ਕੁੜੀਆਂ ਨੂੰ ਸਕੂਲਾਂ ’ਚ ਪੜ੍ਹਾਈ ਦੀ ਇਜਾਜ਼ਤ ਦੇਣ ’ਤੇ ਜਲਦ ਐਲਾਨ ਕਰੇਗਾ ਤਾਲਿਬਾਨ: UN ਅਧਿਕਾਰੀ
Saturday, Oct 16, 2021 - 12:20 PM (IST)
ਸੰਯੁਕਤ ਰਾਸ਼ਟਰ (ਭਾਸ਼ਾ) : ਸੰਯੁਕਤ ਰਾਸ਼ਟਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਤਾਲਿਬਾਨ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਜਲਦ ਇਹ ਐਲਾਨ ਕਰਨਗੇ ਕਿ ਸਾਰੀਆਂ ਅਫ਼ਗਾਨ ਕੁੜੀਆਂ ਨੂੰ ਸੈਕੰਡਰੀ ਸਕੂਲਾਂ ਵਿਚ ਪੜ੍ਹਨ ਦੀ ਇਜਾਜ਼ਤ ਹੋਵੇਗੀ। ਪਿਛਲੇ ਹਫ਼ਤੇ ਕਾਬੁਲ ਦੀ ਯਾਤਰਾ ’ਤੇ ਗਏ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਦੇ ਉਪ ਕਾਰਜਕਾਰੀ ਨਿਰਦੇਸ਼ਕ ਉਮਰ ਅਬਦੀ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਹੈਡਕੁਆਰਟਰ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਅਫ਼ਗਾਨਿਸਤਾਨ ਦੇ 34 ਸੂਬਿਆਂ ਵਿਚੋਂ 5 ਸੂਬਿਆਂ- ਉਤਰ ਪੱਛਮ ਵਿਚ ਬਾਲਖ, ਜਵਜਾਨ ਅਤੇ ਸਮਾਂਗਨ, ਉਤਰ ਪੂਰਬ ਵਿਚ ਕੁੰਦਜ ਅਤੇ ਦੱਖਣ-ਪੱਛਮ ਵਿਚ ਉਰੋਜਗਾਨ ਵਿਚ ਪਹਿਲਾਂ ਹੀ ਸੈਕੰਡਰੀ ਸਕੂਲਾਂ ਵਿਚ ਕੁੜੀਆਂ ਨੂੰ ਪੜ੍ਹਾਉਣ ਦੀ ਇਜਾਜ਼ਤ ਹੈ।
ਉਨ੍ਹਾਂ ਕਿਹਾ ਕਿ ਤਾਲਿਬਾਨ ਦੇ ਸਿੱਖਿਆ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਸਾਰੀਆਂ ਕੁੜੀਆਂ ਨੂੰ ਛੇਵੀਂ ਕਲਾਸ ਤੋਂ ਅੱਗੇ ਆਪਣੀ ਸਕੂਲੀ ਸਿੱਖਿਆ ਜਾਰੀ ਰੱਖਣ ਦੀ ਇਜਾਜ਼ਤ ਦੇਣ ਲਈ ਇਕ ਰੂਪਰੇਖਾ ’ਤੇ ਕੰਮ ਕਰ ਰਹੇ ਹਨ, ਜਿਸ ਨੂੰ ਇਕ ਤੋਂ ਦੋ ਮਹੀਨੇ ਦਰਮਿਆਨ ਜਾਰੀ ਕੀਤਾ ਜਾਏਗਾ। ਅਬਦੀ ਨੇ ਕਿਹਾ, ‘ਸੈਕੰਡਰੀ ਸਕੂਲ ਜਾਣ ਦੀ ਉਮਰ ਵਾਲੀਆਂ ਲੱਖਾਂ ਕੁੜੀਆਂ ਲਗਾਤਾਰ 27ਵੇਂ ਦਿਨ ਸਿੱਖਿਆ ਤੋਂ ਵਾਂਝੀਆਂ ਹਨ। ਅਬਦੀ ਨੇ ਕਿਹਾ ਕਿ ਹਰ ਬੈਠਕ ਵਿਚ ਉਨ੍ਹਾਂ ਨੇ ਤਾਲਿਬਾਨ ਨੂੰ ਕੁੜੀਆਂ ਦੀ ਸਿੱਖਿਆ ਬਹਾਲ ਕਰਨ ’ਤੇ ਜ਼ੋਰ ਦਿੱਤਾ ਅਤੇ ਇਸ ਨੂੰ ਖ਼ੁਦ ਕੁੜੀਆਂ ਅਤੇ ਦੇਸ਼ ਦੇ ਹਿੱਤ ਵਿਚ ਮਹੱਤਵਪੂਰਨ ਦੱਸਿਆ।’
ਇਹ ਵੀ ਪੜ੍ਹੋ : Pok ’ਚ ਐਕਟਿਵ ਹਨ 3000 ਅਫ਼ਗਾਨੀ ਸਿਮ ਕਾਰਡ, ਜੈਸ਼ ਤੇ ਲਸ਼ਕਰ ਦੇ ਨਿਸ਼ਾਨੇ ’ਤੇ ਜੰਮੂ-ਕਸ਼ਮੀਰ
ਆਪਣੇ ਕਾਬੁਲ ਦੌਰੇ ਵਿਚ ਯੂਨੀਸੈਫ ਉਪ ਮੁਖੀ ਨੇ ਬੱਚਿਆਂ ਦੇ ਹਸਪਤਾਲ ਦਾ ਵੀ ਦੌਰਾ ਕੀਤਾ, ਜਿੱਥੇ ਕੁਪੋਸ਼ਿਤ ਬੱਚਿਆਂ ਦੀ ਗਿਣਤੀ ਵੇਖ ਕੇ ਉਹ ਕਾਫ਼ੀ ਹੈਰਾਨੀ ਵਿਚ ਪੈ ਗਏ, ਜਿਨ੍ਹਾਂ ਵਿਚ ਕੁੱਝ ਬੱਚੇ ਸਨ। ਸੰਯੁਕਤ ਰਾਸ਼ਟਰ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਦੁਨੀਆ ਨੂੰ ਅਫ਼ਗਾਨ ਅਰਥਵਿਵਸਥਾ ਨੂੰ ਡਿੱਗਣ ਤੋਂ ਬਚਾਉਣ ਅਤੇ ਅਫ਼ਗਾਨ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਅਬਦੀ ਨੇ ਵੀ ਸਕੱਤਰ ਜਨਰਲ ਦੀ ਅਪੀਲ ਨੂੰ ਦੁਹਰਾਇਆ ਅਤੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਹਾਲਾਤ ਗੰਭੀਰ ਹਨ ਅਤੇ ਇਹ ਬਦਤਰ ਹੀ ਹੁੰਦੇ ਜਾਣਗੇ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।