ਯੋਜਨਾ ਸਫਲ ਹੋਈ ਤਾਂ ਰੋਬੋਟ ਚਲਾਉਣਗੇ ਕਾਰਾਂ : ਏਲਨ ਮਸਕ

Tuesday, Apr 23, 2019 - 08:02 PM (IST)

ਯੋਜਨਾ ਸਫਲ ਹੋਈ ਤਾਂ ਰੋਬੋਟ ਚਲਾਉਣਗੇ ਕਾਰਾਂ : ਏਲਨ ਮਸਕ

ਸਾਨ ਫਰਾਂਸਿਸਕੋ-ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਏਲਨ ਮਸਕ ਦੀ ਬੈਟਰੀ ਕਾਰਾਂ ਨੂੰ ਰੋਬੋਟ ਵੱਲੋਂ ਚਲਾਉਣ ਵਾਲੀਆਂ ਕਾਰਾਂ 'ਚ ਬਦਲਣ ਦੀ ਯੋਜਨਾ ਹੈ। ਉਨ੍ਹਾਂ ਦੀ ਯੋਜਨਾ ਜੇਕਰ ਸਫਲ ਹੋਈ ਤਾਂ ਕੰਪਨੀ ਦੀਆਂ ਬੈਟਰੀ ਕਾਰਾਂ ਸੜਕ 'ਤੇ ਖੁਦ ਭੱਜਦੀਆਂ ਨਜ਼ਰ ਆਉਣਗੀਆਂ। ਅਗਲੇ ਇਕ ਸਾਲ 'ਚ ਉਹ ਰੋਬੋਟ ਵੱਲੋਂ ਚੱਲਣ ਵਾਲੀਆਂ ਕਾਰਾਂ ਦਾ ਅਜਿਹਾ ਨੈੱਟਵਰਕ ਤਿਆਰ ਕਰਨਾ ਚਾਹੁੰਦੇ ਹਨ, ਜੋ ਉਬੇਰ ਜਾਂ ਹੋਰ ਟੈਕਸੀ ਸੇਵਾ ਕੰਪਨੀਆਂ ਨਾਲ ਮੁਕਾਬਲੇਬਾਜ਼ੀ ਕਰ ਸਕਣ।

ਆਪ ਚੱਲਣ 'ਚ ਸਮਰੱਥ ਕਾਰਾਂ ਨੂੰ ਲੈ ਕੇ ਮਾਹਿਰਾਂ 'ਚ ਡਰ ਹੈ ਕਿ ਮਸਕ ਟੇਸਲਾ ਦੀਆਂ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਵਧਾਉਣ ਦੀਆਂ ਕੋਸ਼ਿਸ਼ਾਂ ਤਹਿਤ ਆਮ ਲੋਕਾਂ ਦੀ ਸੁਰੱਖਿਆ ਨਾਲ ਸਮਝੌਤਾ ਕਰ ਰਹੇ ਹਨ। ਇਸ 'ਚ ਇਸ ਗੱਲ 'ਤੇ ਵੀ ਸਵਾਲ ਖੜ੍ਹੇ ਹੁੰਦੇ ਹਨ ਕਿ ਕੀ ਵਾਹਨ ਬਣਾਉਣ ਵਾਲੀ 15 ਸਾਲ ਪੁਰਾਣੀ ਕੰਪਨੀ ਇਸ ਤੋਂ ਲਗਾਤਾਰ ਪੈਸਾ ਕਮਾ ਸਕਦੀ ਹੈ। ਇਸ ਬਾਰੇ ਕਾਰਨੇਗੀ ਮੇਲਨ ਯੂਨੀਵਰਸਿਟੀ 'ਚ ਇਲੈਕਟ੍ਰਿਕ ਅਤੇ ਕੰਪਿਊਟਰ ਇੰਜੀਨੀਅਰਿੰਗ ਦੇ ਪ੍ਰੋਫੈਸਰ ਰਾਜਕੁਮਾਰ ਨੇ ਕਿਹਾ,''ਇਹ ਇਕ ਸੁਪਨੇ ਦੀ ਤਰ੍ਹਾਂ ਲੱਗਦਾ ਹੈ ਜੋ ਉਹ ਲੋਕਾਂ ਨੂੰ ਵੇਚ ਰਹੇ ਹਨ। ਮੇਰੇ ਹਿਸਾਬ ਨਾਲ ਇਹ ਜ਼ਰੂਰਤ ਤੋਂ ਜ਼ਿਆਦਾ ਆਸ਼ਾਵਾਦੀ ਹੈ ਜੋ ਮਸਕ ਦਾ ਜਾਣਿਆ-ਪਛਾਣਿਆ ਤਰੀਕਾ ਹੈ।''

ਅਮਰੀਕਾ 'ਚ 60 ਹੋਰ ਕੰਪਨੀਆਂ ਇਸ ਦਿਸ਼ਾ 'ਚ ਕੰਮ ਕਰ ਰਹੀਆਂ ਹਨ। ਇਨ੍ਹਾਂ 'ਚੋਂ ਕੁੱਝ ਕੰਪਨੀਆਂ ਆਟੋਮੈਟਿਕ ਵਾਹਨਾਂ ਨੂੰ ਇਸ ਸਾਲ ਦੇ ਅੰਦਰ ਹੀ ਛੋਟੇ ਇਲਾਕਿਆਂ 'ਚ ਚਲਾਉਣਾ ਸ਼ੁਰੂ ਕਰ ਦੇਣਗੀਆਂ ਪਰ ਜ਼ਿਆਦਾਤਰ ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ ਇਕ ਦਹਾਕੇ ਜਾਂ ਉਸ ਤੋਂ ਵੀ ਜ਼ਿਆਦਾ ਸਮੇਂ ਤੱਕ ਇਹ ਕੰਪਨੀਆਂ ਇਨ੍ਹਾਂ ਕਾਰਾਂ ਦੀ ਵਿਆਪਕ ਪੈਮਾਨੇ 'ਤੇ ਵਰਤੋਂ ਕਰਨ 'ਚ ਸਮਰੱਥ ਨਹੀਂ ਹੋਣਗੀਆਂ।


author

Karan Kumar

Content Editor

Related News