ਤਾਲਿਬਾਨ ਵੱਲੋਂ ਨਸ਼ੇ ਦੇ ਆਦੀ ਲੋਕਾਂ ਖ਼ਿਲਾਫ ਕਾਰਵਾਈ, ਕਈ ਕੀਤੇ ਕਾਬੂ
Thursday, Oct 07, 2021 - 03:48 PM (IST)
ਕਾਬੁਲ (ਏ. ਪੀ.)-ਅਫ਼ਗਾਨਿਸਤਾਨ ਦੇ ਸੱਤਾਧਾਰੀ ਤਾਲਿਬਾਨ ਨੇ ਨਸ਼ਾਖੋਰੀ ਨੂੰ ਖਤਮ ਕਰਨ ਲਈ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਭਾਵੇਂ ਇਸ ਲਈ ਉਸ ਨੂੰ ਤਾਕਤ ਦੀ ਵਰਤੋਂ ਦੀ ਲੋੜ ਕਿਉਂ ਨਾ ਪਵੇ। ਤਾਲਿਬਾਨ ਲੜਾਕਿਆਂ ਤੋਂ ਪੁਲਸ ਬਣਨ ਵਾਲੇ ਕਰਮਚਾਰੀਆਂ ਨੇ ਰਾਜਧਾਨੀ ਕਾਬੁਲ ਦੇ ਇਕ ਇਲਾਕੇ ਤੋਂ ਨਸ਼ੇ ਵਾਲੇ ਪਦਾਰਥਾਂ ਹੈਰੋਇਨ ਤੇ ਮੈਥਾਫੇਟਾਮਾਈਨਸ ਦੇ ਨਸ਼ੇ ਦੇ ਆਦੀ ਸੈਂਕੜੇ ਬੇਘਰ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਤੇ ਉਨ੍ਹਾਂ ਨੂੰ ਕੁੱਟਿਆ। ਉਨ੍ਹਾਂ ਨੂੰ ਜ਼ਬਰਦਸਤੀ ਇਲਾਜ ਕੇਂਦਰ ਲਿਜਾਇਆ ਗਿਆ। ਪਿਛਲੇ ਹਫ਼ਤੇ ਇਸ ਤਰ੍ਹਾਂ ਦੀ ਇਕ ਛਾਪੇਮਾਰੀ ਤਕ ਐਸੋਸੀਏਟਿਡ ਪ੍ਰੈੱਸ ਦੀ ਪਹੁੰਚ ਹੋਈ। ਡਾਕਟਰਾਂ ਦੇ ਅਨੁਸਾਰ ਉਹ ਵਿਅਕਤੀ ਦਿਮਾਗੀ ਤੌਰ ’ਤੇ ਬੀਮਾਰ ਸਨ, ਉਨ੍ਹਾਂ ਨੂੰ ਕੰਧ ਦੇ ਸਹਾਰੇ ਬਿਠਾਇਆ ਗਿਆ ਅਤੇ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਸਨ। ਉਨ੍ਹਾਂ ਨੂੰ ਨਸ਼ਾ ਛੱਡਣ ਲਈ ਕਿਹਾ ਗਿਆ, ਅਜਿਹਾ ਨਾ ਕਰਨ ’ਤੇ ਉਨ੍ਹਾਂ ਨੂੰ ਕੁੱਟਿਆ ਜਾਵੇਗਾ। ਕੁਝ ਸਿਹਤ ਕਰਮਚਾਰੀਆਂ ਨੇ ਇਨ੍ਹਾਂ ਸਖਤ ਤਰੀਕਿਆਂ ਦਾ ਸਵਾਗਤ ਕੀਤਾ ਹੈ। ਇਕ ਇਲਾਜ ਕੇਂਦਰ ’ਚ ਕੰਮ ਕਰ ਰਹੇ ਡਾਕਟਰ ਫਜ਼ਲਰੱਬੀ ਮਿਆਰ ਨੇ ਕਿਹਾ, “ਅਸੀਂ ਹੁਣ ਲੋਕਤੰਤਰ ’ਚ ਨਹੀਂ ਹਾਂ।
