ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਫਰਿਜ਼ਨੋ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦੀ ਯਾਦ ''ਚ ਕਰਵਾਇਆ ਸਮਾਗਮ
Tuesday, Nov 11, 2025 - 03:48 AM (IST)
ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਫਰਿਜ਼ਨੋ, ਕੈਲੇਫੋਰਨੀਆ ਦੇ ਸਥਾਨਕ ਹਾਰਵਿਸਟ ਐਲੀਮੈਂਟਰੀ ਸਕੂਲ ਦੇ ਆਡੀਟੋਰੀਅਮ ਵਿੱਚ ਗਦਰੀ ਬਾਬਿਆਂ ਨੂੰ ਸਮਰਪਿਤ ਜਥੇਬੰਦੀ ਇੰਡੋ ਅਮੈਰਿਕਨ ਹੈਰੀਟੇਜ ਫੋਰਮ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗਦਰੀ ਗੁਲਾਬ ਕੌਰ ਦੀ ਜ਼ਿੰਦਗੀ 'ਤੇ ਅਧਾਰਿਤ ਨਾਟਕ “ਖਿੜਦੇ ਰਹਿਣ ਗੁਲਾਬ” ਨਾਟਕਕਾਰ “ਅਨੀਤਾ ਸ਼ਬਦੀਸ਼” ਨੇ ਬੜੀ ਜਾਣਦਾਰ ਪੇਸ਼ਕਾਰੀ ਨਾਲ ਖੇਡਿਆ। ਉਨ੍ਹਾਂ ਦੀ ਅਦਾਕਾਰੀ ਅਜਿਹੀ ਕਿ ਜਿਵੇਂ ਗਦਰੀ ਗੁਲਾਬ ਕੌਰ ਆਪ ਰੋਲ ਕਰ ਰਹੀ ਹੋਵੇ। ਇਕੱਲੇ-ਇਕੱਲੇ ਸੀਨ 'ਤੇ ਦਰਸ਼ਕ ਆਪ ਮੁਹਾਰੇ ਤਾੜੀਆਂ ਮਾਰ ਰਹੇ ਸਨ। ਗਦਰੀ ਗੁਲਾਬ ਕੌਰ ਦੀ ਕਹਾਣੀ ਨੇ ਹਰ ਅੱਖ ਨਮ ਕਰ ਦਿੱਤੀ। ਅਨੀਤਾ ਸ਼ਬਦੀਸ਼ ਇੱਕ ਸਫਲ ਅਦਾਕਾਰਾ ਹੈ, ਜਿਸ ਨੇ ਭਾਜੀ ਗੁਰਸ਼ਰਨ ਸਿੰਘ ਉਰਫ ਨਾਟਕ ਕਲਾ ਦੀ ਪ੍ਰਮੁੱਖ ਸ਼ਖਸੀਅਤ ਭਾਈ ਮੰਨਾ ਸਿੰਘ ਦੀ ਸੰਗਤ ਕੀਤੀ ਹੈ।
ਇਹ ਵੀ ਪੜ੍ਹੋ : ਅਮਰੀਕੀ ਰਿਪੋਰਟ 'ਚ Shocking ਖੁਲਾਸਾ! ਚੀਨ ਦੀ PLA ਬਣੀ 'ਸੁਪਰ ਫੋਰਸ'
ਇਸ ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਸੈਕਟਰੀ ਹਰਜਿੰਦਰ ਢੇਸੀ ਨੇ ਸਭਨਾਂ ਨੂੰ ਨਿੱਘੀ ਜੀ ਆਇਆਂ ਆਖ ਕੇ ਕੀਤੀ। ਉਪਰੰਤ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਰਾਜ ਬਰਾੜ ਨੇ ਇੱਕ ਇਨਕਲਾਬੀ ਗੀਤ ਨਾਲ ਹਾਜ਼ਰੀ ਲਵਾਈ। ਉਪਰੰਤ ਚਰਨਜੀਤ ਕੌਰ ਗਿੱਲ ਨੇ ਕਵਿਸ਼ਰੀ ਨਾਲ ਹਾਜ਼ਰੀ ਲਵਾਈ । ਡਾ. ਮਲਕੀਤ ਸਿੰਘ ਕਿੰਗਰਾ ਨੇ ਗਦਰੀ ਗੁਲਾਬ ਕੌਰ ਦੇ ਜੀਵਨ 'ਤੇ ਪੰਛੀ ਝਾਤ ਪਵਾਈ। ਆਂਚਲ ਹੇਅਰ ਨੇ ਗੀਤ ਇੱਕ ਇਨਕਲਾਬੀ ਗੀਤ ਨਾਲ ਹਾਜ਼ਰੀ ਲਵਾਈ। ਸਕੂਲ ਟਰੱਸਟੀ ਨੈਣਦੀਪ ਚੰਨ, ਜਸਪ੍ਰੀਤ ਸਿੱਧੂ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ। ਸ਼ਰਨਜੀਤ ਧਾਲੀਵਾਲ ਨੇ ਇੱਕ ਇਨਕਲਾਬੀ ਕਵਿਤਾ ਪੜ੍ਹੀ। ਪਰਗਟ ਸਿੰਘ ਧਾਲੀਵਾਲ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ ਸ਼ਹਾਦਤ ਬਾਰੇ ਸੰਖੇਪ ਵਿੱਚ ਜਾਣਕਾਰੀ ਸਾਂਝੀ ਕੀਤੀ। ਅਖੀਰ ਵਿੱਚ ਫੋਰਮ ਦੀਆਂ ਇਸਤਰੀ ਵਿੰਗ ਦੀਆਂ ਲੇਡੀਜ਼ ਨੇ ਅਨੀਤਾ ਸ਼ਬਦੀਸ਼ ਨੂੰ ਸ਼ਾਲ ਦੇਕੇ ਸਨਮਾਨਿਤ ਕੀਤਾ। ਇਸ ਸੋਲੋ ਨਾਟਕ ਵਿੱਚ ਅਨੀਤਾ ਸਬਦੀਸ਼ ਦੀ ਬਾ-ਕਮਾਲ ਅਦਾਕਾਰੀ ਨੇ ਇੱਕ ਘੰਟੇ ਤੋਂ ਵਧੀਕ ਗਦਰ ਗਹਿਰ ਦੇ ਇਤਿਹਾਸ ਦੀ ਨਾਇਕਾ ਬੀਬੀ ਗੁਲਾਬ ਕੌਰ ਨਾਲ ਜੋੜੀ ਰੱਖਿਆ। ਪੇਸ਼ਕਾਰੀ ਦੌਰਾਨ ਸਰੋਤੇ ਆਪਣੇ ਆਪ ਨੂੰ ਗਦਰ ਲਹਿਰ ਨਾਲ ਜੁੜਿਆ ਮਹਿਸੂਸ ਕਰ ਰਹੇ ਸਨ ਅਤੇ ਬੀਬੀ ਗੁਲਾਬ ਕੌਰ ਦਾ ਇਤਿਹਾਸ ਦੇਖ ਸਰੋਤਿਆਂ ਦੀਆਂ ਅੱਖਾਂ ਨਮ ਨਜ਼ਰ ਆ ਰਹੀਆਂ ਸਨ। ਹਰ ਕੋਈ ਅਨੀਤਾ ਸਬਦੀਸ਼ ਦੀ ਅਦਾਕਾਰੀ ਦੀ ਤਾਰੀਫ਼ ਕਰ ਰਿਹਾ ਸੀ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ। ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਇੰਡੋ ਅਮੈਰੀਕਨ ਹੈਰੀਟੇਜ ਫੋਰਮ ਫਰਿਜ਼ਨੋ, ਕੈਲੇਫੋਰਨੀਆ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
