੀ। ਪਰ ਟੈਕਸੀ ਤੋਂ ਉਤਰਦੇ ਸਮੇਂ ਉਹ ਰੁਪਈਆਂ ਨਾਲ ਭਰਿਆ ਆਪਣਾ ਬੈਗ ਟੈਕਸੀ ਵਿਚ ਹੀ ਭੁੱਲ ਗਿਆ। ਇਸ ਬੈਗ ਵਿਚ ਕਰੀਬ 7 ਲੱਖ ਰੁਪਏ (3 ਲੱਖ ਥਾਈ ਬਾਤ) ਸਨ।

ਜਿਵੇਂ ਹੀ ਹਾਰਟ ਨੂੰ ਬੈਗ ਗੁੰਮ ਹੋਣ ਦਾ ਪਤਾ ਚੱਲਿਆ ਤਾਂ ਉਸ ਨੇ ਆਪਣੀ ਫਲਾਈਟ ਰੱਦ ਕਰ ਦਿੱਤੀ। ਇਸ ਮਗਰੋਂ ਸਥਾਨਕ ਪੁਲਸ ਸਟੇਸ਼ਨ ਨਾਲ ਸੰਪਰਕ ਕੀਤਾ ਤੇ ਆਪਣੀ ਰਿਪੋਰਟ ਦਰਜ ਕਰਵਾਈ। ਉੱਧਰ ਅਚਾਨਕ ਆਪਣੀ ਟੈਕਸੀ ਸਾਫ ਕਰਦਿਆਂ 57 ਸਾਲਾ ਟੈਕਸੀ ਡਰਾਈਵਰ ਵੀਰਾਫੋਲ ਕਲਾਮਸੀਰੀ (Veeraphol Klamsiri) ਨੂੰ ਕਾਲੇ ਰੰਗ ਦਾ ਬੈਗ ਨਜ਼ਰ ਆਇਆ। ਉਸ ਨੇ ਬੈਗ ਖੋਲ੍ਹ ਕੇ ਦੇਖਿਆ। ਬੈਗ ਵਿਚ ਇੰਨੇ ਸਾਰੇ ਰੁਪਏ ਦੇਖ ਉਸ ਦੇ ਹੋਸ਼ ਉੱਡ ਗਏ। ਉਸ ਨੇ ਤੁਰੰਤ ਹਵਾਈ ਅੱਡੇ ਦੇ ਪ੍ਰਬੰਧਕੀ ਵਿਭਾਗ ਨੂੰ ਇਸ ਦੀ ਖਬਰ ਦਿੱਤੀ। ਜਿਸ ਮਗਰੋਂ ਜੈਰੀ ਹਾਰਟ ਨੂੰ ਉਸ ਦਾ ਬੈਗ ਵਾਪਸ ਦੇ ਦਿੱਤਾ ਗਿਆ।

PunjabKesari

ਸੁਵਰਨਭੂਮੀ ਹਵਾਈ ਅੱਡੇ ਨੇ ਫੇਸਬੁੱਕ 'ਤੇ ਡਰਾਈਵਰ ਅਤੇ ਅਮਰੀਕੀ ਸੈਲਾਨੀ ਨਾਲ ਤਸਵੀਰ ਸ਼ੇਅਰ ਕਰਦਿਆਂ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਨਾਂ ਨੇ ਡਰਾਈਵਰ ਦੀ ਉਸ ਦੀ ਈਮਾਨਦਾਰੀ ਲਈ ਸਨਮਾਨਿਤ ਕਰਨ ਅਤੇ ਇਨਾਮ ਦੇਣ ਦਾ ਫੈਸਲਾ ਲਿਆ ਹੈ। ਹਾਰਟ ਨੇ ਕਿਹਾ ਕਿ ਮੈਂ ਰਿਟਾਇਰਮੈਂਟ ਦੇ ਬਾਅਦ ਇੱਥੇ ਰਹਿਣ ਦੀ ਸੋਚ ਰਿਹਾ ਸੀ ਅਤੇ ਇਸ ਘਟਨਾ ਦੇ ਬਾਅਦ ਮੈਂ ਯਕੀਨੀ ਰੂਪ ਵਿਚ ਇੱਥੇ ਆ ਕੇ ਰਹਾਂਗਾ।


Vandana

Content Editor

Related News