ਸੀਰੀਆਈ ਫੌਜ ਨੇ ਨਵਾ ਸ਼ਹਿਰ ''ਤੇ ਕੀਤੇ ਹਮਲੇ

07/18/2018 1:00:45 PM

ਅੰਮਾਨ,(ਭਾਸ਼ਾ)— ਸੀਰੀਆਈ ਫੌਜ ਨੇ ਮੰਗਲਵਾਰ ਦੇਰ ਰਾਤ ਨੂੰ ਦੱਖਣੀ ਡੇਰਾ ਸੂਬੇ ਦੇ ਨਵਾ ਸ਼ਹਿਰ 'ਤੇ ਤੇਜ਼ ਹਵਾਈ ਹਮਲੇ ਕੀਤੇ। ਰੂਸ ਸਮਰਥਨ ਪ੍ਰਾਪਤ ਫੌਜ ਵਲੋਂ ਕੀਤੇ ਗਏ ਇਨ੍ਹਾਂ ਹਵਾਈ ਹਮਲਿਆਂ 'ਚ ਦਰਜਨਾਂ ਨਾਗਰਿਕਾਂ ਦੇ ਜ਼ਖਮੀ ਹੋਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਇਕ ਸਥਾਨਕ ਨਾਗਰਿਕ ਨੇ ਦੱਸਿਆ ਕਿ ਸ਼ਹਿਰ 'ਤੇ ਦਰਜਨਾਂ ਮਿਜ਼ਾਇਲਾਂ ਵੀ ਦਾਗੀਆਂ ਗਈਆਂ। ਅਬੂ ਹਾਸ਼ੀਮ ਨਾਮਕ ਇਕ ਹੋਰ ਨਾਗਰਿਕ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਕਾਰਨ ਪੂਰਾ ਸ਼ਹਿਰ ਬਰਬਾਦ ਹੋ ਗਿਆ ਹੈ। ਹਮਲਿਆਂ 'ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਲੈ ਜਾਣ ਦੀ ਸੁਵਿਧਾ ਵੀ ਉਪਲਬਧ ਨਹੀਂ ਹੈ। ਨਵਾ ਸ਼ਹਿਰ 'ਚ ਹੁਣ ਵੀ ਘੱਟ ਤੋਂ ਘੱਟ ਇਕ ਲੱਖ ਲੋਕ ਰਹਿੰਦੇ ਹਨ ਅਤੇ ਇਹ ਸ਼ਹਿਰ ਡੇਰਾ ਸੂਬੇ ਦਾ ਸਭ ਤੋਂ ਵੱਡਾ ਕੇਂਦਰ ਹੈ ਜੋ ਕਿ ਬਾਗੀਆਂ ਦੇ ਕਬਜੇ 'ਚ ਹੈ। ਬ੍ਰਿਟੇਨ ਆਧਾਰਿਤ ਸੀਰੀਆਈ ਮਨੁੱਖੀ ਅਧਿਕਾਰ ਸਮੂਹ ਨੇ ਕਿਹਾ ਕਿ ਹਮਲਿਆਂ ਕਾਰਨ ਸ਼ਹਿਰ ਦੇ ਹਸਪਤਾਲ 'ਚ ਕੰਮਕਾਜ ਠੱਪ ਹੋ ਰਿਹਾ ਹੈ। ਸਮੂਹ ਮੁਤਾਬਕ ਇਨ੍ਹਾਂ ਹਮਲਿਆਂ 'ਚ ਕਈ ਲੋਕਾਂ ਦੇ ਮਾਰੇ ਜਾਣ ਅਤੇ ਕਈ ਹੋਰਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਜ਼ਿਕਰਯੋਗ ਹੈ ਕਿ ਜਾਰਡਨ ਅਤੇ ਇਜ਼ਰਾਇਲ ਦੀ ਸਰਹੱਦ ਨਾਲ ਲੱਗਦੇ ਇਸ ਸ਼ਹਿਰ ਨੂੰ ਬਾਗੀਆਂ ਦੇ ਕਬਜੇ ਤੋਂ ਮੁਕਤ ਕਰਵਾਉਣ ਲਈ ਪਿਛਲੇ ਮਹੀਨੇ ਰੂਸੀ ਸਮਰਥਨ ਪ੍ਰਾਪਤ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ।


Related News