ਨਿਊਜ਼ੀਲੈਂਡ : 'ਅੱਤਵਾਦੀ' ਹਮਲੇ 'ਚ ਕਈ ਲੋਕ ਜ਼ਖਮੀ, ਜਵਾਬੀ ਕਾਰਵਾਈ 'ਚ ਹਮਲਾਵਰ ਢੇਰ

Friday, Sep 03, 2021 - 12:06 PM (IST)

ਨਿਊਜ਼ੀਲੈਂਡ : 'ਅੱਤਵਾਦੀ' ਹਮਲੇ 'ਚ ਕਈ ਲੋਕ ਜ਼ਖਮੀ, ਜਵਾਬੀ ਕਾਰਵਾਈ 'ਚ ਹਮਲਾਵਰ ਢੇਰ

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹਨਾਂ ਨੇ ਇਕ ਹਿੰਸਕ ਅੱਤਵਾਦੀ ਨੂੰ ਗੋਲੀ ਮਾਰ ਦਿੱਤੀ ਹੈ, ਜਿਸ ਨੇ ਇਕ ਸੁਪਰਮਾਰਕੀਟ ਵਿਚ ਚਾਕੂ ਮਾਰ ਕੇ 6 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਇਸ ਘਟਨਾ ਨੂੰ ਅੱਤਵਾਦੀ ਹਮਲਾ ਦੱਸਿਆ।

ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਫਗਾਨਿਸਤਾਨ ਦੀ ਮਦਦ ਕਰਨ ਦੀ ਕੀਤੀ ਅਪੀਲ

ਜੈਸਿੰਡਾ ਨੇ ਕਿਹਾ ਕਿ ਹਮਲਾਵਾਰ ਸ਼੍ਰੀਲੰਕਾਈ ਨਾਗਰਿਕ ਸੀ ਜੋ ਇਸਲਾਮਿਕ ਸਟੇਟ ਸਮੂਹ ਦੇ ਪ੍ਰਭਾਵ ਵਿਚ ਸੀ। ਉਹਨਾਂ ਨੇ ਦੱਸਿਆ ਕਿ ਉਹ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਦੀ ਰਡਾਰ 'ਤੇ ਸੀ ਅਤੇ ਉਸ ਦੀ 24 ਘੰਟੇ ਤੋਂ ਨਿਗਰਾਨੀ ਕੀਤੀ ਜਾ ਰਹੀ ਸੀ। ਉਹਨਾਂ ਨੇ ਦੱਸਿਆ ਕਿ ਕਾਨੂੰਨ ਮੁਤਾਬਕ ਇਸ ਵਿਅਕਤੀ ਨੂੰ ਜੇਲ੍ਹ ਵਿਚ ਰੱਖਣ ਦੀ ਇਜਾਜ਼ਤ ਨਹੀਂ ਸੀ। ਜੈਸਿੰਡਾ ਮੁਤਾਬਕ ਜਿਹੜੇ ਲੋਕਾਂ ਨੂੰ ਚਾਕੂ ਮਾਰਿਆ ਗਿਆ ਹੈ ਉਹਨਾਂ ਵਿਚੋਂ ਤਿੰਨ ਗੰਭੀਰ ਰੂਪ ਨਾਲ ਜ਼ਖਮੀ ਹਨ। ਉਹਨਾਂ ਨੇ ਕਿਹਾ ਕਿ ਇਹ ਇਕ ਹਿੰਸਕ ਹਮਲਾ ਸੀ। ਇਹ ਮੂਰਖਤਾ ਭਰਪੂਰ ਹਮਲਾ ਸੀ। ਮੈਨੂੰ ਬਹੁਤ ਦੁੱਖ ਹੈ ਕਿ ਅਜਿਹਾ ਹੋਇਆ।

ਗੌਰਤਲਬ ਹੈ ਕਿ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੀ ਇਕ ਸੁਪਰਮਾਰਕੀਟ ਵਿਚ ਦੁਪਹਿਰ ਕਰੀਬ 2:40 ਵਜੇ ਇਹ ਹਮਲਾ ਹੋਇਆ। ਜੈਸਿੰਡਾ ਨੇ ਕਿਹਾ ਕਿ ਇਸ ਵਿਅਕਤੀ ਦੀ ਲਗਾਤਾਰ ਨਿਗਰਾਨੀ ਕੀਤੇ ਜਾਣ ਕਾਰਨ ਪੁਲਸ ਟੀਮ ਅਤੇ ਵਿਸ਼ੇਸ਼ ਰਣਨੀਤੀ ਸਮੂਹ ਨੇ ਹਮਲਾ ਸ਼ੁਰੂ ਹੋਣ ਦੇ 60 ਸਕਿੰਟ ਦੇ ਅੰਦਰ ਹੀ ਉਸ ਨੂੰ ਗੋਲੀ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਕਮਿਸ਼ਨਰ ਐਂਡਰਿਊ ਕੋਸਟਰ ਨੇ ਕਿਹਾ ਕਿ ਉਹ ਇਸ ਵਿਅਕਤੀ ਦੀ ਵਿਚਾਰਧਾਰਾ ਨੂੰ ਲੈਕੇ ਚਿੰਤਤ ਸਨ ਅਤੇ ਉਸ 'ਤੇ ਕਰੀਬੀ ਨਜ਼ਰ ਬਣਾਏ ਹੋਏ ਸਨ। ਕੋਸਟਰ ਨੇ ਕਿਹਾ ਕਿ ਉਹਨਾਂ ਨੇ ਸ਼ੁੱਕਰਵਾਰ ਨੂੰ ਉਸ ਦੇ ਘਰ ਤੋਂ ਸੁਪਰਮਾਰਕੀਟ ਤੱਕ ਉਸ ਦਾ ਪਿੱਛਾ ਕੀਤਾ। ਉਹਨਾਂ ਨੇ ਕਿਹਾ,''ਉਹ ਸਟੋਰ ਵਿਚ ਦਾਖਲ ਹੋਇਆ ਜਿਵੇਂ ਕਿ ਇਹ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ। ਉਸ ਨੇ ਸਟੋਰ ਤੋਂ ਇਕ ਚਾਕੂ ਲਿਆ। ਨਿਗਰਾਨੀ ਦਲ ਉਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਜਿੰਨਾ ਕਰੀਬ ਜਾ ਸਕਦੇ ਹਨ ਉਨਾਂ ਗਏ।'' 

