ਵੀਡੀਓ ਗੇਮ ਖੇਡਣ ਤੋਂ ਰੋਕਿਆ ਤਾਂ ਪੁੱਤ ਨੇ ਮਾਪਿਆਂ ਨੂੰ ਦਿੱਤਾ ਜ਼ਹਿਰ
Wednesday, Jun 19, 2019 - 10:41 AM (IST)

ਬੈਂਕਾਕ (ਬਿਊਰੋ)— ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਥਾਈਲੈਂਡ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 29 ਸਾਲਾ ਨੌਜਵਾਨ ਨੇ ਆਪਣੇ ਪਰਿਵਾਰ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਪਰਿਵਾਰ ਵਾਲਿਆਂ ਨੇ ਉਸ ਨੂੰ ਵੀਡੀਓ ਗੇਮ ਖੇਡਣ ਤੋਂ ਰੋਕਣ ਲਈ ਵਾਈ-ਫਾਈ ਬੰਦ ਕਰ ਦਿੱਤਾ ਸੀ। ਪਹਿਲਾਂ ਤਾਂ 29 ਸਾਲਾ ਸਕ ਦੁਆਂਜਨ ਨਸ਼ੇ ਦੀ ਹਾਲਤ ਵਿਚ ਘਰ ਪਰਤਿਆ ਅਤੇ ਫਿਰ ਆਪਣੇ ਸਮਾਰਟਫੋਨ 'ਤੇ ਤੇਜ਼ ਆਵਾਜ਼ ਵਿਚ ਵੀਡੀਓ ਗੇਮ ਖੇਡਣ ਲੱਗਾ।
ਉਸ ਸਮੇਂ ਸਕ ਦੇ ਮਾਤਾ-ਪਿਤਾ ਸੌਣ ਦੀ ਕੋਸ਼ਿਸ਼ ਕਰ ਰਹੇ ਸਨ। ਵੀਡੀਓ ਗੇਮ ਦੀ ਤੇਜ਼ ਆਵਾਜ਼ ਕਾਰਨ ਉਨ੍ਹਾਂ ਨੂੰ ਨੀਂਦ ਨਹੀਂ ਸੀ ਆ ਰਹੀ। ਲਿਹਾਜਾ ਸਕ ਦੇ 52 ਸਾਲਾ ਮਤਰੇਏ ਪਿਤਾ ਚਕਰੀ ਖਮਰੂਆਂਗ ਨੇ ਬਿਸਤਰ ਤੋਂ ਉਠ ਕੇ ਵਾਈ-ਫਾਈ ਬੰਦ ਕਰ ਦਿੱਤਾ। ਇਸ ਗੱਲ ਨਾਲ ਨਾਰਾਜ਼ ਸਕ ਨੇ ਪੂਰੇ ਪਰਿਵਾਰ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਸਕ ਨੇ ਘਰ ਵਿਚ ਬਣੇ ਖੂਹ ਵਿਚ ਜ਼ਹਿਰੀਲਾ ਪੈਸਟੀਸਾਈਡ ਮਿਲਾ ਦਿੱਤਾ।
ਅਗਲੀ ਸਵੇਰ ਉਸ ਦੀ ਮਾਂ 51 ਸਾਲਾ ਸੁਬਾਨ ਨੂੰ ਇਸ ਮਾਮਲੇ ਦੀ ਜਾਣਕਾਰੀ ਉਸ ਸਮੇਂ ਹੋਈ ਜਦੋਂ ਉਨ੍ਹਾਂ ਨੇ ਪਾਣੀ ਵਿਚ ਜ਼ਹਿਰ ਤੈਰਦਾ ਦੇਖਿਆ। ਸੁਬਾਨ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਚੌਲ ਬਣਾਉਣ ਲਈ ਪਾਣੀ ਲੈਣ ਆਈ ਤਾਂ ਉਹ ਤੈਰਦੇ ਹੋਏ ਪੇਸਟੀਸਾਈਡ ਨੂੰ ਦੇਖ ਕੇ ਹੈਰਾਨ ਰਹਿ ਗਈ। ਸੁਬਾਨ ਇਸ ਗੱਲ ਨਾਲ ਜ਼ਿਆਦਾ ਹੈਰਾਨ ਸੀ ਕਿ ਉਸ ਦੇ ਬੇਟੇ ਨੇ ਹੀ ਇਹ ਹਰਕਤ ਕੀਤੀ ਸੀ।
ਸੁਬਾਨ ਨੇ ਦੱਸਿਆ,''ਮੈਂ ਦੇਖਿਆ ਕਿ ਮੇਰ ਬੇਟਾ ਗੁੱਸੇ ਵਿਚ ਹੇਠਾਂ ਚਲਾ ਗਿਆ ਅਤੇ ਰਾਤ 2 ਵਜੇ ਦੇ ਕਰੀਬ ਜੱਗ 'ਤੇ ਕੁਝ ਰੱਖਿਆ। ਮੇਰੇ ਪੁੱਛਣ 'ਤੇ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਆਪਣੇ ਕਮਰੇ ਵਿਚ ਚਲਾ ਗਿਆ। ਮੈਂ ਵੀ ਜ਼ਿਆਦਾ ਧਿਆਨ ਨਹੀਂ ਦਿੱਤਾ ਅਤੇ ਸੌਂ ਗਈ।'' ਸੁਬਾਨ ਮੁਤਾਬਕ,''ਮੈਨੂੰ ਹਾਲੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਸਕ ਅਜਿਹਾ ਕਰ ਸਕਦਾ ਹੈ। ਮੈਨੂੰ ਪਤਾ ਹੈ ਕਿ ਉਸ ਨੂੰ ਗੁੱਸਾ ਬਹੁਤ ਆਉਂਦਾ ਹੈ ਪਰ ਇਸ ਵਾਰ ਤਾਂ ਉਸ ਨੇ ਹੱਦ ਹੀ ਪਾਰ ਕਰ ਦਿੱਤੀ। ਅਸੀਂ ਉਸ ਦੇ ਗੁੱਸੇ ਨੂੰ ਸ਼ਾਂਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ।'' ਹੁਣ ਪਰਿਵਾਰ ਨੇ ਬੇਟੇ ਦੇ ਹਿੰਸਕ ਵਿਵਹਾਰ ਨੂੰ ਰੋਕਣ ਵਿਚ ਮਦਦ ਲਈ ਸਥਾਨਕ ਅਧਿਕਾਰੀਆਂ ਨੂੰ ਫੋਨ ਕਰਨ ਦਾ ਫੈਸਲਾ ਲਿਆ ਹੈ।