ਇਹ ਤਾਨਾਸ਼ਾਹੀ ਹੈ। ਅਜਿਹੇ ਲੋਕਾਂ ਦਾ ਇਲਾਜ ਕਰਨ ਦਾ ਸਿਰਫ ਇਕ ਤਰੀਕਾ ਹੈ ਤੇ ਉਹ ਹੈ ਤਾਕਤ ਦੀ ਵਰਤੋਂ।” ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਫ਼ਗਾਨ ਹੈਰੋਇਨ ਅਤੇ ਮੈਥਾਮਫੇਟਾਮਾਈਨਸ ਦੇ ਆਦੀ ਹਨ। ਡਾਕਟਰਾਂ ਨੇ ਕਿਹਾ ਕਿ 15 ਅਗਸਤ ਨੂੰ ਸੱਤਾ ਹਥਿਆਉਣ ਤੋਂ ਬਾਅਦ ਤਾਲਿਬਾਨ ਦੇ ਸਿਹਤ ਮੰਤਰਾਲੇ ਨੇ ਇਨ੍ਹਾਂ ਕੇਂਦਰਾਂ ਨੂੰ ਇਹ ਹੁਕਮ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਰਾਦਾ ਨਸ਼ਿਆਂ ਦੀ ਸਮੱਸਿਆ ਨੂੰ ਸਖਤੀ ਨਾਲ ਕੰਟਰੋਲ ਕਰਨਾ ਹੈ। ਨਸ਼ੇ ਵਾਲੇ ਪਦਾਰਥਾਂ ਦੀ ਵਰਤੋਂ ਉਨ੍ਹਾਂ ਦੇ ਇਸਲਾਮੀ ਸਿਧਾਂਤ ਦੀ ਵਿਆਖਿਆ ਦੇ ਵਿਰੁੱਧ ਹੈ। ਦੇਸ਼ ’ਚ ਅਫੀਮ ਦਾ ਗੈਰ-ਕਾਨੂੰਨੀ ਵਪਾਰ ਅਫ਼ਗਾਨਿਸਤਾਨ ਦੀ ਆਰਥਿਕਤਾ ਅਤੇ ਉਥਲ-ਪੁਥਲ ਨਾਲ ਜੁੜਿਆ ਹੋਇਆ ਹੈ। ਅਫੀਮ ਉਤਪਾਦਕ ਪੇਂਡੂ ਖੇਤਰ ਦਾ ਹਿੱਸਾ ਹਨ, ਜੋ ਤਾਲਿਬਾਨ ਲਈ ਮਹੱਤਵਪੂਰਨ ਹਨ ਤੇ ਜ਼ਿਆਦਾਤਰ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਫਸਲ ’ਤੇ ਨਿਰਭਰ ਕਰਦੇ ਹਨ। ਹਾਲਾਂਕਿ, ਤਾਲਿਬਾਨ 2000-2001 ’ਚ ਅਮਰੀਕੀ ਹਮਲੇ ਤੋਂ ਪਹਿਲਾਂ ਵੱਡੇ ਪੱਧਰ ’ਤੇ ਅਫੀਮ ਦੀ ਕਾਸ਼ਤ ’ਤੇ ਪਾਬੰਦੀ ਲਗਾਉਣ ’ਚ ਸਫਲ ਹੋ ਗਿਆ ਸੀ। ਬਾਅਦ ਦੀਆਂ ਸਰਕਾਰਾਂ ਅਜਿਹਾ ਕਰਨ ’ਚ ਅਸਫਲ ਰਹੀਆਂ। ਲੜਾਕਿਆਂ ਨੇ ਕਾਬੁਲ ਦੇ ਗੁਜ਼ਰਗਾਹ ਇਲਾਕੇ ’ਚ ਇਕ ਪੁਲ ਦੇ ਹੇਠਾਂ ਇਕ ਡੇਰੇ ਉੱਤੇ ਛਾਪਾ ਮਾਰਿਆ ਅਤੇ ਲੋਕਾਂ ਨੂੰ ਬਾਹਰ ਆਉਣ ਲਈ ਕਿਹਾ। ਕੁਝ ਆਪਣੇ ਆਪ ਬਾਹਰ ਆਏ, ਜਦਕਿ ਕੁਝ ਨੂੰ ਜ਼ਬਰਦਸਤੀ ਬਾਹਰ ਲਿਆਉਣਾ ਪਿਆ।
