ਚੀਨ ''ਚ ਸਵੀਡਨ ਦੇ ਨਾਗਰਿਕ ਨੂੰ ਮਿਲੀ 10 ਸਾਲ ਦੀ ਜੇਲ

02/25/2020 3:04:32 PM

ਬੀਜਿੰਗ— ਚੀਨ ਦੇ ਝੇਜਿਆਂਗ ਸੂਬੇ ਦੇ ਨਿੰਗਬੋ ਸ਼ਹਿਰ ਦੀ ਇਕ ਅਦਾਲਤ ਨੇ ਚੀਨੀ ਮੂਲ ਦੇ ਸਵੀਡਨ ਦੇ ਨਾਗਰਿਕ ਗੁਈ ਮਿਨਹਾਈ ਨੂੰ ਦੇਸ਼ ਦੀ ਖੁਫੀਆ ਜਾਣਕਾਰੀ ਲੀਕ ਕਰਨ ਦੇ ਮਾਮਲੇ 'ਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਗੁਈ ਮਿਨਹਾਈ ਹਾਂਗਕਾਂਗ 'ਚ ਇਕ ਕਿਤਾਬਾਂ ਵਾਲੀ ਦੁਕਾਨ ਦਾ ਸਹਿ-ਮਾਲਕ ਸੀ। ਚੀਨ ਨੇ ਉਸ 'ਤੇ ਦੇਸ਼ ਦੀ ਖੁਫੀਆ ਜਾਣਕਾਰੀ ਲੀਕ ਕਰਨ ਦਾ ਦੋਸ਼ ਲਗਾਇਆ ਹੈ।

ਅਦਾਲਤ ਨੇ ਬਿਆਨ ਦਿੱਤਾ ਹੈ ਕਿ ਚੀਨ ਦੇ ਨਿੰਗਬੋ ਸ਼ਹਿਰ ਦੇ ਇੰਟਰਮੀਡੀਏਟ ਪੀਪਲਜ਼ ਕੋਰਟ ਨੇ 24 ਫਰਵਰੀ ਨੂੰ ਆਪਣਾ ਫੈਸਲਾ ਜਨਤਕ ਕੀਤਾ ਜਿਸ ਦੇ ਤਹਿਤ ਗੁਈ ਮਿਨਹਾਈ ਨੂੰ ਦੇਸ਼ ਦੀ ਖੁਫੀਆ ਜਾਣਕਾਰੀ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਦੀ ਦੋਸ਼ੀ ਘੋਸ਼ਿਤ ਕੀਤਾ ਗਿਆ ਹੈ। ਗੁਈ ਮਿਨਹਾਈ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ 5 ਸਾਲਾਂ ਲਈ ਉਸ ਨੂੰ ਸਾਰੇ ਰਾਜਨੀਤਕ ਅਧਿਕਾਰਾਂ ਤੋਂ ਵੱਖ ਕਰ ਦਿੱਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਗੁਈ ਮਿਨਹਾਈ ਨੇ ਆਪਣਾ ਦੋਸ਼ ਕਬੂਲ ਕਰ ਲਿਆ ਹੈ ਤੇ ਫੈਸਲੇ ਦੇ ਖਿਲਾਫ ਅਪੀਲ ਕਰਨ ਦਾ ਉਸ ਦਾ ਇਰਾਦਾ ਨਹੀਂ ਹੈ।


Related News