ਸਵੀਮਿੰਗ ਪੂਲ ''ਚ ਤੈਰਾਕੀ ਦੇ ਹੋ ਸ਼ੌਕੀਨ ਤਾਂ ਪੜ੍ਹੋ ਇਹ ਖਬਰ!

06/24/2017 2:39:46 PM

ਤੁਰਕੀ—ਗਰਮੀ ਤੋਂ ਬਚਣ ਲਈ ਤੇ ਸਮਾਂ ਬਤੀਤ ਕਰਨ ਲਈ ਬਹੁਤ ਸਾਰੇ ਲੋਕ ਸਵੀਮਿੰਗ ਦਾ ਸਹਾਰਾ ਲੈਂਦੇ ਹਨ। ਤੈਰਾਕੀ ਨੂੰ ਇਕ ਚੰਗਈ ਕਸਰਤ ਵੀ ਮੰਨਿਆ ਜਾਂਦਾ ਹੈ। ਤੁਰਕੀ 'ਚ ਇਕ ਵਾਟਰ ਪਾਰਕ 'ਚ ਤੈਰਾਕੀ ਕਰਨ ਗਏ ਪਰਿਵਾਰ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹ ਉਨ੍ਹਾਂ ਲਈ ਇੰਨਾ ਬੁਰਾ ਸਮਾਂ ਹੋਵੇਗਾ। ਇੱਥੋਂ ਦੇ ਇਕ ਵਾਟਰ ਪਾਰਕ 'ਚ ਬਿਜਲੀ ਦਾ ਕਰੰਟ ਲੱਗਣ ਕਾਰਨ 3 ਬੱਚਿਆਂ ਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ ਇਹ ਹਾਦਸਾ ਇਸਤਾਂਬੁਲ ਤੋਂ ਲਗਭਗ 100 ਕਿਲੋਮੀਟਰ ਪੂਰਬ 'ਚ ਪੈਣ ਵਾਲੇ ਸਕਾਰਿਆ ਸੂਬੇ ਦੇ ਅਕਿਆਜ਼ੀ ਸ਼ਹਿਰ 'ਚ ਹੋਇਆ।  
ਉੱਥੇ 3 ਬੱਚੇ ਸਵੀਮਿੰਗ ਪੂਲ 'ਚ ਨਹਾ ਰਹੇ ਸਨ, ਜਿਸ ਦੇ ਕਿਨਾਰੇ 'ਤੇ ਧਾਤੂ ਲੱਗਾ ਸੀ। ਬੱਚਿਆਂ ਨੂੰ ਮੁਸ਼ਕਲ 'ਚ ਦੇਖ ਵਾਟਰ ਪਾਰਕ ਦੇ 58 ਸਾਲਾ ਮਾਲਕ ਤੇ ਉਸਦੇ 30 ਸਾਲਾ ਪੁੱਤ ਨੇ ਵੀ ਉਨ੍ਹਾਂ ਨੂੰ ਬਚਾਉਣ ਲਈ ਪਾਣੀ 'ਚ ਛਾਲ ਮਾਰ ਦਿੱਤੀ। ਗੰਭੀਰ ਰੂਪ 'ਚ ਜ਼ਖਮੀ 5 ਵਿਅਕਤੀਆਂ ਨੂੰ ਹਸਪਤਾਲ 'ਚ ਲੈ ਜਾਇਆ ਗਿਆ ਪਰ ਉਨ੍ਹਾਂ ਦੀ ਜਾਨ ਨਾ ਬਚ ਸਕੀ। ਇਨ੍ਹਾਂ ਤੋਂ ਇਲਾਵਾ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਤੇ ਦੋ ਹੋਰ ਲੋਕਾਂ ਨੂੰ ਸਵੀਮਿੰਗ ਪੂਲ ਦੇ ਬਾਹਰਲੇ ਹਿੱਸੇ ਤੋਂ ਕਰੰਟ ਦੇ ਝਟਕੇ ਲੱਗੇ। ਅਜੇ ਤਕ ਇਹ ਨਹੀਂ ਪਤਾ ਲੱਗਾ ਕਿ ਸਵੀਮਿੰਗ ਪੂਲ 'ਚ ਕਰੰਟ ਕਿਵੇਂ ਆਇਆ।


Related News