ਪੜ੍ਹੋ ਇਹ ਅਹਿਮ ਖਬਰ - ਬ੍ਰਿਸਬੇਨ 'ਚ ਪੋਲੈਂਡ ਨਿਵਾਸੀ ਬੀਬੀ ਨੂੰ ਕੁੱਟਣ ਅਤੇ ਬਲਾਤਕਾਰ ਕਰਨ ਦੇ ਦੋਸ਼ੀ ਵਿਅਕਤੀ ਨੂੰ 12 ਸਾਲ ਕੈਦ

ਕੋਸਟਰ ਨੇ ਦੱਸਿਆ ਕਿ ਜਦੋਂ ਹਮਲਾ ਸ਼ੁਰੂ ਹੋਇਆ ਤਾਂ ਵਿਸ਼ੇਸ਼ ਰਣਨੀਤੀ ਸਮੂਹ ਦੇ ਦੋ ਪੁਲਸ ਕਰਮੀ ਭੱਜੇ। ਉਹਨਾਂ ਨੇ ਦੱਸਿਆ ਕਿ ਹਮਲਾਵਰ ਚਾਕੂ ਲੈ ਕੇ ਪੁਲਸ ਵੱਲ ਦੌੜਿਆ। ਇਸ ਲਈ ਪੁਲਸ ਨੇ ਉਸ ਨੂੰ ਗੋਲੀ ਮਾਰ ਦਿੱਤੀ। ਸੁਪਰਮਾਰਕੀਟ ਦੇ ਅੰਦਰ ਇਕ ਵਿਅਕਤੀ ਵੱਲੋਂ ਬਣਾਏ ਗਏ ਵੀਡੀਓ ਵਿਚ 10 ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਗਈ। ਜੈਸਿੰਡਾ ਨੇ ਦੱਸਿਆ ਕਿ ਕਾਨੂੰਨੀ ਰੁਕਾਵਟਾਂ ਨੇ ਉਹਨਾਂ ਨੂੰ ਸਭ ਕੁਝ ਦੱਸਣ ਤੋਂ ਰੋਕ ਦਿੱਤਾ ਹੈ ਪਰ ਉਹਨਾਂ ਨੂੰ ਆਸ ਹੈ ਕਿ ਇਹ ਰੁਕਾਵਟਾਂ ਜਲਦੀ ਦੂਰ ਹੋ ਜਾਣਗੀਆਂ। ਅਜਿਹਾ ਦੱਸਿਆ ਜਾ ਰਿਹਾ ਹੈਕਿ ਸੁਪਰਮਾਰਕੀਟ ਵਿਚ ਕੁਝ ਦੁਕਾਨਦਾਰਾਂ ਨੇ ਜ਼ਖਮੀ ਹੋਏ ਲੋਕਾਂ ਦੀ ਤੌਲੀਏ ਅਤੇ ਡਾਇਪਰ ਨਾਲ ਮਦਦ ਕਰਨ ਦੀ ਕੋਸ਼ਿਸ਼ ਕੀਤੀ। 

ਜੈਸਿੰਡਾ ਨੇ ਕਿਹਾ,''ਉੱਥੇ ਮੌਜੂਦ ਹਰੇਕ ਵਿਅਕਤੀ ਅਤੇ ਜਿਸ ਨੇ ਇਸ ਭਿਆਨਕ ਘਟਨਾ ਨੂੰ ਦੇਖਿਆ ਉਹਨਾਂ ਦੇ ਬਾਰੇ ਮੈਂ ਕਲਪਨਾ ਵੀ ਨਹੀਂ ਕਰ ਸਕਦੀ ਕਿ ਇਸ ਮਗਰੋਂ ਉਹ ਕਿਹੋ ਜਿਹਾ ਮਹਿਸੂਸ ਕਰ ਰਹੇ ਹੋਣਗੇ ਪਰ ਜ਼ਖਮੀਆਂ ਦੀ ਮਦਦ ਲਈ ਅੱਗੇ ਆਉਣ ਵਾਲਿਆਂ ਦਾ ਧੰਨਵਾਦ।'' ਆਕਲੈਂਡ ਵਿਚ ਕੋਰੋਨਾ ਵਾਇਰਸ ਫੈਲਣ ਕਾਰਨ ਸਖ਼ਤ ਤਾਲਾਬੰਦੀ ਹੈ। ਜ਼ਿਆਦਾਤਰ ਕਾਰੋਬਾ ਰ ਬੰਦ ਹਨ ਅਤੇ ਆਮਤੌਰ 'ਤੇ ਲੋਕਾਂ ਨੂੰ ਸਿਰਫ ਕਰਿਆਨੇ ਦਾ ਸਾਮਾਨ ਅਤੇ ਦਵਾਈਆਂ ਖਰੀਦਣਲਈ ਘਰੋਂ ਨਿਕਲਣ ਦੀ ਇਜਾਜ਼ਤ ਦਿੱਤੀ ਗਈ ਹੈ।


author

Vandana

Content Editor

Related News