ਤਾਲਿਬਾਨ ਲੜਾਕੂ ਕਾਰੀ ਫਿਦਾਈ ਨੇ ਕਿਹਾ, “ਉਹ ਸਾਡੇ ਦੇਸ਼ਵਾਸੀ ਹਨ। ਉਹ ਸਾਡਾ ਪਰਿਵਾਰ ਹਨ ਅਤੇ ਉਨ੍ਹਾਂ ਦੇ ਅੰਦਰ ਇਕ ਚੰਗਾ ਵਿਅਕਤੀ ਹੈ। ਜੇ ਅੱਲ੍ਹਾ ਚਾਹੁੰਦਾ ਹੈ ਤਾਂ ਹਸਪਤਾਲ ’ਚ ਮੌਜੂਦ ਲੋਕ ਉਨ੍ਹਾਂ ਦਾ ਇਲਾਜ ਕਰਨਗੇ।” ਇਕ ਬਜ਼ੁਰਗ ਆਦਮੀ ਨੇ ਕਿਹਾ ਕਿ ਉਹ ਇਕ ਕਵੀ ਹੈ ਅਤੇ ਜੇਕਰ ਉਸ ਨੂੰ ਜਾਣ ਦਿੱਤਾ ਜਾਵੇ ਤਾਂ ਉਹ ਦੁਬਾਰਾ ਕਦੇ ਵੀ ਨਸ਼ਾ ਨਹੀਂ ਕਰੇਗਾ। ਲੜਾਕਿਆਂ ਨੇ ਘੱਟੋ-ਘੱਟ 150 ਲੋਕਾਂ ਨੂੰ ਹਿਰਾਸਤ ’ਚ ਲਿਆ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਪੁਲਸ ਸਟੇਸ਼ਨ ਲੈ ਗਏ, ਜਿਥੇ ਉਨ੍ਹਾਂ ਦੇ ਨਸ਼ੇ ਵਾਲੇ ਪਦਾਰਥ, ਬਟੂਏ, ਚਾਕੂ ਆਦਿ ਸਭ ਸਾੜ ਦਿੱਤੇ ਗਏ। ਉਨ੍ਹਾਂ ਨੂੰ ਨਸ਼ੇ ਵਾਲੇ ਪਦਾਰਥਾਂ ਦੇ ਇਲਾਜ ਲਈ ਅਬੀਸੀਨਾ ਮੈਡੀਕਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਵਾਹਿਦੁੱਲਾਹ ਕੋਸ਼ਨ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਜ 45 ਦਿਨਾਂ ਤੱਕ ਚੱਲੇਗਾ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਹੈਰੋਇਨ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਘਾਟ ਹੈ। ਪੁਲਸ ਦੀ ਗਸ਼ਤੀ ਟੁਕੜੀ ਦੇ ਅਧਿਕਾਰੀ ਕਾਰੀ ਗਫੂਰ ਨੇ ਕਿਹਾ, “ਇਹ ਸਿਰਫ ਇਕ ਸ਼ੁਰੂਆਤ ਹੈ ਅਤੇ ਬਾਅਦ ’ਚ ਅਸੀਂ ਕਿਸਾਨਾਂ ਕੋਲ ਜਾਵਾਂਗੇ ਅਤੇ ਉਨ੍ਹਾਂ ਨੂੰ ਸ਼ਰੀਆ ਦੇ ਅਨੁਸਾਰ ਸਜ਼ਾ ਦੇਵਾਂਗੇ।”