ਅਫਗਾਨਿਸਤਾਨ ''ਚ ਜਲਦ ਹੋਵੇਗੀ ਤਾਲਿਬਾਨ ਦੀ ''ਨਿਯਮਿਤ'' ਫ਼ੌਜ, ਸਾਬਕਾ ਫ਼ੌਜੀ ਵੀ ਹੋਣਗੇ ਸ਼ਾਮਲ

Thursday, Sep 16, 2021 - 06:35 PM (IST)

ਕਾਬੁਲ (ਏ.ਐੱਨ.ਆਈ.): ਅਫਗਾਨਿਸਤਾਨ ਵਿਚ ਜਲਦੀ ਹੀ ਤਾਲਿਬਾਨ ਦੀ ਆਪਣੀ 'ਨਿਯਮਿਤ' ਫ਼ੌਜ ਹੋਵੇਗੀ। ਤਾਲਿਬਾਨ ਦੇ ਕਾਰਜਕਾਰੀ ਸਰਕਾਰ ਬਣਾਉਣ ਦੇ ਐਲਾਨ ਦੇ ਹਫ਼ਤਿਆਂ ਬਾਅਦ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਰੀ ਪ੍ਰਮੁੱਖ ਕਾਰੀ ਫਸੀਹੂਦੀਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਇਕ ਨਿਯਮਿਤ ਫ਼ੌਜ ਬਣਾਉਣ 'ਤੇ ਕੰਮ ਕਰ ਰਹੇ ਹਨ ਅਤੇ ਇਸ ਯੋਜਨਾ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ।

ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਫਸੀਹੂਦੀਨ ਨੇ ਕਿਹਾ,''ਸਾਡੇ ਦੇਸ਼ ਦੀ ਰੱਖਿਆ ਕਰਨ ਲਈ ਇਕ ਨਿਯਮਿਤ ਅਤੇ ਮਜ਼ਬੂਤ ਫ਼ੌਜ ਹੋਣੀ ਚਾਹੀਦੀ ਹੈ। ਇਸ ਵਿਚ ਸਾਬਕਾ ਸਰਕਾਰ ਵਿਚ ਸੇਵਾ ਕਰਨ ਵਾਲੇ ਫ਼ੌਜ ਦੇ ਸਾਬਕਾ ਮੈਂਬਰਾਂ ਨੂੰ ਵੀ ਨਵੀਂ ਫ਼ੌਜ ਵਿਚ ਸ਼ਾਮਲ ਕੀਤਾ ਜਾਵੇਗਾ। ਉਹਨਾਂ ਨੇ ਜ਼ਿਕਰ ਕੀਤਾ ਕਿ ਤਾਲਿਬਾਨ ਕਿਸੇ ਵੀ ਖਤਰੇ ਦੇ ਖ਼ਿਲਾਫ਼ ਪੂਰੀ ਤਾਕਤ ਨਾਲ ਖੜ੍ਹਾ ਹੋਵੇਗਾ, ਭਾਵੇਂ ਉਹ ਬਾਹਰੀ ਹੋਵੇ ਜਾਂ ਅੰਦਰੂਨੀ।

ਪੜ੍ਹੋ ਇਹ ਅਹਿਮ ਖਬਰ - ਫ੍ਰਾਂਸੀਸੀ ਰਾਸ਼ਟਰਪਤੀ ਦਾ ਦਾਅਵਾ, ਮਾਰਿਆ ਗਿਆ ISIS ਮੁਖੀ ਅਬੂ-ਵਾਲਿਦ-ਅਲ-ਸਾਹਰਾਵੀ

ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਪੇਸ਼ੇਵਰ ਹਨ, ਉਹਨਾਂ ਨੂੰ ਸਾਡੀ ਨਵੀਂ ਫ਼ੌਜ ਵਿਚ ਜਗ੍ਹਾ ਦਿੱਤੀ ਜਾਵੇਗੀ। ਸਾਨੂੰ ਆਸ ਹੈ ਕਿ ਨੇੜਲੇ ਭਵਿੱਖ ਵਿਚ ਇਸ ਫੌ਼ਜ ਦਾ ਗਠਨ ਹੋ ਜਾਵੇਗਾ। ਭਾਵੇਂਕਿ ਸਾਬਕਾ ਫ਼ੌਜੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਾਲੇ ਤੱਕ ਆਪਣੇ ਕੰਮ ਨੂੰ ਮੁੜ ਚਾਲੂ ਕਰਨ ਲਈ ਨਹੀਂ ਕਿਹਾ ਗਿਆ ਹੈ। ਇਕ ਸਾਬਕਾ ਮਿਲਟਰੀ ਅਧਿਕਾਰੀ ਸ਼ਕੋਰੂੱਲਾ ਸੁਲਤਾਨੀ ਨੇ ਕਿਹਾ ਕਿ ਤਾਲਿਬਾਨ ਨੂੰ 3,00,000 ਫ਼ੌਜੀਆਂ ਦੀ ਕਿਸਮਤ ਬਾਰੇ ਫ਼ੈਸਲਾ ਲੈਣਾ ਚਾਹੀਦਾ ਹੈ। ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਜਦੋਂ ਦੇਸ਼ ਤੋਂ ਅਮਰੀਕਾ ਅਤੇ ਨਾਟੋ ਫ਼ੌਜੀਆਂ ਦੀ ਵਾਪਸੀ ਵਿਚਕਾਰ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ। ਕਾਬੁਲ ਦੇ ਤਾਲਿਬਾਨ ਦੇ ਹੱਥਾਂ ਵਿਚ ਜਾਣ ਅਤੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੀ ਲੋਕਤੰਤਰੀ ਤੌਰ 'ਤੇ ਚੁਣੀ ਗਈ ਸਰਕਾਰ ਡਿੱਗਣ ਦੇ ਬਾਅਦ ਦੇਸ਼ ਪਿਛਲੇ ਮਹੀਨੇ ਸੰਕਟ ਵਿਚ ਪੈ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਚੀਨ ਖ਼ਿਲਾਫ਼ ਇਕਜੁੱਟ ਹੋਏ US-UK ਅਤੇ Australia, ਡ੍ਰੈਗਨ ਨੇ ਕਹੀ ਇਹ ਗੱਲ


Vandana

Content Editor

Related News