ਟਰੰਪ ਵੱਲੋਂ ਸ਼ਾਂਤੀ ਵਾਰਤਾ ਰੱਦ ਕਰਨ ਨਾਲ ਬੌਖਲਾਏ ਤਾਲਿਬਾਨ ਨੇ ਦਿੱਤੀ ਧਮਕੀ

09/09/2019 11:36:15 AM

ਵਾਸ਼ਿੰਗਟਨ— ਅਮਰੀਕਾ ਤੇ ਤਾਲਿਬਾਨ ਵਿਚਕਾਰ ਸ਼ਾਂਤੀ ਵਾਰਤਾ ਹੋਣ ਤੋਂ ਪਹਿਲਾਂ ਹੀ ਰੱਦ ਹੋ ਗਈ। ਕਾਬੁਲ 'ਚ ਅਮਰੀਕੀ ਫੌਜੀਆਂ ਦੇ ਕਤਲ ਕੀਤੇ ਜਾਣ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਰੀ ਸਮੇਂ 'ਤੇ ਸ਼ਾਂਤੀ ਵਾਰਤਾ ਨੂੰ ਰੱਦ ਕਰ ਦਿੱਤਾ। ਹੁਣ ਇਸ ਫੈਸਲੇ ਦੇ ਬਾਅਦ ਬੌਖਲਾਏ ਤਾਲਿਬਾਨ ਨੇ ਧਮਕੀ ਦਿੱਤੀ ਹੈ। ਤਾਲਿਬਾਨ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕਾ ਨੂੰ ਵੱਡਾ ਨੁਕਸਾਨ ਹੋਵੇਗਾ ਅਤੇ ਹੁਣ ਜ਼ਿਆਦਾ ਅਮਰੀਕੀਆਂ ਦੀ ਜਾਨ ਜਾਵੇਗੀ।

ਤਾਲਿਬਾਨ ਵਲੋਂ ਐਤਵਾਰ ਨੂੰ ਦੇਰ ਰਾਤ ਇਕ ਬਿਆਨ ਜਾਰੀ ਕਰਕੇ ਅਮਰੀਕਾ ਨੂੰ ਸਿੱਧੀ ਚਿਤਾਵਨੀ ਦਿੱਤੀ ਗਈ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਜਿਸ ਸਮੇਂ ਡੋਨਾਲਡ ਟਰੰਪ ਹਮਲੇ ਦੀ ਦੁਹਾਈ ਦੇ ਰਹੇ ਹਨ, ਉਸ ਸਮੇਂ ਅਮਰੀਕੀ ਫੌਜ ਵੀ ਅਫਗਾਨਿਸਤਾਨ 'ਤੇ ਬੰਬ ਵਰ੍ਹਾ ਰਹੀ ਹੈ।

ਤਾਲਿਬਾਨ ਦਾ ਕਹਿਣਾ ਹੈ ਕਿ ਅਮਰੀਕਾ ਲਈ ਇਹ ਭਾਰੀ ਪੈਣ ਵਾਲਾ ਹੈ। ਇਸ ਨਾਲ ਅਮਰੀਕਾ ਦੇ ਅਕਸ 'ਤੇ ਅਸਰ ਪਵੇਗਾ। ਲੋਕਾਂ ਦੀ ਜਾਨ ਜਾਵੇਗੀ ਅਤੇ ਸ਼ਾਂਤੀ ਭੰਗ ਹੋਵੇਗੀ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਅਤੇ ਤਾਲਿਬਾਨ ਦੇ ਵੱਡੇ ਨੇਤਾਵਾਂ ਵਿਚਕਾਰ ਇਹ ਬੈਠਕ ਕੈਂਪ ਡੇਵਿਡ 'ਚ ਹੋਣੀ ਸੀ, ਜਿੱਥੇ ਅਕਸਰ ਅਮਰੀਕੀ ਰਾਸ਼ਟਰਪਤੀ ਵੱਡੀਆਂ ਅਤੇ ਅਹਿਮ ਬੈਠਕਾਂ ਕਰਦੇ ਹਨ। ਟਰੰਪ ਦੇ ਐਲਾਨ ਮਗਰੋਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਸੀ ਕਿ ਜਦ ਤਕ ਇਸ ਗੱਲ 'ਤੇ ਭਰੋਸਾ ਨਹੀਂ ਹੁੰਦਾ ਕਿ ਅਫਗਾਨਿਸਤਾਨ 'ਚ ਸਭ ਕੁੱਝ ਠੀਕ ਹੈ, ਅਸੀਂ ਆਪਣੇ ਫੌਜੀ ਵਾਪਸ ਨਹੀਂ ਬੁਲਾਵਾਂਗੇ।

ਇਕ ਇੰਟਰਵੀਊ ਦੌਰਾਨ ਜਦ ਮਾਈਕ ਪੋਂਪੀਓ ਨੂੰ ਪੁੱਛਿਆ ਗਿਆ ਕਿ ਕੀ ਅਫਗਾਨਿਸਤਾਨ ਨਾਲ ਸ਼ਾਂਤੀ ਵਾਰਤਾ ਖਤਮ ਹੋ ਗਈ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਹਾਂ ਹੁਣ ਲਈ ਤਾਂ ਹੋ ਗਈ ਹੈ। ਦੋਹਾਂ ਦੇਸ਼ਾਂ ਵਿਚਕਾਰ ਹੋਣ ਵਾਲੇ ਸ਼ਾਂਤੀ ਸਮਝੌਤੇ ਤਹਿਤ ਅਮਰੀਕਾ ਅਗਲੇ ਕੁੱਝ ਹਫਤਿਆਂ 'ਚ 5400 ਫੌਜੀਆਂ ਨੂੰ ਵਾਪਸ ਸੱਦਣ ਵਾਲਾ ਸੀ। ਹਾਲਾਂਕਿ ਹੁਣ ਇਹ ਕੁਝ ਸਮੇਂ ਲਈ ਰੱਦ ਹੈ। ਅਫਗਾਨਿਸਤਾਨ ਅਤੇ ਅਮਰੀਕਾ ਵਿਚਕਾਰ ਤਕਰੀਬਨ ਬੀਤੇ ਦੋ ਦਹਾਕਿਆਂ ਤੋਂ ਜੰਗ ਚੱਲ ਰਹੀ ਹੈ, ਜਿਸ ਨੂੰ ਹੁਣ ਹੌਲੀ-ਹੌਲੀ ਸ਼ਾਂਤੀ ਵੱਲ ਲੈ ਜਾਇਆ ਜਾ ਰਿਹਾ ਹੈ। ਅਮਰੀਕਾ ਵਲੋਂ ਇਹ ਕੋਸ਼ਿਸ਼ ਇਸ ਲਈ ਵੀ ਤੇਜ਼ ਸੀ ਕਿਉਂਕਿ ਇਸੇ ਮਹੀਨੇ ਅਫਗਾਨਿਸਤਾਨ 'ਚ ਰਾਸ਼ਟਰਪਤੀ ਦੀ ਚੋਣ ਵੀ ਹੋਣੀ ਹੈ।


Related News